ਅੰਕਾਂ ਸਬੰਧੀ ਸ਼ਰਤ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ – ਗੁਰਪ੍ਰੀਤ ਸਿੰਘ ਪੱਕਾ
ਅਸ਼ੋਕ ਵਰਮਾ
ਬਠਿੰਡਾ, 28 ਮਈ 2026 : ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਪੱਕਾ ਨੇ 55 ਫੀਸਦੀ ਅੰਕਾਂ ਦੀ ਲਾਈ ਗਈ ਨੂੰ ਨੌਜਵਾਨਾਂ ਨਾਲ ਵੱਡਾ ਅਨਿਆਂ ਕਰਾਰ ਦਿੰਦਿਆਂ ਕਿਹਾ ਕਿ ਇਹ ਬੇਤੁੱਕੀ ਸ਼ਰਤ ਹਜ਼ਾਰਾਂ ਯੋਗ ਅਤੇ ਮਿਹਨਤੀ ਉਮੀਦਵਾਰਾਂ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਬਹੁਤ ਸਾਰੇ ਵਿਦਿਆਰਥੀ ਵੱਖ-ਵੱਖ ਮੁਸ਼ਕਲਾਂ ਦੇ ਬਾਵਜੂਦ ਆਪਣੀ ਪੜ੍ਹਾਈ ਪੂਰੀ ਕਰਦੇ ਹਨ, ਪਰ ਇਸ ਤਰ੍ਹਾਂ ਦੀਆਂ ਸ਼ਰਤਾਂ ਉਨ੍ਹਾਂ ਦੇ ਸੁਪਨੇ ਤੋੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਨੌਜਵਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 55% ਦੀ ਸ਼ਰਤ ਤੁਰੰਤ ਵਾਪਸ ਲੈਣੀ ਚਾਹੀਦੀ ਹੈ, ਤਾਂ ਜੋ ਹਰ ਵਰਗ ਦੇ ਯੋਗ ਉਮੀਦਵਾਰਾਂ ਨੂੰ ਸਮਾਨ ਮੌਕਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਸਿਰਫ ਅੰਕ ਹੀ ਕਿਸੇ ਵਿਅਕਤੀ ਦੀ ਯੋਗਤਾ ਦਾ ਮਾਪਦੰਡ ਨਹੀਂ ਹੋ ਸਕਦੇ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਕਾਬਲੀਅਤ ਅਤੇ ਹੁਨਰ ਹੋਣ ਦੇ ਬਾਵਜੂਦ ਉਹ ਇਸ ਸ਼ਰਤ ਕਾਰਨ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਜਦ ਅਧਿਆਪਕ ਭਰਤੀ ਹੀ ਮਾਸਟਰ ਕੇਡਰ ਦੀ ਮੈਰਿਟ ਤੇ ਆਧਾਰਿਤ ਤੇ ਹੋਣੀ ਹੈ ,ਫਿਰ ਇਸ ਸ਼ਰਤ ਦਾ ਕੋਈ ਆਧਾਰ ਨਹੀਂ। ਪੱਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਨਜਾਇਜ਼ ਸ਼ਰਤ ਤੇ ਉਮਰ ਹੱਦ ਵਿੱਚ ਛੋਟ ਦੇਕੇ ਜਲਦ ਮਾਸਟਰ ਕੇਡਰ ਦੀ ਵੱਡੀ ਭਰਤੀ ਨਾ ਦਿੱਤੀ ਗਈ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਸਰਕਾਰ ਵਿਰੁੱਧ ਇੱਕ ਜ਼ਬਰਦਸਤ ਐਕਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਇਸ ਮਾਮਲੇ ‘ਤੇ ਤੁਰੰਤ ਸਕਾਰਾਤਮਕ ਫੈਸਲਾ ਲਿਆ ਜਾਵੇ।
- Download Babushahi App
-
-