ਜੋਬਨਜੀਤ ਮਾਮਲੇ ਵਿੱਚ ਮਜੀਠਾ 'ਚ ਬਿਕਰਮ ਮਜੀਠੀਆ ਦੇ ‘ਗੁਮਸ਼ੁਦਾ’ ਅਤੇ ‘ਭਗੋੜਾ’ ਪੋਸਟਰਾਂ ਨੇ ਛੇੜੀ ਨਵੀਂ ਚਰਚਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 3 ਜੂਨ : ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਉਸ ਵੇਲੇ ਸਿਆਸੀ ਮਾਹੌਲ ਹੋਰ ਗਰਮਾ ਗਿਆ ਜਦੋਂ ਪਿੰਡ ਮਜੀਠਾ ਸਮੇਤ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ‘ਗੁਮਸ਼ੁਦਾ’ ਅਤੇ ‘ਭਗੋੜਾ’ ਲਿਖੇ ਪੋਸਟਰ ਲੱਗੇ ਹੋਏ ਨਜ਼ਰ ਆਏ। ਇਨ੍ਹਾਂ ਪੋਸਟਰਾਂ ਨੇ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਤੇਜ਼ ਕਰ ਦਿੱਤਾ ਹੈ ਅਤੇ ਸਿਆਸੀ ਹਲਕਿਆਂ ਵਿੱਚ ਵੀ ਇਸ ਨੂੰ ਲੈ ਕੇ ਕਾਫ਼ੀ ਗੱਲਬਾਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ 31 ਮਈ ਨੂੰ ਥਾਣਾ ਮਜੀਠਾ ਵਿੱਚ ਹੋਏ ਕਥਿਤ ਹਮਲੇ ਅਤੇ ਪੁਲਿਸ ਦੀ ਹਿਰਾਸਤ ਵਿੱਚੋਂ ਜੋਬਨਜੀਤ ਨਾਂ ਦੇ ਵਿਅਕਤੀ ਨੂੰ ਛੁਡਾਉਣ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਬਿਕਰਮ ਸਿੰਘ ਮਜੀਠੀਆ ਜੋਬਨਜੀਤ ਦੇ ਪਰਿਵਾਰ ਸਣੇ ਆਪਣੇ ਸਮਰਥਕਾਂ ਨਾਲ ਥਾਣੇ ਵਿੱਚ ਪਹੁੰਚੇ ਸਨ ਜਿੱਥੇ ਉਹਨਾਂ ਦੇ ਮੁਤਾਬਕ ਜੋਬਨਜੀਤ ਸਿੰਘ ਜੋ ਕਿ ਇੱਕ ਅਕਾਲੀ ਵਰਕਰ ਸੀ ਉਸ ਨੂੰ ਝੂਠੇ ਪਰਚੇ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਉਹਨਾਂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਥਾਣੇ ਜਾ ਕੇ ਮਜੀਠਾ ਥਾਣੇ ਦੇ ਐਸਐਚਓ ਦੇ ਰਿਹਾਇਸ਼ ਵਿੱਚੋਂ ਰਿਹਾ ਕਰਵਾਇਆ ਗਿਆ ਸੀ ਇਸ ਮਾਮਲੇ ਤੋਂ ਬਾਅਦ ਪੁਲਿਸ ਵੱਲੋਂ ਮਜੀਠੀਆ ਉੱਤੇ ਥਾਣੇ ਤੇ ਹਮਲਾ ਕਰਨ ਦੀ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਮਜੀਠੀਆ ਦੀ ਭਾਲ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪੁਲਿਸ ਦੀਆਂ 12 ਟੀਮਾਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਸੰਭਾਵਿਤ ਟਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਜੀਠਾ ਹਲਕੇ ਵਿੱਚ ਜਗ੍ਹਾ-ਜਗ੍ਹਾ ਲੱਗੇ ਪੋਸਟਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਨੂੰ ਇਸ ਤਰ੍ਹਾਂ ਗਾਇਬ ਨਹੀਂ ਹੋਣਾ ਚਾਹੀਦਾ, ਸਗੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਦੋਸ਼ ਲੱਗੇ ਹਨ ਤਾਂ ਉਨ੍ਹਾਂ ਦਾ ਨਿਪਟਾਰਾ ਕਾਨੂੰਨੀ ਢੰਗ ਨਾਲ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਮਜੀਠੀਆ ਦੇ ਫੋਨ ਦੇ ਬੰਦ ਹੋਣ ਅਤੇ ਉਨ੍ਹਾਂ ਦੇ ਜਨਤਕ ਤੌਰ 'ਤੇ ਸਾਹਮਣੇ ਨਾ ਆਉਣ ਕਾਰਨ ਅਟਕਲਾਂ ਦਾ ਬਾਜ਼ਾਰ ਵੀ ਗਰਮ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਜਾਂ ਮਜੀਠੀਆ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ। ਫਿਲਹਾਲ ਪੁਲਿਸ ਦੀ ਭਾਲ ਜਾਰੀ ਹੈ ਅਤੇ ਸਾਰਿਆਂ ਦੀ ਨਜ਼ਰ ਇਸ ਮਾਮਲੇ ਵਿੱਚ ਅਗਲੇ ਘਟਨਾਕ੍ਰਮ 'ਤੇ ਟਿਕੀ ਹੋਈ ਹੈ।
- Download Babushahi App
-
-