ਸ਼ਹੀਦ ਸੈਨਿਕ ਦੀ ਪਤਨੀ ਨਾਲ ਨਕਲੀ ਕਰਨਲ ਨੇ ਕੀਤਾ ਜਿਨਸੀ ਸ਼ੋਸ਼ਣ: ਬਲੈਕਮੇਲ ਕਰਕੇ ਪੌਣੇ 2 ਕਰੋੜ ਰੁਪਏ ਵੀ ਠੱਗੇ, ਪੀੜਤਾ ਨੇ ਮਹਿਲਾ ਥਾਣੇ 'ਚ ਦਿੱਤੀ ਸ਼ਿਕਾਇਤ
ਖੁਦ ਨੂੰ ਫੌਜ ਦਾ ਕਰਨਲ ਦੱਸ ਕੇ ਜਿੱਤਿਆ ਸੀ ਭਰੋਸਾ; ਨਸ਼ੀਲਾ ਪਦਾਰਥ ਪਿਲਾ ਕੇ ਬਣਾਏ ਅਸ਼ਲੀਲ ਵੀਡੀਓ ਤੇ ਫੋਟੋਆਂ
ਆਰੋਪੀ ਰਾਹੁਲ ਆਰੀਆ ਖਿਲਾਫ ਪਹਿਲਾਂ ਵੀ ਦਿੱਲੀ 'ਚ ਦਰਜ ਹੈ ਰੇਪ ਕੇਸ; ਮਿਲਟਰੀ ਪੁਲਿਸ ਦੀ ਸਲਾਹ 'ਤੇ ਪੰਚਕੂਲਾ ਪੁਲਿਸ ਕੋਲ ਮਾਮਲਾ ਪਹੁੰਚਿਆ
Babushahi Network
ਚੰਡੀਗੜ੍ਹ/ਪੰਚਕੂਲਾ, 26 ਜੂਨ 2026- ਇੱਕ ਸ਼ਹੀਦ ਸੈਨਿਕ ਦੀ ਪਤਨੀ ਨੇ ਖੁਦ ਨੂੰ ਭਾਰਤੀ ਫੌਜ ਦਾ ਉੱਚ ਅਧਿਕਾਰੀ (ਕਰਨਲ) ਦੱਸਣ ਵਾਲੇ ਇੱਕ ਵਿਅਕਤੀ ਅਤੇ ਉਸਦੇ ਪਰਿਵਾਰ ਖਿਲਾਫ ਜਿਨਸੀ ਸ਼ੋਸ਼ਣ ਅਤੇ ਕਰੋੜਾਂ ਰੁਪਏ ਦੀ ਠੱਗੀ ਦੇ ਬੇਹੱਦ ਗੰਭੀਰ ਆਰੋਪ ਲਗਾਏ ਹਨ। ਪੀੜਤਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਹੀਦ ਸੈਨਿਕ ਦੀ ਪਤਨੀ ਨੇ ਅੱਜ ਇੱਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਸਾਲ 2022 ਵਿੱਚ ਰਾਜਸਥਾਨ ਦੇ ਸੂਰਤਗੜ੍ਹ ਵਿੱਚ ਡਿਊਟੀ ਦੌਰਾਨ ਇੱਕ ਰਿਹਰਸਲ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਪੰਚਕੂਲਾ ਦੇ ਰਹਿਣ ਵਾਲੇ ਰਾਹੁਲ ਆਰੀਆ ਨਾਮਕ ਵਿਅਕਤੀ ਨੇ ਖੁਦ ਨੂੰ ਉਨ੍ਹਾਂ ਦੇ ਸ਼ਹੀਦ ਪਤੀ ਦਾ ਨਜ਼ਦੀਕੀ ਦੱਸ ਕੇ ਜਾਣ-ਪਛਾਣ ਬਣਾਈ। ਉਸਨੇ ਖੁਦ ਨੂੰ ਭਾਰਤੀ ਫੌਜ ਵਿੱਚ ਕਰਨਲ ਦੇ ਅਹੁਦੇ 'ਤੇ ਤਾਇਨਾਤ ਦੱਸਿਆ ਅਤੇ ਸ਼ਹੀਦ ਪਤੀ ਦਾ ਰੁਕਿਆ ਹੋਇਆ ਡੈੱਥ ਕਲੇਮ (Death Claim) ਦਿਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਿਆ।
ਪੀੜਤਾ ਮੁਤਾਬਕ, ਦਸੰਬਰ ਵਿੱਚ ਰਾਹੁਲ ਆਰੀਆ ਨੇ ਕੰਮ ਦੇ ਸਿਲਸਿਲੇ ਵਿੱਚ ਬੁਲਾਇਆ। ਉਸ ਸਮੇਂ ਮੋਹਾਲੀ ਦੇ ਸੈਨਿਕ ਰੈਸਟ ਹਾਊਸ ਵਿੱਚ ਉਹ (ਰਾਹੁਲ) ਬਕਾਇਦਾ ਫੌਜੀ ਵਰਦੀ ਪਾ ਕੇ ਮਿਲਣ ਆਇਆ। ਇਸ ਤੋਂ ਬਾਅਦ 8 ਫਰਵਰੀ 2023 ਨੂੰ ਉਸਨੇ ਪ੍ਰਗਤੀ ਨੂੰ ਦੁਬਾਰਾ ਬੁਲਾਇਆ ਅਤੇ ਇਸ ਵਾਰ ਸੈਨਿਕ ਰੈਸਟ ਹਾਊਸ ਦੀ ਬਜਾਏ ਪੰਚਕੂਲਾ ਦੇ 'ਹੌਲੀਡੇ ਇਨ' ਹੋਟਲ ਵਿੱਚ ਬੁਲਾਇਆ, ਜਿੱਥੇ ਰਾਹੁਲ ਆਰੀਆ ਆਪਣੇ ਪਿਤਾ ਨਾਲ ਮੌਜੂਦ ਸੀ। ਉੱਥੇ ਉਸਨੇ ਪੀੜਤਾ ਨੂੰ ਖਾਣੇ ਵਿੱਚ ਕੋਈ ਨਸ਼ੀਲਾ ਪਦਾਰਥ ਖਿਲਾ ਦਿੱਤਾ। ਹੋਸ਼ ਆਉਣ 'ਤੇ ਪੀੜਤਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਕਮਰੇ ਵਿੱਚ ਰਾਹੁਲ ਆਰੀਆ ਦਾ ਪਰਸ ਪਿਆ ਸੀ, ਜਿਸ ਵਿੱਚ ਮੌਜੂਦ ਉਸਦੇ ਦਸਤਾਵੇਜ਼ਾਂ ਅਤੇ ਕਾਰਡਾਂ ਦੀ ਉਸ ਨੇ ਮੋਬਾਈਲ ਨਾਲ ਫੋਟੋ ਖਿੱਚ ਲਈ। ਬਾਅਦ ਵਿੱਚ ਰਾਹੁਲ ਆਰੀਆ ਨੇ ਉਨ੍ਹਾਂ ਦੀਆਂ ਇਤਰਾਜ਼ਯੋਗ ਫੋਟੋਆਂ ਵਾਇਰਲ ਕਰਨ ਦੀ ਧਮਕੀ ਦੇ ਕੇ 30 ਲੱਖ ਰੁਪਏ ਮੰਗੇ। ਇਸ ਤਰ੍ਹਾਂ ਬਲੈਕਮੇਲ ਕਰਕੇ ਉਸਨੇ ਪਿਛਲੇ ਡੇਢ ਸਾਲ ਵਿੱਚ ਪੀੜਤਾ ਕੋਲੋਂ ਕਰੀਬ ਪੌਣੇ 2 ਕਰੋੜ ਰੁਪਏ ਐਂਠ ਲਏ।
ਮਿਲਟਰੀ ਪੁਲਿਸ ਦੀ ਸਲਾਹ 'ਤੇ ਮਹਿਲਾ ਥਾਣੇ ਪਹੁੰਚਿਆ ਮਾਮਲਾ
ਇਸ ਪ੍ਰੇਸ਼ਾਨੀ ਤੋਂ ਤੰਗ ਆ ਕੇ ਪੀੜਤਾ ਨੇ ਜਦੋਂ ਮਿਲਟਰੀ ਪੁਲਿਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਪਹਿਲਾਂ ਸਥਾਨਕ ਪੁਲਿਸ ਕੋਲ ਐੱਫ.ਆਈ.ਆਰ. ਦਰਜ ਕਰਵਾਉਣ ਦੀ ਸਲਾਹ ਦਿੱਤੀ। ਇਸ 'ਤੇ ਪੀੜਤਾ ਨੇ ਬੀਤੀ 18 ਜੂਨ ਨੂੰ ਪੰਚਕੂਲਾ ਦੇ ਸੈਕਟਰ 5 ਸਥਿਤ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਦੋਂ ਜਾਂਚ ਦੌਰਾਨ ਕਾਰ ਚਾਲਕ ਨੂੰ ਤਲਬ ਕੀਤਾ, ਤਾਂ ਉਸਨੇ ਦੱਸਿਆ ਕਿ ਰਾਹੁਲ ਆਰੀਆ ਸ਼ਾਇਦ ਦੁਬਈ ਭੱਜ ਗਿਆ ਹੈ ਅਤੇ ਉਸਨੇ ਕਾਰ ਚਾਲਕ ਦੇ ਵੀ ਕਰੀਬ ਡੇਢ ਲੱਖ ਰੁਪਏ ਠੱਗੇ ਹਨ।
ਪੀੜਤਾ ਨੇ ਜਦੋਂ ਆਪਣੇ ਪੱਧਰ 'ਤੇ ਜਾਣਕਾਰੀ ਜੁਟਾਈ ਤਾਂ ਪਤਾ ਲੱਗਿਆ ਕਿ ਆਰੋਪੀ ਨੇ ਭਾਰਤੀ ਫੌਜ ਦਾ ਫਰਜ਼ੀ ਪਛਾਣ ਪੱਤਰ (ID Card) ਬਣਾਇਆ ਹੋਇਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਸਾਲ ਪਹਿਲਾਂ ਦਿੱਲੀ ਦੇ ਮੁਖਰਜੀ ਨਗਰ ਥਾਣੇ ਵਿੱਚ ਵੀ ਉਸਦੇ ਖਿਲਾਫ ਜਬਰ-ਜਨਾਹ ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਤਿੰਨ ਸਾਲ ਜੇਲ੍ਹ ਵਿੱਚ ਬੰਦ ਰਿਹਾ ਸੀ। ਉਸਦਾ ਪਿਤਾ ਵੀ ਨੌਕਰੀਆਂ ਲਗਵਾਉਣ ਦੇ ਨਾਮ 'ਤੇ ਠੱਗੀਆਂ ਮਾਰਦਾ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਆਰੋਪੀਆਂ ਖਿਲਾਫ ਜਬਰ-ਜਨਾਹ, ਧੋਖਾਧੜੀ, ਫਰਜ਼ੀ ਪਛਾਣ ਪੱਤਰ ਵਰਤਣ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
- Download Babushahi App
-
-