ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈਆਂ ਚਿੱਠੀਆਂ, ਅਕਾਲੀ ਦਲ ਬਾਦਲ ਦਾ ਬੁਲਾਰਾ ਕਿਵੇਂ ਦਿਖਾ ਰਿਹੈ? - ਸ ਵਡਾਲਾ, ਸ ਛੋਟੇਪੁਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ-: 20 ਜੂਨ 2026 : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ ਨੇ ਇਕ ਸਾਂਝੇ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਅਕਾਲੀ ਦਲ ਬਾਦਲ ਦਾ ਬੁਲਾਰਾ ਅਰਸ਼ਦੀਪ ਸਿੰਘ ਕਲੇਰ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਹ ਚਿੱਠੀਆਂ ਵਿਖਾ ਰਿਹਾ ਹੈ ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਉਹਨਾਂ ਦੇ ਸਕੱਤਰੇਤ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀਆਂ ਗਈਆਂ ਹਨ। ਜਦੋਂ ਇਹ ਚਿੱਠੀਆਂ ਕਿਧਰੇ ਵੀ ਪਬਲਿਕ ਪਲੇਟਫਾਰਮ 'ਤੇ ਉਪਲੱਬਧ ਨਹੀਂ ਹਨ ਤਾਂ ਅਰਸ਼ਦੀਪ ਸਿੰਘ ਕਲੇਰ ਕਿਥੋਂ ਲੈ ਕੇ ਇਹ ਚਿੱਠੀਆਂ ਪ੍ਰੈੱਸ ਵਿੱਚ ਸਬੂਤ ਵਜੋਂ ਪੇਸ਼ ਕਰ ਰਿਹਾ ਹੈ? ਇਹ ਇਕ ਬਹੁਤ ਹੀ ਸੰਗੀਨ ਮਾਮਲਾ ਹੈ, ਜਿਸਤੋਂ ਪਤਾ ਲਗਦਾ ਹੈ ਕਿ ਇਹਨਾਂ ਲੋਕਾਂ ਲਈ ਮਰਿਆਦਾ ਨਾਲੋਂ ਰਾਜਨੀਤੀ ਬਹੁਤ ਵੱਡੀ ਹੋ ਗਈ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਜਦੋਂ ਕੋਈ ਬੰਦਾ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਚ ਤਲਬ ਕੀਤਾ ਜਾਂਦਾ ਹੈ ਤਾਂ ਇਹ ਜਥੇਦਾਰ ਸਾਹਿਬਾਨ ਅਤੇ ਉਸ ਬੰਦੇ ਵਿੱਚ ਬਿਲਕੁਲ ਨਿੱਜੀ ਮਾਮਲਾ ਹੁੰਦਾ ਹੈ। ਜਦੋਂ ਤੱਕ ਉਹ ਮਸਲਾ ਫਸੀਲ 'ਤੇ ਨਹੀਂ ਪਹੁੰਚਦਾ, ਉਸਨੂੰ ਨਿੱਜੀ ਰੱਖਣ ਦੀ ਜਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੀ ਹੁੰਦੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਨਾਲ ਜਥੇਦਾਰ ਸਾਹਿਬਾਨ ਦੀ ਹੋਈ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਘੁੰਮ ਰਹੀ ਹੈ ਅਤੇ ਜਥੇਦਾਰ ਸਾਹਿਬ ਵੱਲੋਂ ਲਿਖੀਆਂ ਚਿਠੀਆਂ ਨੂੰ ਇਕ ਪਾਰਟੀ ਦਾ ਬੁਲਾਰਾ ਪ੍ਰੈੱਸ ਕਾਨਫਰੰਸ ਵਿੱਚ ਪੜ੍ਹ ਕੇ ਸੁਣਾ ਰਿਹਾ ਹੈ। ਦੋਹਾਂ ਆਗੂਆਂ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਅਤੇ ਵੀਡੀਓ ਅਤੇ ਚਿੱਠੀਆਂ ਨੂੰ ਜਨਤਕ ਕਰਨ ਵਾਲਿਆਂ ਤੋਂ ਜਵਾਬ ਤਲਬ ਕਰਨ। ਕਿਉਂਕਿ ਇਸਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਵਾਲੀ ਵੀਡੀਓ ਦੇ ਕੁਝ ਹਿੱਸੇ ਵੀ ਇਸੇ ਤਰਾਂ ਲੀਕ ਕੀਤੇ ਗਏ ਸਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-