Political Special ਨਿਗਮ ਚੋਣਾਂ: ਗੱਲਾਂ ਦਾ ਕੜਾਹ ਬਨਾਉਣ ਕਾਰਨ ਕਾਂਗਰਸੀ ਗੱਲੇ ਦੀ ਹੱਡੀ ਬਣਿਆ ਚੋਣ ਫਤਵਾ
ਅਸ਼ੋਕ ਵਰਮਾ
ਬਠਿੰਡਾ, 1 ਜੂਨ 2026 : ਆਪਣੀ ਰਿਵਾਇਤੀ ਪਾਟੋਧਾੜ ਅਤੇ ਕਥਿਤ ਕੰਮਜੋਰ ਲੀਡਰਸ਼ਿਪ ਕਾਰਨ ਸਾਲ 2026 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਸ਼ਹਿਰ ਦੇ 50 ਵਾਰਡਾਂ ਚੋਂ ਐਤਕੀਂ ਮਸਾਂ 5 ਵਾਰਡ ਹੀ ਜਿੱਤਣ ’ਚ ਸਫਲ ਹੋਈ ਹੈ। ਸ਼ਹਿਰ ਦੇ ਵੋਟਰਾਂ ਵੱਲੋਂ ਦਿੱਤਾ ਗਿਆ ਫਤਵਾ ਪਿਛਲੀ ਵਾਰ ਬੰਪਰ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਲਈ ਅੱਖਾਂ ਖੋਲ੍ਹਣ ਵਾਲਾ ਹੈ। ਇੰਨ੍ਹਾਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਆਸ ਲਾਈ ਬੈਠੀ ਸੀ ਪਰ ਆਪਣੀ ਗੱਲੀਂ ਬਾਤੀਂ ਸਾਰਨ ਵਾਲੀ ਰਣਨੀਤੀ ਕਾਰਨ 6 ਦੇ ਅੰਕੜੇ ਤੱਕ ਵੀ ਨਹੀਂ ਪੁੱਜ ਸਕੀ ਹੈ। ਇੱਥੇ ਇਹ ਵੀ ਜਿਕਰ ਕਰਨਾਂ ਕੁਥਾਂ ਨਹੀਂ ਹੋਵੇਗਾ ਕਿ ਕਾਂਗਰਸ ਪਾਰਟੀ ਨੂੰ ਸੱਤਾ ਵਿਰੋਧੀ ਲਹਿਰ ਦੇ ਸਹਾਰੇ ਵੱਡੀ ਜਿੱਤ ਦੀ ਉਮੀਦ ਸੀ ਪਰ ਪੰਜੇ ਨੂੰ ਪੰਜ ਵਾਰਡਾਂ ਨਾਲ ਹੀ ਸਬਰ ਕਰਨਾ ਪਿਆ ਹੈ। ਇਸ ਨਮੋਸ਼ੀਜਨਕ ਹਾਰ ਤੋਂ ਬਾਅਦ ਸ਼ਹਿਰੀ ਹਲਕੇ ਦੇ ਕਾਂਗਰਸੀ ਵਿਹੜਿਆਂ ਵਿੱਚ ਖਾਮੋਸ਼ੀ ਛਾਈ ਹੋਈ ਹੈ।
ਇਸ ਮਾਤਮੀ ਚੁੱਪ ਦਾ ਪਸਾਰਾ ਗਿਣਤੀ ਤੋਂ ਅਗਲੇ ਦਿਨ ਸ਼ਹਿਰੀ ਕਾਂਗਰਸ ਵੱਲੋਂ ਮਹਿੰਗਾਈ ਖਿਲਾਫ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਆਗੂਆਂ ਦੇ ਚਿਹਰੇ ਤੋਂ ਪਹਿਲਾਂ ਵਾਲਾ ਜਲੌਅ ਪੂਰੀ ਤਰਾਂ ਗਾਇਬ ਸੀ। ਕਾਂਗਰਸੀ ਹਲਕਿਆਂ ਵਿੱਚ ਨਗਰ ਨਿਗਮ ਦੇ ਜਰਨਲ ਹਾਊਸ ’ਚ ਬੇਸ਼ੱਕ ਛੋਟੀ ਹੀ ਸਹੀ ਹਾਜ਼ਰੀ ਲੱਗਣ ਅਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਮੋਹਰੀ ਰਹਿਣ ਦਾ ਤਾਂ ਸਕੂਨ ਪਾਇਆ ਜਾ ਰਿਹਾ ਹੈ ਪਰ ਖੁਸ਼ੀ ਨੂੰ ਖੰਭ ਨਾਂ ਸਕਣ ਦਾ ਡਾਢਾ ਮਲਾਲ ਵੀ ਬਣਿਆ ਹੈ। ਸ਼ਹਿਰੀ ਲੋਕਾਂ ਵੱਲੋਂ ਚੋਣ ਜਿੱਤੇ ਕਾਂਗਰਸੀ ਕੌਂਸਲਰਾਂ ਨੂੰ ਦਬੀ ਜੁਬਾਨ ’ਚ ਹੀ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਸਨ ਕਿਉਂਕਿ 