ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਡੋਨੀ ਬੱਲ-ਅਰਸ਼ ਬੱਗਾ ਗੈਂਗ ਦੇ ਦੋ ਖ਼ਤਰਨਾਕ ਮੈਂਬਰ ਕਾਬੂ, 2 ਪਿਸਟਲ ਤੇ 9 ਜ਼ਿੰਦਾ ਰੌਂਦ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 20 ਜੂਨ 2026- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਾਜਾਇਜ਼ ਅਸਲਾ ਰੱਖਣ ਵਾਲੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਡੋਨੀ ਬੱਲ–ਅਰਸ਼ ਬੱਗਾ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਨਾਜਾਇਜ਼ .30 ਬੋਰ ਪਿਸਟਲ, 9 ਜ਼ਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਹ ਕਾਰਵਾਈ ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐਸ.,, ਦੇਵ ਸਿੰਘ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ-3) ਅਤੇ ਸਰਬਜੀਤ ਸਿੰਘ ਚੀਮਾ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ (ਸਿਵਲ ਲਾਈਨ) ਦੀ ਨਿਗਰਾਨੀ ਹੇਠ ਅੰਜਾਮ ਦਿੱਤੀ ਗਈ। ਸਬ ਇੰਸਪੈਕਟਰ ਹਮਰਾਜ ਸਿੰਘ ਚੀਮਾ, ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-5 ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਸੁਚੱਜੀ ਯੋਜਨਾ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਆਪਰੇਸ਼ਨ ਨੂੰ ਸਫਲ ਬਣਾਇਆ।
ਪੁਲਿਸ ਨੂੰ ਮਿਲੀ ਗੁਪਤ ਜਾਣਕਾਰੀ ਅਨੁਸਾਰ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਡੋਨੀ ਬੱਲ ਅਤੇ ਅਰਸ਼ ਬੱਗਾ ਆਪਣੇ ਸਾਥੀਆਂ ਰਾਹੀਂ ਪੰਜਾਬ ਅਤੇ ਹੋਰ ਰਾਜਾਂ ਵਿੱਚ ਫਿਰੌਤੀ, ਲੁੱਟ-ਖੋਹ ਅਤੇ ਹੋਰ ਸੰਗੀਨ ਅਪਰਾਧਾਂ ਨੂੰ ਅੰਜਾਮ ਦਿਵਾ ਰਹੇ ਸਨ। ਜਾਣਕਾਰੀ ਮਿਲੀ ਸੀ ਕਿ ਗੈਂਗ ਦੇ ਮੈਂਬਰ ਸੁਖਵਿੰਦਰ ਸਿੰਘ ਉਰਫ਼ ਨੀਲਾ ਅਤੇ ਰਾਜਵੀਰ ਸਿੰਘ ਉਰਫ਼ ਰਾਜੀ ਕਿਸੇ ਵੱਡੇ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਇਸ ਇਨਪੁੱਟ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰਬਰ-5 ਵਿੱਚ ਮੁਕੱਦਮਾ ਨੰਬਰ 164 ਮਿਤੀ 16-06-2026 ਤਹਿਤ ਬੀ.ਐਨ.ਐਸ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
ਪੁਲਿਸ ਨੇ 16 ਜੂਨ ਨੂੰ ਸੁਖਵਿੰਦਰ ਸਿੰਘ ਉਰਫ਼ ਨੀਲਾ ਨੂੰ ਕਲੋਨੀ ਨੰਬਰ-6, ਬੱਸ ਸਟੈਂਡ ਦੇ ਪਿਛਲੇ ਪਾਸੇ ਤੋਂ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦੇਸੀ ਪਿਸਟਲ ਅਤੇ 3 ਜ਼ਿੰਦਾ ਰੌਂਦ ਬਰਾਮਦ ਹੋਏ।
ਇਸ ਤੋਂ ਬਾਅਦ ਦੋਸ਼ੀ ਤੋਂ ਕੀਤੀ ਗਈ ਪੁੱਛਗਿੱਛ ਅਤੇ ਮੁਖਬਰੀ ਦੇ ਆਧਾਰ ’ਤੇ 19 ਜੂਨ ਨੂੰ ਰਾਜਵੀਰ ਸਿੰਘ ਉਰਫ਼ ਰਾਜੀ ਨੂੰ ਇਯਾਲੀ ਚੌਂਕ ਤੋਂ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ ਇੱਕ ਹੋਰ .30 ਬੋਰ ਪਿਸਟਲ, 6 ਜ਼ਿੰਦਾ ਰੌਂਦ ਅਤੇ ਪਲਟੀਨਾ ਮੋਟਰਸਾਈਕਲ ਨੰਬਰ PB-10-EE-1972 ਬਰਾਮਦ ਕੀਤਾ ਗਿਆ।
ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਗੈਂਗ ਨਾਲ ਜੁੜ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਦੋਵਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ।
ਲੁਧਿਆਣਾ ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗੈਂਗ ਦੇ ਹੋਰ ਮੈਂਬਰਾਂ, ਹਥਿਆਰਾਂ ਦੇ ਸਰੋਤ ਅਤੇ ਸੰਭਾਵਿਤ ਅਪਰਾਧਿਕ ਸਾਜ਼ਿਸ਼ਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
- Download Babushahi App
-
-