ਖੇਡ ਜਗਤ ਨੂੰ ਵੱਡਾ ਝਟਕਾ: 5 ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦਾ ਦਿਹਾਂਤ, ਕੈਪਟਨ ਅਮਰਿੰਦਰ ਦੇ ਸਨ ਚਚੇਰੇ ਭਰਾ
ਓਲੰਪਿਕ ਕੌਂਸਲ ਆਫ਼ ਏਸ਼ੀਆ (OCA) ਦੇ ਪ੍ਰਧਾਨ ਬਣਨ ਵਾਲੇ ਪਹਿਲੇ ਭਾਰਤੀ ਹੋਣ ਦਾ ਮਾਣ ਸੀ ਹਾਸਲ, ਭਲਕੇ ਹਰਿਦੁਆਰ ਵਿਖੇ ਹੋਵੇਗਾ ਸਸਕਾਰ
Babushahi Network
ਨਵੀਂ ਦਿੱਲੀ/ਚੰਡੀਗੜ੍ਹ, 27 ਮਈ 2026 - ਭਾਰਤੀ ਖੇਡ ਜਗਤ ਅਤੇ ਓਲੰਪਿਕ ਅੰਦੋਲਨ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਾਬਕਾ ਸਟਾਰ ਸ਼ੂਟਰ, ਵਿਸ਼ਵ ਪ੍ਰਸਿੱਧ ਖੇਡ ਪ੍ਰਸ਼ਾਸਕ, ਅਰਜੁਨ ਐਵਾਰਡੀ ਅਤੇ ਪੰਜ ਵਾਰ ਦੇ ਓਲੰਪੀਅਨ ਰਾਜਾ ਰਣਧੀਰ ਸਿੰਘ ਦਾ ਬੁੱਧਵਾਰ ਸਵੇਰੇ ਨਵੀਂ ਦਿੱਲੀ ਵਿਖੇ ਦਿਹਾਂਤ ਹੋ ਗਿਆ। ਉਹ 79 ਸਾਲਾਂ ਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਜ਼ਿਕਰਯੋਗ ਹੈ ਕਿ ਰਾਜਾ ਰਣਧੀਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ।
ਪਰਿਵਾਰ ਅਨੁਸਾਰ ਰਾਜਾ ਰਣਧੀਰ ਸਿੰਘ ਨੂੰ ਕੁਝ ਸਮੇਂ ਪਹਿਲਾਂ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਤੋਂ ਉਹ ਉੱਭਰ ਨਹੀਂ ਸਕੇ। ਬੁੱਧਵਾਰ ਸਵੇਰੇ ਕਰੀਬ 10:30 ਵਜੇ ਦਿੱਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੰਜਾਬ ਸ਼ੂਟਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਬੀਰ ਸਿੰਘ ਸੰਧੂ ਨੇ ਉਨ੍ਹਾਂ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਰਣਧੀਰ ਸਿੰਘ ਦਾ ਜਾਣਾ ਸ਼ੂਟਿੰਗ ਅਤੇ ਓਲੰਪਿਕ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ ਹਰਿਦੁਆਰ ਵਿਖੇ ਕੀਤਾ ਜਾਵੇਗਾ।