2021 ਵਾਲੀ ਜਿੱਤ ਪੱਲੇ ਨਹੀਂ ਪੈ ਸਕੀ ਹੈ। ਸ਼ਹਿਰ ਵਿੱਚ ਚੁੰਝ ਚਰਚਾ ਚੱਲ ਰਹੀ ਹੈ ਕਿ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਕਾਂਗਰਸ ਕੋਲ ਕੋਈ ਮਜਬੂਤ ਚਿਹਰਾ ਨਹੀਂ ਸੀ ਜੋ ਮਹਿਤਾ ਪ੍ਰੀਵਾਰ ਦੇ ਸਿਆਸੀ ਤੀਰਾਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਰੱਖਦਾ ਹੋਵੇ।
ਵੱਡੀ ਗੱਲ ਇਹ ਹੈ ਕਿ ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ , ਸਾਬਕਾ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਹੋਰ ਕਈ ਸੀਨਅੀਰ ਨੇਤਾਵਾਂ ਦੀ ਚੋਣ ਪ੍ਰਚਾਰ ਦੌਰਾਨ ਨਿੱਗਰ ਮੌਜੂਦਗੀ ਨਜ਼ਰ ਨਹੀਂ ਆਈ । ਕਾਂਗਰਸੀ ਦੀ ਸਥਾਨਕ ਲੀਡਰਸ਼ਿਪ ਆਪਣੇ ਕਈ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋਣ ਖਿਲਾਫ ਵੀ ਕੋਈ ਵੱਡੀ ਲਹਿਰ ਨਹੀਂ ਖੜ੍ਹੀ ਕਰ ਸਕੀ । ਬੇਸ਼ੱਕ ਮੌਕੇ ’ਤੇ ਪੁੱਜ ਕੇ ਕਾਂਗਰਸ ਦੇ ਕਈ ਲੀਡਰਾਂ ਨੇ ਵਿਰੋਧ ਜਤਾਇਆ ਅਤੇ ਧਰਨਾ ਵੀ ਦਿੱਤਾ ਜੋ ਇੱਕ ਤਰਾਂ ਨਾਲ ਰਸਮੀ ਹੀ ਸਾਬਤ ਹੋਇਆ ਹੈ। ਚੋਣ ਨਤੀਜਿਆਂ ਦੀ ਪੁਣਛਾਣ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਮੌਕੇ ਵਾਰਡ ਨੰਬਰ 3 ਦੀ ਕਾਂਗਰਸੀ ਉਮੀਦਵਾਰ ਬਲਜੀਤ ਕੌਰ ਨੂੰ 295 ਵੋਟਾਂ ਪਈਆਂ ਹਨ ਜਦੋਂਕਿ ਹਾਰ 898 ਵੋਟਾਂ ਦੇ ਫਰਕ ਨਾਲ ਹੋਈ ਹੈ। ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਸੁਖਦੇਵ ਸਿੰਘ ਸੁੱਖਾ ਨੂੰ 1099 ਵੋਟਾਂ ਮਿਲੀਆ ਅਤੇ ਉਹ 1030 ਵੋਟਾਂ ਦੇ ਫਰਕ ਨਾਲ ਹਾਰਿਆ ਹੈ।
ਸੁਖਦੇਵ ਸਿੰਘ ਸੁੱਖਾ ਪਿਛਲੀ ਵਾਰ ਕੌਂਸਲਰ ਸੀ ਜਦੋਂਕਿ 2015 ’ਚ ਉਸਦੀ ਪਤਨੀ ਕੌਂਸਲਰ ਬਣੀ ਸੀ। ਵਾਰਡ ਨੰਬਰ 21 ‘ਚ ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਮਸਾਂ 60 ਵੋਟਾਂ ’ਤੇ ਜਿੱਤ ਸਕੀ ਹੈ। ਵਾਰਡ ਨੰਬਰ 36 ’ਚ ਕਾਂਗਰਸੀ ਉਮੀਦਵਾਰ ਰਮੇਸ਼ ਰਾਣੀ ਨੂੰ ਸਿਰਫ 256 ਵੋਟਾਂ ਪਈਆਂ ਹਨ। ਕਾਂਗਰਸ ਲਈ ਵਾਰਡ ਨੰਬਰ 34 ਤੋਂ ਸੰਦੀਪ ਕੁਮਾਰ ਬੌਬੀ ਦੀ 1445 ਵੋਟਾਂ ,ਵਾਰਡ ਨੰਬਰ 18 ’ਚ ਕਾਂਗਰਸੀ ਉਮੀਦਵਾਰ ਕੰਵਲਜੀਤ ਸਿੰਘ ਭੰਗੂ ਦੀ ਭਾਜਪਾ ਉਮੀਦਵਾਰ ਦੇ ਮੁਕਾਬਲੇ ’ਚ 676 ਵੋਟਾਂ ਅਤੇ ਆਪਣੀ ਸਕੀ ਦਰਾਣੀ ਮਮਤਾ ਸੈਣੀ ਨੂੰ ਪਈਆਂ 624 ਵੋਟਾਂ ਦੇ ਮੁਕਾਬਲੇ ’ਚ 1271 ਵੋਟਾਂ ਨਾਲ ਹਰਾਉਣ ਵਾਲੀ ਬੇਬੀ ਸੈਣੀ ਦੀ ਜਿੱਤ ਕਾਂਗਰਸ ਪਾਰਟੀ ਲਈ ਸਿਆਸੀ ਹੌਂਸਲਾ ਦੇਣ ਵਾਲੀ ਹੈ। ਹੈਰਾਨੀ ਵਾਲੇ ਤੱਥ ਹਨ ਕਿ 2027 ’ਚ ਸ਼ਹਿਰੀ ਹਲਕੇ ਤੋਂ ਜਿੱਤ ਦਾ ਦਾਅਵਾ ਠੋਕਣ ਵਾਲੀ ਕਾਂਗਰਸ ਦੇ ਉਮੀਦਵਾਰ ਤਿੰਨ ਦਰਜਨ ਤੋਂ ਵੱਧ ਵਾਰਡਾਂ ’ਚ ਦੂਸਰੇ ਸਥਾਨ ’ਤੇ ਵੀ ਨਹੀਂ ਆ ਸਕੇ ਹਨ।
ਬਦਲਾਅ ਚਾਹੁੰਦੇ ਸ਼ਹਿਰੀ ਵੋਟਰ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀਆਂ ਤਿੰਨ ਪਾਰੀਆਂ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਕਿਸੇ ਤੀਜੀ ਧਿਰ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰ ਜੇਤੂ ਹੀ ਨਹੀਂ ਰਹੇ ਬਲਕਿ ਵੋਟਾਂ ਵੀ ਚੰਗੀਆਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਉਭਾਰ ਅਤੇ ਸਥਾਪਤ ਪਾਰਟੀਆਂ ਨੂੰ ਲੱਗੇ ਝਟਕਿਆਂ ਤੋਂ ਸਪਸ਼ਟ ਹੈ ਕਿ ਲੋਕ ਨਿਗਮ ਦੀ ਸੱਤਾ ’ਚ ਬਦਲਾਅ ਚਾਹੁੰਦੇ ਹਨ ਜੋ ਪਿਛਲੀ ਪਾਰੀ ਦੌਰਾਨ ਕਾਂਗਰਸ ਮੁਹੱਈਆ ਨਹੀਂ ਕਰਵਾ ਸਕੀ ਸੀ।
ਚੋਣ ਧਾਂਦਲੀਆਂ ਕਾਰਨ ਹਾਰ : ਰਾਜਨ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਨਗਰ ਨਿਗਮ ਦੀਆਂ ਚੋਣਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨਾਂ ਹੋਣਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਹਾਰ ਦੀ ਜਿੰਮੇਵਾਰੀ ਲੈਣ ਤੋਂ ਕੋਈ ਝਿਜਕ ਨਹੀਂ ਪਰ ਕਾਂਗਰਸ ਨੂੰ ਲੋਕਾਂ ਨੇ ਨਹੀਂ ਕਥਿਤ ਧਾਂਦਲੀਆਂ ਨੇ ਹਰਾਇਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਉਮੀਦਵਾਰਾਂ ਦਾ ਸਵਾਲ ਹੈ ਕਾਂਗਰਸ ਹਾਈਕਮਾਂਡ ਨੇ ਜਾਂਚ ਪਰਖ ਤੋਂ ਬਾਅਦ ਉਤਾਰੇ ਹਨ ਪਰ ਕਥਿਤ ਧੱਕੇਸ਼ਾਹੀ ਨਾਲ ਉਨ੍ਹਾਂ ਦੀਆਂ ਅੱਧੀ ਦਰਜਨ ਨਾਮਜਦਗੀਆਂ ਰੱਦ ਕਰ ਦਿੱਤੀਆਂ ਗਈਆਂ ਸਨ।
- Download Babushahi App
-
-