ਜਨਗਣਨਾ : ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰਾ ਮੁਹੱਬਤ ਅਤੇ ਭਾਈ ਰੂਪਾ ਵਿਖੇ ਮਕਾਨਾਂ ਦਾ ਸੂਚੀਕਰਨ ਮੁਕੰਮਲ
ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2026: ਭਾਰਤ ਸਰਕਾਰ ਵੱਲੋਂ ਕਾਰਵਾਈ ਜਾ ਰਹੀ ਜਨਗਣਨਾ ਦੇ ਪਹਿਲੇ ਗੇੜ 'ਚ ਮਕਾਨਾਂ ਦੇ ਸੂਚੀ ਕਰਨ ਦੇ ਕੰਮ 'ਚ ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰਾ ਮੁਹੱਬਤ ਅਤੇ ਭਾਈਰੂਪਾ ਨੇ 100 ਫੀਸਦੀ ਘਰਾਂ ਦੀ ਸੂਚੀ ਕਰਨ ਦਾ ਟੀਚਾ ਹਾਸਲ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਨਗਣਨਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਗਿਣਤੀਕਾਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਆਪਣੀ ਮੇਹਨਤ ਸਦਕਾ ਇਹ ਕੰਮ ਪੂਰਾ ਕਰ ਦਿੱਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਖੇਤਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੁਕੰਮਲ ਹੋਏ ਖੇਤਰਾਂ ਵਿੱਚ 498 ਮਕਾਨ ਸੂਚੀ ਕਰਨ ਬਲਾਕ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਕੁੱਲ 1882 ਗਿਣਤੀਕਾਰਾਂ ਨੂੰ 1929 ਬਲਾਕ ਵੰਡੇ ਗਏ ਹਨ ਅਤੇ ਹਰ ਇਕ ਬਲਾਕ ਚ 200 ਦੇ ਆਸ ਪਾਸ ਘਰ ਸ਼ਾਮਲ ਹਨ।
ਉਨ੍ਹਾਂ ਬਾਕੀ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੀ ਆਪਣਾ ਕੰਮ ਸਮੇਂ- ਸਿਰ ਨੇਪਰੇ ਚਾੜ੍ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦਾ ਪਹਿਲਾ ਗੇੜ 13 ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਭਾਰਤ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਗਲਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਜਨਗਣਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਸਬੰਧੀ ਡਾਟਾ ਸਹੀ, ਬਿਨਾਂ ਤਰੁਟੀ ਅਤੇ ਸਟੀਕ ਭਰਨ ਲਈ ਕਿਹਾ । ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਗਣਨਾ ਟੀਮਾਂ ਨਾਲ ਪੂਰਾ ਸਹਿਯੋਗ ਕਰਨ ਅਤੇ ਸਹੀ ਜਾਣਕਾਰੀ ਪ੍ਰਦਾਨ ਕਰਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਮੈਡਮ ਕੰਚਨ, ਉਪ ਅਰਥ ਅਤੇ ਅੰਕੜਾ ਸਲਾਹਕਾਰ ਮੈਡਮ ਚਰਨਜੀਤ ਕੌਰ ਅਤੇ ਹੋਰ ਲੋਕ ਵੀ ਹਾਜ਼ਰ ਸਨ ।
- Download Babushahi App
-
-