.... ਕੈਪਟਨ ਅਮਰਿੰਦਰ ਸਿੰਘ ਤੇ ਪਰਿਵਾਰ ਦੀ ਕਾਂਗਰਸ ਚ ਵਾਪਸੀ ਦੀ ਤਿਆਰੀ .. ?
ਬਲਜੀਤ ਬੱਲੀ / Babushahi News Network Bureau
ਚੰਡੀਗੜ੍ਹ, 30 ਮਈ 2026 ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਦੀ ਤਿਆਰੀ ਦੇ ਚਰਚੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੂਤਰਾਂ ਅਨੁਸਾਰ, ਸਿਰਫ਼ ਕੈਪਟਨ ਹੀ ਨਹੀਂ ਸਗੋਂ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਕੈਂਪ ਵੀ ਕਾਂਗਰਸ ਵਿੱਚ ਵਾਪਸ ਆਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। ਇਨ੍ਹਾਂ ਸੂਤਰਾਂ ਅਨੁਸਾਰ, ਕਿਸੇ ਵੇਲੇ ਵੀ ਪੰਜਾਬ ਦੀ ਰਾਜਨੀਤੀ ਵਿੱਚ ਇਹ ਧਮਾਕਾ ਹੋ ਸਕਦਾ ਹੈ। ਉਂਝ ਤਾਂ ਪਿਛਲੇ ਕਾਫ਼ੀ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਧੜੇ ਦੇ ਸਿਆਸਤਦਾਨ, ਭਾਰਤੀ ਜਨਤਾ ਪਾਰਟੀ ਦੇ ਅੰਦਰ ਘੁਟਣ ਮਹਿਸੂਸ ਕਰ ਰਹੇ ਸਨ ਅਤੇ ਗਾਹੇ-ਬਗਾਹੇ 'ਆਫ਼ ਦੀ ਰਿਕਾਰਡ' ਇਸ ਦਾ ਜ਼ਿਕਰ ਵੀ ਕਰਦੇ ਰਹਿੰਦੇ ਸਨ। ਪਰ ਹੁਣ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ਅਤੇ ਪੰਜਾਬ ਦੀਆਂ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਨਤੀਜਿਆਂ ਤੋਂ ਬਾਅਦ ਕੈਪਟਨ ਇਹ ਮਹਿਸੂਸ ਕਰ ਰਹੇ ਹਨ ਕਿ ਨਾ ਤਾਂ ਬੀਜੇਪੀ ਅੰਦਰ ਉਨ੍ਹਾਂ ਦੀ ਕੋਈ ਸੱਦ-ਪੁੱਛ ਹੈ ਅਤੇ ਨਾ ਹੀ ਬੀਜੇਪੀ ਵਿੱਚ ਰਹਿ ਕੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੋਈ ਪ੍ਰਾਪਤੀ ਕਰ ਸਕਦੇ ਹਨ।
ਕੁਝ ਚੋਣਵੇਂ ਮੀਡੀਆ ਕਰਮੀਆਂ ਨਾਲ ਗੱਲਬਾਤ ਵਿੱਚ ਓਹ ਖੁੱਲ੍ਹੇ ਆਮ ਰੋਸ ਜ਼ਾਹਿਰ ਕਰ ਚੁੱਕੇ ਹਨ ਕਿ ਕੇਵਲ ਢਿੱਲੋਂ ਨੂੰ ਪ੍ਰਧਾਨ ਬਣਾਏ ਜਾਣ ਬਾਰੇ ਉਨ੍ਹਾਂ ਦੀ ਕੋਈ ਰਾਇ ਨਹੀਂ ਲਈ ਗਈ ਜਦੋਂ ਕਿ ਸਿਆਸੀ ਹਲਕਿਆਂ ਵਿੱਚ ਇਹ ਗਲਤ ਫੇਹਮੀ ਹੋ ਗਈ ਸੀ ਇਹ ਨਿਯੁਕਤੀ ਕੈਪਟਨ ਦੀ ਸਲਾਹ ਨਾਲ ਹੋਈ ਹੋਵੇਗੀ । ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਂਪ ਦੇ ਸਾਥੀ ਇਹ ਵੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਬੀਜੇਪੀ, ਅਕਾਲੀ ਦਲ ਨਾਲ ਗੱਠਜੋੜ ਤੋਂ ਬਿਨਾਂ ਪੰਜਾਬ ਵਿੱਚ ਕਿਸੇ ਤਰ੍ਹਾਂ ਵੀ ਸੱਤਾ ਵਿੱਚ ਨਹੀਂ ਆ ਸਕਦੀ ਅਤੇ ਬੀਜੇਪੀ ਦੇ ਕੇਂਦਰੀ ਨੇਤਾ ਤੇ ਕੁਝ ਸੂਬਾਈ ਨੇਤਾ ਜੋ ਇਕੱਲੇ ਲੜ ਕੇ ਸੱਤਾ ਵਿੱਚ ਆਉਣ ਦੇ ਦਾਅਵੇ ਕਰ ਰਹੇ ਹਨ, ਉਨ੍ਹਾਂ ਦੇ ਦਾਅਵਿਆਂ ਵਿੱਚ ਰੱਤੀ ਭਰ ਵੀ ਦਮ ਨਹੀਂ ਹੈ ਅਤੇ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ .
