CM ਮਾਨ ਨੇ ਰਾਜਾ ਵੜਿੰਗ 'ਤੇ ਕੱਸਿਆ ਤਿੱਖਾ ਤੰਜ਼; ਸ਼ਾਇਰਾਨਾ ਅੰਦਾਜ਼ 'ਚ ਬੋਲੇ- "ਪ੍ਰਚਾਰ ਡਿਫੈਂਡਰਾਂ 'ਤੇ, ਵੋਟ ਪਾਉਣ ਰੇਹੜਿਆਂ 'ਤੇ ਆ ਗਏ"
Ravi Jakhu
ਚੰਡੀਗੜ੍ਹ, 27 ਮਈ 2026- ਪੰਜਾਬ ਵਿੱਚ MC ਚੋਣਾਂ ਲਈ ਵੋਟਿੰਗ ਪ੍ਰਕਿਰਿਆ ਖ਼ਤਮ ਹੋ ਚੁੱਕੀ ਹੈ। ਚੋਣਾਂ ਦੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਇੱਕ ਤਿੱਖਾ ਅਤੇ ਸ਼ਾਇਰਾਨਾ ਤੰਜ਼ ਕੱਸਿਆ ਹੈ। ਮੁੱਖ ਮੰਤਰੀ ਨੇ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਕਰਨ ਦੇ ਬਦਲਦੇ ਅੰਦਾਜ਼ ਅਤੇ ਤਰੀਕਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਖ਼ਾਸ ਅੰਦਾਜ਼ ਵਿੱਚ ਵਿਰੋਧੀਆਂ 'ਤੇ ਤਕੜਾ ਸ਼ਬਦੀ ਹਮਲਾ ਕਰਦਿਆਂ ਕਿਹਾ, "ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ਤੇ ਆ ਗਏ.. ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ ਰੇਹੜਿਆਂ ਤੇ ਆ ਗਏ… ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ ਦੇਖ ਭਾਈ ਬਾਲਿਆ ਰੰਗ ਕਰਤਾਰ ਦੇ.."
ਮੁੱਖ ਮੰਤਰੀ ਨੇ ਇਨ੍ਹਾਂ ਸਤਰਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੀਡਰ ਪਹਿਲਾਂ ਵੱਡੀਆਂ ਅਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਸਨ, ਉਹ ਹੁਣ ਚੋਣਾਂ ਦੌਰਾਨ ਵੋਟਾਂ ਬਟੋਰਨ ਲਈ ਰੇਹੜੀਆਂ 'ਤੇ ਆ ਕੇ ਪ੍ਰਚਾਰ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਿਆਸੀ ਕੁਰਸੀ ਅਤੇ ਸੱਤਾ ਹਾਸਲ ਕਰਨ ਲਈ ਇਹ ਆਗੂ ਕਿਸ ਤਰ੍ਹਾਂ ਦੇ ਹੱਥ-ਪੈਰ ਮਾਰ ਰਹੇ ਹਨ, ਇਹ ਜਨਤਾ ਭਲੀਭਾਂਤ ਦੇਖ ਰਹੀ ਹੈ।
ਦੱਸ ਦੇਈਏ ਕਿ ਚੋਣਾਂ ਦੌਰਾਨ ਵੱਖ-ਵੱਖ ਆਗੂਆਂ ਵੱਲੋਂ ਲੋਕਾਂ ਨੂੰ ਰੀਝਾਉਣ ਲਈ ਜ਼ਮੀਨੀ ਪੱਧਰ 'ਤੇ ਜਾ ਕੇ ਕੀਤੇ ਜਾ ਰਹੇ ਪ੍ਰਚਾਰ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਨੇ ਕਾਂਗਰਸ ਲੀਡਰਸ਼ਿਪ ਨੂੰ ਘੇਰਿਆ ਹੈ।
- Download Babushahi App
-
-