ਨੀਟ (UG)-2026 ਪ੍ਰੀਖਿਆ ਲਈ ਅੰਮ੍ਰਿਤਸਰ 'ਚ ਸਖ਼ਤ ਸੁਰੱਖਿਆ ਪ੍ਰਬੰਧ ਨਵੀਂ ਉਮੀਦ ਨਾਲ ਪਹੁੰਚੇ ਵਿਦਿਆਰਥੀ
ਮਾਪਿਆਂ ਨੇ ਸਰਕਾਰ ਤੋਂ ਪੇਪਰ ਲੀਕ ਰੋਕਣ ਲਈ ਸਖ਼ਤ ਕਦਮਾਂ ਦੀ ਕੀਤੀ ਮੰਗ, ਆਨਲਾਈਨ ਪ੍ਰੀਖਿਆ ਦਾ ਦਿੱਤਾ ਸੁਝਾਅ
ਕੁਲਵਿੰਦਰ ਸਿੰਘ
ਅੰਮ੍ਰਿਤਸਰ 21 ਜੂਨ 2026
ਦੇਸ਼ ਭਰ ਦੀ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਨੀਟ (UG)-2026 ਦੀ ਪ੍ਰੀਖਿਆ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਈ ਗਈ। ਸ਼ਹਿਰ ਦੇ ਸਕੂਲ ਆਫ ਐਮੀਨੈਂਸ (ਲੜਕੀਆਂ), ਮਾਲ ਰੋਡ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰ 'ਤੇ ਸਵੇਰ ਤੋਂ ਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਪ੍ਰੀਖਿਆ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਇਆ। ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹਰ ਵਿਦਿਆਰਥੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਹੀ ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਵਿੱਚ ਜਾਣ ਦੀ ਆਗਿਆ ਦਿੱਤੀ ਗਈ। ਪ੍ਰਸ਼ਾਸਨ ਵੱਲੋਂ ਕੈਲਕੂਲੇਟਰ, ਮੋਬਾਈਲ ਫੋਨ, ਬਲੂਟੁੱਥ ਡਿਵਾਈਸ, ਪੈਨ ਡਰਾਈਵ, ਏਅਰਫੋਨ, ਕੈਮਰਾ, ਕਿਤਾਬਾਂ, ਨੋਟਬੁੱਕਾਂ, ਘੜੀਆਂ ਅਤੇ ਹੋਰ ਇਲੈਕਟ੍ਰਾਨਿਕ ਉਪਕਰਣਾਂ ਸਮੇਤ ਕਿਸੇ ਵੀ ਮਨਾਹੀਸ਼ੁਦਾ ਸਮਾਨ ਨੂੰ ਅੰਦਰ ਲਿਜਾਣ 'ਤੇ ਪੂਰੀ ਪਾਬੰਦੀ ਲਗਾਈ ਗਈ ਸੀ। ਇਸ ਤੋਂ ਇਲਾਵਾ ਧਾਤੂ ਵਸਤੂਆਂ ਜਿਵੇਂ ਮੁੰਦਰੀ, ਕੜਾ ਆਦਿ ਵੀ ਪ੍ਰੀਖਿਆ ਕੇਂਦਰ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਸੀ। ਪ੍ਰੀਖਿਆ ਕੇਂਦਰ ਦੇ ਬਾਹਰ ਵਿਦਿਆਰਥੀ ਆਖ਼ਰੀ ਸਮੇਂ ਦੀ ਤਿਆਰੀ ਅਤੇ ਦੁਹਰਾਈ ਕਰਦੇ ਨਜ਼ਰ ਆਏ, ਜਦਕਿ ਮਾਪੇ ਆਪਣੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਬਾਹਰ ਉਡੀਕ ਕਰਦੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ BNSS ਦੀ ਧਾਰਾ 163 ਤਹਿਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ, ਤਾਂ ਜੋ ਪ੍ਰੀਖਿਆ ਦਾ ਮਾਹੌਲ ਸ਼ਾਂਤ ਅਤੇ ਸੁਚਾਰੂ ਬਣਿਆ ਰਹੇ। ਪੁਲਿਸ ਕਰਮਚਾਰੀ ਪੂਰੇ ਇਲਾਕੇ ਵਿੱਚ ਲਗਾਤਾਰ ਨਿਗਰਾਨੀ ਕਰਦੇ ਰਹੇ। ਤਰਨਤਾਰਨ ਤੋਂ ਪੇਪਰ ਦੇਣ ਆਏ ਵਿਦਿਆਰਥੀ ਕਰਨਜੀਤ ਸਿੰਘ ਨੇ ਕਿਹਾ ਕਿ ਪਿਛਲੀ ਵਾਰ ਪ੍ਰੀਖਿਆ ਰੱਦ ਹੋਣ ਕਾਰਨ ਕੁਝ ਨਿਰਾਸ਼ਾ ਜ਼ਰੂਰ ਹੋਈ ਸੀ, ਪਰ ਇਸ ਵਾਰ ਉਹ ਪੂਰੀ ਤਿਆਰੀ ਨਾਲ ਆਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੇਪਰ ਚੰਗਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਨੋਬਲ ਸਥਿਰ ਹੈ ਅਤੇ ਉਹ ਵਧੀਆ ਨਤੀਜੇ ਦੀ ਉਮੀਦ ਕਰ ਰਹੇ ਹਨ। ਇਸ ਦੌਰਾਨ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਤੋਂ ਆਏ ਮਾਪੇ ਜੋਗਿੰਦਰ ਗਿੱਲ ਨੇ ਕਿਹਾ ਕਿ ਪੇਪਰ ਲੀਕ ਦੀਆਂ ਘਟਨਾਵਾਂ ਕਾਰਨ ਬੱਚਿਆਂ ਦਾ ਮਨੋਬਲ ਪ੍ਰਭਾਵਿਤ ਹੋਇਆ ਸੀ ਅਤੇ ਉਨ੍ਹਾਂ ਨੂੰ ਦੁਬਾਰਾ ਤਿਆਰੀ ਲਈ ਪ੍ਰੇਰਿਤ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਵਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਪੇਪਰ ਲੀਕ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਜੋਗਿੰਦਰ ਗਿੱਲ ਨੇ ਸੁਰੱਖਿਆ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰ ਦੇ ਬਾਹਰ ਅਤੇ ਅੰਦਰ ਦੋਹਾਂ ਥਾਵਾਂ 'ਤੇ ਚੈਕਿੰਗ ਦੇ ਸਖ਼ਤ ਪ੍ਰਬੰਧ ਸਨ ਅਤੇ ਪੁਲਿਸ ਵੱਲੋਂ ਮਾਪਿਆਂ ਅਤੇ ਵਿਦਿਆਰਥੀਆਂ ਦੀ ਸੁਚੱਜੇ ਢੰਗ ਨਾਲ ਸਹਾਇਤਾ ਕੀਤੀ ਜਾ ਰਹੀ ਸੀ। ਉਨ੍ਹਾਂ ਆਸ ਜਤਾਈ ਕਿ ਇਸ ਵਾਰ ਪ੍ਰੀਖਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਫਲ ਮਿਲੇਗਾ।
- Download Babushahi App
-
-