ਲਾਲੜੂ ਨਗਰ ਕੌਂਸਲ 'ਚ AAP ਨੇ ਕੀਤੀ ਜਿੱਤ ਦਰਜ, ਪਰ ਮੌਜੂਦਾ ਪ੍ਰਧਾਨ ਚੋਣ ਹਾਰਿਆ
ਆਪ ਨੇ 12 ਸੀਟਾਂ ਜਿੱਤ ਕੇ ਬਹੁਮਤ ਕੀਤਾ ਹਾਸਿਲ, ਜਦਕਿ ਕਾਂਗਰਸ ਨੂੰ 2, ਅਕਾਲੀ ਦਲ ਤੇ ਭਾਜਪਾ ਨੂੰ ਇੱਕ-ਇੱਕ ਸੀਟ ਮਿਲੀ ਅਤੇ 1 ਸੀਟ ‘ਤੇ ਹੋਇਆ ਅਜ਼ਾਦ ਉਮੀਦਵਾਰ ਕਾਬਜ਼
ਸੀਪੀਆਈ (ਐਮ) ਸਮਰਥਿਤ ਉਮੀਦਵਾਰ ਨੇ ਮੌਜੂਦਾ ਪ੍ਰਧਾਨ ਨੂੰ ਹਰਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 29 ਮਈ 2026: ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ 17 ਵਿੱਚੋਂ 12 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਸਪੱਸ਼ਟ ਬਹੁਮਤ ਪ੍ਰਾਪਤ ਕਰ ਲਿਆ ਹੈ ,ਪਰ ਕੌਂਸਲ ਵਿਚਲੇ ਕੁੱਝ ਵਾਰਡਾਂ ਦੇ ਨਤੀਜਿਆਂ ਨੇ ਉਮੀਦਵਾਰਾਂ ਤੇ ਆਗੂਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ । ਕੌਂਸਲ ਵਿੱਚ ਸਭ ਤੋਂ ਵੱਕਾਰੀ ਸੀਟ ਮੰਨੇ ਜਾ ਰਹੇ ਵਾਰਡ 14 ਵਿਚ ਆਜ਼ਾਦ ਉਮੀਦਵਾਰ ਸੰਦੀਪ ਰਾਣਾ, ਜਿਨ੍ਹਾਂ ਨੂੰ ਸੀਪੀਆਈ (ਐਮ) ਨੇ ਅਧਿਕਾਰਤ ਸਮਰਥਨ ਦਿੱਤਾ ਸੀ, ਨੇ ਕੌਂਸਲ ਦੇ ਸੱਤਾਧਾਰੀ ਧਿਰ ਨਾਲ ਸਬੰਧਤ ਮੌਜੂਦਾ ਪ੍ਰਧਾਨ ਸਤੀਸ਼ ਰਾਣਾ ਨੂੰ ਹਰਾ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਜਦਕਿ ਕਾਂਗਰਸ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਮਾਸਟਰ ਮੋਹਨ ਸਿੰਘ ਰਾਣਾ ਦੀ ਨੂੰਹ ਨੂੰ ਸਾਬਕਾ ਪ੍ਰਧਾਨ ਮੁਕੇਸ਼ ਰਾਣਾ ਦੇ ਕਰੀਬੀ ਮਲਕੀਤ ਸਿੰਘ ਦੀ ਪਤਨੀ ਨੇ ਭਾਜਪਾ ਦੀ ਟਿਕਟ 'ਤੇ ਹਰਾ ਕੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ । ਆਏ ਨਤੀਜਿਆਂ ਅਨੁਸਾਰ 'ਆਪ' ਨੇ ਵਾਰਡ ਨੰਬਰ 1, 2, 3, 4,6, 8, 11, 13, 15, 16 ਅਤੇ 17 ਵਿੱਚ ਜਿੱਤ ਦਰਜ ਕੀਤੀ ਹੈ ਤੇ ਵਾਰਡ ਨੰਬਰ 9 ਵਿੱਚ ਆਪ ਦੀ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਐਲਾਨੀ ਜਾ ਚੁੱਕੀ ਸੀ। ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ 5 ਤੋਂ ਭਾਜਪਾ , ਵਾਰਡ ਨੰਬਰ 7 ਅਤੇ 12 ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ। ਰਿਟਰਨਿੰਗ ਅਫਸਰ ਬੀਰਕਰਨ ਸਿੰਘ ਅਨੁਸਾਰ ਵਾਰਡ ਨੰਬਰ 1 ਤੋਂ 'ਆਪ' ਦੀ ਉਮੀਦਵਾਰ ਮਹਿਮਾ ਸ਼ਰਮਾ, ਵਾਰਡ ਨੰਬਰ 2 ਤੋਂ 'ਆਪ' ਦੇ ਪ੍ਰਦੀਪ ਸਿੰਘ , ਵਾਰਡ ਨੰਬਰ 3 ਤੋਂ 'ਆਪ' ਦੀ ਨਰੇਸ਼ ਕੁਮਾਰੀ, ਵਾਰਡ ਨੰਬਰ 4 ਤੋਂ 'ਆਪ' ਦੇ ਅਮਨਦੀਪ ਰਾਣਾ, ਵਾਰਡ ਨੰਬਰ 5 ਤੋਂ ਭਾਜਪਾ ਦੀ ਅਮਨਪ੍ਰੀਤ ਕੌਰ, ਵਾਰਡ ਨੰਬਰ 6 ਤੋਂ 'ਆਪ' ਦੇ ਜ਼ੋਰਾਵਰ ਸਿੰਘ, ਵਾਰਡ ਨੰਬਰ 7 ਤੋਂ ਕਾਂਗਰਸ ਦੀ ਨਰਿੰਦਰ ਕੌਰ, ਵਾਰਡ ਨੰਬਰ 8 ਤੋਂ 'ਆਪ' ਦੇ ਹਰੀਸ਼ ਕੁਮਾਰ, (ਵਾਰਡ ਨੰਬਰ 9 ਤੋਂ 'ਆਪ' ਦੀ ਜਰਨੈਲ ਕੌਰ ਬਿਨਾਂ ਮੁਕਾਬਲਾ ਚੁਣੇ ਗਏ), ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਜੂ ਪ੍ਰਜਾਪਤ, ਵਾਰਡ ਨੰਬਰ 11 ਤੋਂ 'ਆਪ' ਦੇ ਮਲਕੀਤ ਸਿੰਘ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਮਨੀਸ਼ ਕੁਮਾਰ, ਵਾਰਡ ਨੰਬਰ 13 ਤੋਂ 'ਆਪ' ਦੀ ਸੋਨੀਆ ਸੈਣੀ, ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਸੰਦੀਪ ਰਾਣਾ, ਵਾਰਡ ਨੰਬਰ 15 ਤੋਂ 'ਆਪ' ਦੀ ਰਣਦੀਪ ਕੌਰ, ਵਾਰਡ ਨੰਬਰ 16 ਤੋਂ 'ਆਪ' ਦੇ ਸਵਰਨ ਸਿੰਘ ਅਤੇ ਵਾਰਡ ਨੰਬਰ 17 ਤੋਂ 'ਆਪ' ਦੀ ਪੂਜਾ ਦੇਵੀ ਜੇਤੂ ਰਹੀ। ਨਤੀਜਿਆ ਦਾ ਐਲਾਨ ਹੁੰਦਿਆਂ ਹੀ ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਸਮੇਤ ਖੁਸ਼ੀ ਮਨਾਈ ਅਤੇ ਜੇਤੂ ਜਲੂਸ ਕੱਢੇ ਗਏ। ਛੋਟੀ-ਮੋਟੀ ਨੋਕ- ਝੋਕ ਤੋਂ ਬਿਨ੍ਹਾਂ ਗਿਣਤੀ ਪ੍ਰੀਕਿਆ ਪੂਰੀ ਤਰ੍ਹਾਂ ਸ਼ਾਂਤ ਰਹੀ। ਅੰਤ ਵਿੱਚ ਜੇਤੂ ਉਮੀਦਵਾਰਾਂ ਨੂੰ ਜੇਤੂ ਸਰਟੀਫਿਕੇਟ ਦਿੱਤੇ ਗਏ। ਇਸ ਚੋਣ ਵਿਚ ਭਾਵੇਂ ਆਮ ਆਦਮੀ ਪਾਰਟੀ ਦੀ ਚੜ੍ਹਤ ਰਹੀ ਪਰ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਪਿਛਲੀ ਵਾਰ ਕਾਂਗਰਸੀ ਕੋਟੇ ਤੋਂ ਜਿੱਤ ਕੇ ਆਪ ਵਿਚ ਗਏ ਸਾਰੇ ਹੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ , ਜਦਕਿ ਜੋ ਆਗੂ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੋਂ ਹਾਰੇ ਸਨ , ਉਨ੍ਹਾਂ ਨੇ ਵੱਡੇ ਆਗੂਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ । ਇਸ ਵਿਚ ਸੰਦੀਪ ਰਾਣਾ ਤੋਂ ਇਲਾਵਾ ਵਾਰਡ ਨੰਬਰ 12 ਵਿੱਚ ਕਾਂਗਰਸੀ ਆਗੂ ਮਨੀਸ਼ ਕੁਮਾਰ ਵੱਲੋਂ ਪਵਨ ਕੁਮਾਰ ਨੂੰ ਵਧੀਆ ਅੰਤਰ ਨਾਲ ਹਰਾਉਣਾ ਸ਼ਾਮਲ ਹੈ । ਉਕਤ ਚੋਣ ਨਤੀਜਿਆਂ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕੌਂਸਲ ਦੀ ਪ੍ਰਧਾਨ ਵਾਲੀ ਕੁਰਸੀ ਵੱਲ ਹੋ ਗਈਆਂ ਹਨ ।
- Download Babushahi App
-
-