ਹੋਰ ਤਾਂ ਹੋਰ ,ਕੈਪਟਨ ਕੈਂਪ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਸਿਰਫ਼ ਬੀਜੇਪੀ ਦੀ ਟਿਕਟ 'ਤੇ ਲੜ ਕੇ ਉਨ੍ਹਾਂ ਦਾ ਪਰਿਵਾਰ ਪਟਿਆਲਾ ਦੀ ਇੱਕੋ-ਇੱਕ ਸ਼ਹਿਰੀ ਸੀਟ ਵੀ ਨਹੀਂ ਜਿੱਤ ਸਕਦਾ। ਇਹ ਸੰਭਾਵਨਾ ਤਾਂ ਹੀ ਹੋ ਸਕਦੀ ਹੈ ਜੇਕਰ ਅਕਾਲੀ ਦਲ ਨਾਲ ਗੱਠਜੋੜ ਹੋਵੇ, ਜਦੋਂ ਕਿ ਕਾਂਗਰਸ ਪਾਰਟੀ ਵਿੱਚ ਰਹਿ ਕੇ ਉਹ ਪਹਿਲਾਂ ਵੀ ਇਹ ਸੀਟ ਜਿੱਤਦੇ ਰਹੇ ਹਨ ਅਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਦੀ ਸੰਭਾਵਨਾ ਹੋ ਸਕਦੀ ਹੈ। ਇਹ ਚਰਚਾ ਆਮ ਹੈ ਕੈਪਟਨ ਪਰਿਵਾਰ ਇਸ ਹਲਕੇ ਤੋਂ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਨੂੰ ਵਿਧਾਨ ਸਭਾ ਚੋਂ ਲੜਾਉਣਾ ਚਾਹੁੰਦਾ ਹੈ.
ਕੇਵਲ ਢਿੱਲੋਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਉਨ੍ਹਾਂ ਦੇ ਖ਼ਿਲਾਫ਼ ਅਤੇ ਭਾਜਪਾ ਹਾਈਕਮਾਂਡ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ, ਇਸ ਤੋਂ ਸੰਕੇਤ ਮਿਲਦੇ ਹਨ ਕਿ ਛੇਤੀ ਹੀ ਉਹ ਬੀਜੇਪੀ ਨਾਲੋਂ ਤੋੜ-ਵਿਛੋੜਾ ਕਰ ਸਕਦੇ ਹਨ। ਮਸਲਾ ਸਿਰਫ਼ ਕਾਂਗਰਸ ਪਾਰਟੀ ਅਤੇ ਇਸ ਦੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਵਾਪਸੀ ਦਾ ਰਸਤਾ ਦੇਣ ਦਾ ਹੈ। ਕਾਂਗਰਸ ਦੇ ਕੁਝ ਨੇਤਾ ਉਨ੍ਹਾਂ ਦੀ ਵਾਪਸੀ ਦੇ ਸਖ਼ਤ ਖ਼ਿਲਾਫ਼ ਹਨ, ਜਦੋਂ ਕਿ ਕੁਝ ਨੇਤਾ ਉਨ੍ਹਾਂ ਦੀ ਵਾਪਸੀ ਦੇ ਹੱਕ ਵਿੱਚ ਹਨ।
ਇਹ ਵੀ ਜਾਣਿਆ-ਪਛਾਣਿਆ ਤੱਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦਾ ਕੈਂਪ ਚਾਹੁੰਦਾ ਸੀ ਕਿ ਕੈਪਟਨ ਨੂੰ ਕਿਸੇ ਸੂਬੇ ਦਾ ਗਵਰਨਰ ਜਾਂ ਕਿਸੇ ਹੋਰ ਅਹਿਮ ਅਹੁਦੇ 'ਤੇ ਐਡਜਸਟ ਕੀਤਾ ਜਾਵੇ। ਪਰ ਤਿੰਨ-ਚਾਰ ਸਾਲ ਮਿੰਨਤਾਂ-ਤਰਲੇ ਕਰਨ ਦੇ ਬਾਵਜੂਦ ਵੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ; ਸਿਰਫ਼ ਇੰਨੀ ਕੁ ਰਿਆਇਤ ਦਿੱਤੀ ਕਿ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਜੋ ਈ.ਡੀ. (ED) ਦਾ ਕੇਸ ਸੀ, ਉਸ ਵਿੱਚ ਕਾਰਵਾਈ ਰੋਕੀ ਗਈ।
ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਨੇੜੇ ਹੋਏ ਸਵਰਗੀ ਨੇਤਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਵੀ ਇਸੇ ਤਰ੍ਹਾਂ ਦਾ ਵਿਹਾਰ ਬੀ ਜੇ ਪੀ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੀ ਵੀ ਇੱਛਾ ਦੇ ਬਾਵਜੂਦ ਕਿਸੇ ਸੂਬੇ ਦਾ ਰਾਜਪਾਲ ਨਹੀਂ ਬਣਾਇਆ ਗਿਆ ਜਾਂ ਕਿਤੇ ਹੋਰ ਐਡਜਸਟ ਨਹੀਂ ਸੀ ਕੀਤਾ ਗਿਆ, ਜਿਸ ਦਾ ਜ਼ਿਕਰ ਉਹ 'ਆਫ਼ ਦੀ ਰਿਕਾਰਡ' ਸਾਡੇ ਵਰਗੇ ਦੋਸਤਾਂ-ਮਿੱਤਰਾਂ ਨਾਲ ਅਕਸਰ ਕਰ ਦਿੰਦੇ ਸਨ। ਉਨ੍ਹਾਂ ਦਾ ਗਿਲਾ ਤਾਂ ਇਹ ਵੀ ਸੀ ਕਿ ਬੀਜੇਪੀ ਦੇ ਸੀਨੀਅਰ ਨੇਤਾ ਦੋ-ਦੋ, ਤਿੰਨ-ਤਿੰਨ ਮਹੀਨੇ ਮਿਲਣ ਦਾ ਸਮਾਂ ਤੱਕ ਨਹੀਂ ਦਿੰਦੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਰ-ਵਾਰ ਕੇਵਲ ਢਿੱਲੋਂ ਦੇ ਮਸਲੇ 'ਤੇ ਖੁੱਲ੍ਹ ਕੇ ਭਾਜਪਾ ਦੇ ਜਥੇਬੰਦਕ ਸਿਸਟਮ ਨੂੰ ਅੱਤ ਦਾ 'ਸੈਂਟਰਲਾਈਜ਼ਡ' ਸਿਸਟਮ ਕਹਿ ਕੇ ਨੁਕਤਾਚੀਨੀ ਕਰਨੀ ਅਤੇ ਇਸ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਪਾਰਟੀ ਅੰਦਰਲੇ ਖੁੱਲ੍ਹੇ ਮਾਹੌਲ ਨਾਲ ਕਰਨਾ, ਇਹੀ ਜ਼ਾਹਰ ਕਰਦਾ ਹੈ ਕਿ ਉਹ ਬੀਜੇਪੀ ਅੰਦਰ ਪੂਰੀ ਘੁਟਣ ਮਹਿਸੂਸ ਕਰ ਰਹੇ ਹਨ। ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਦੀ ਵਕਾਲਤ ਕਰ ਰਹੇ ਹਨ, ਜਦੋਂ ਕਿ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਕਾਲੀ ਦਲ ਨੂੰ ਨਜ਼ਰਅੰਦਾਜ਼ ਕਰਕੇ ਇਕੱਲਿਆਂ ਲੜਨ ਦੀ ਰਟ ਲਾਈ ਬੈਠੀ ਹੈ। ਇਸ ਮਾਮਲੇ 'ਤੇ ਵੀ BJP ਲੀਡਰਸ਼ਿਪ ਨਾਲ ਉਨ੍ਹਾਂ ਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਲਈ ਆਪਣੇ ਦਰਵਾਜ਼ੇ ਖੋਲ੍ਹਦੀ ਹੈ, ਜਾਂ ਉਹ ਬੀਜੇਪੀ ਵਿੱਚ "ਉਸੇ ਤਨਖਾਹ ਕੰਮ ਕਰਦੇ ਹੋਏ" ਕੁੜ੍ਹਦੇ ਰਹਿਣਗੇ। ਇਹ ਵੀ ਸਵਾਲ ਖੜ੍ਹਾ ਹੈ ਕਿ ਕੀ ED ਦਾ ਕੇਸ ਦਾ ਪਰਛਾਵਾਂ ਅਜੇ ਵੀ ਕਾਇਮ ਹੈ ਜਾਂ ਨਹੀਂ .ਉਂਝ ਉਨ੍ਹਾਂ ਦਾ ਪਰਿਵਾਰ ਅਜੇ ਚੁੱਪ ਹੈ , ਜਦੋਂ ਕੁਝ ਸਮਾਂ ਪਹਿਲਾਂ ਵੀ ਕੈਪਟਨ ਦੀ ਕਾਂਗਰਸ ਵਾਪਸੀ ਦੀ ਚਰਚਾ ਹੋਈ ਸੀ ਤਾਂ ਮਹਾਰਾਣੀ ਪ੍ਰਨੀਤ ਕੌਰ ਨੇ ਇਨ੍ਹਾਂ ਦਾ ਖੰਡਨ ਕੀਤਾ ਸੀ ।
- Download Babushahi App
-
-