BREAKING: ਪੰਜਾਬ ਦੇ 2 ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ
ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਤ ਜਸਵੰਤ ਸਿੰਘ ਉਰਫ਼ ਜੱਸਾ ਮੁੰਬਈ ਪੁਲਿਸ ਵੱਲੋਂ ਦਬੋਚਿਆ
ਅਕਾਲੀ ਕੌਂਸਲਰ ਦੇ ਕਤਲ ਮਾਮਲੇ ਵਿੱਚ ਲੋੜੀਂਦਾ ਗੈਂਗਸਟਰ ਕਰਨ ਕੀੜਾ ਵੀ ਚੜ੍ਹਿਆ ਪੁਲਿਸ ਅੱਢੇ
ਪ੍ਰੋਡਕਸ਼ਨ ਵਾਰੰਟ 'ਤੇ ਦੋਵਾਂ ਗੈਂਗਸਟਰਾਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਦੀ ਟੀਮ ਮੁੰਬਈ ਰਵਾਨਾ
Ravi Jakhu
ਮੁੰਬਈ/ਚੰਡੀਗੜ੍ਹ, 27 ਮਈ 2026- ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੰਜਾਬ ਪੁਲਿਸ ਨੂੰ ਵੱਖ-ਵੱਖ ਸੰਗੀਨ ਮਾਮਲਿਆਂ ਵਿੱਚ ਲੋੜੀਂਦੇ ਦੋ ਖ਼ਤਰਨਾਕ ਗੈਂਗਸਟਰਾਂ ਜਸਵੰਤ ਸਿੰਘ ਉਰਫ਼ ਜੱਸਾ ਅਤੇ ਕਰਨ ਕੀੜਾ (Karan Kira) ਨੂੰ ਮੁੰਬਈ ਪੁਲਿਸ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਗੈਂਗਸਟਰ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ, ਜਿਨ੍ਹਾਂ ਨੂੰ ਐਨ ਮੌਕੇ 'ਤੇ ਮੁਸਤੈਦੀ ਦਿਖਾਉਂਦੇ ਹੋਏ ਕਾਬੂ ਕਰ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਫੜੇ ਗਏ ਗੈਂਗਸਟਰਾਂ ਵਿੱਚੋਂ ਜਸਵੰਤ ਸਿੰਘ ਉਰਫ਼ ਜੱਸਾ ਦਾ ਸਬੰਧ ਸੂਬੇ ਦੇ ਨਾਮੀ ਦਵਿੰਦਰ ਬੰਬੀਹਾ ਗੈਂਗ ਨਾਲ ਹੈ। ਜੱਸਾ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਗੈਂਗਸਟਰ ਗਤੀਵਿਧੀਆਂ, ਫ਼ਿਰੌਤੀਆਂ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਤਲਾਸ਼ ਕਰ ਰਹੀ ਸੀ।
ਉੱਥੇ ਹੀ ਦੂਜਾ ਗੈਂਗਸਟਰ ਕਰਨ ਕੀੜਾ ਇੱਕ ਪ੍ਰਮੁੱਖ ਅਕਾਲੀ ਕੌਂਸਲਰ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਹੈ। ਇਸ ਹਾਈ-ਪ੍ਰੋਫਾਈਲ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਪੁਲਿਸ ਨੂੰ ਚਕਮਾ ਦੇ ਕੇ ਪੰਜਾਬ ਤੋਂ ਬਾਹਰ ਭੱਜ ਗਿਆ ਸੀ। ਏਅਰਪੋਰਟ 'ਤੇ ਸੁਰੱਖਿਆ ਏਜੰਸੀਆਂ ਅਤੇ ਮੁੰਬਈ ਪੁਲਿਸ ਦੀ ਚੌਕਸੀ ਕਾਰਨ ਉਹ ਦੇਸ਼ ਵਿੱਚੋਂ ਫ਼ਰਾਰ ਹੋਣ ਵਿੱਚ ਨਾਕਾਮ ਰਿਹਾ।
ਇਸ ਵੱਡੀ ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਖ਼ਤਰਨਾਕ ਮੁਲਜ਼ਮਾਂ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਜਲਦ ਹੀ ਮੁੰਬਈ ਲਈ ਰਵਾਨਾ ਹੋਵੇਗੀ। ਪੁਲਿਸ ਵੱਲੋਂ ਦੋਵਾਂ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕਰਕੇ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਨ੍ਹਾਂ ਨੂੰ ਪੰਜਾਬ ਲਿਆ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਸਰਗਰਮ ਗੈਂਗਸਟਰ ਨੈੱਟਵਰਕ ਅਤੇ ਕਈ ਹੋਰ ਅਣਸੁਲਝੇ ਮਾਮਲਿਆਂ ਬਾਰੇ ਵੱਡੇ ਖ਼ੁਲਾਸੇ ਹੋ ਸਕਦੇ ਹਨ।
- Download Babushahi App
-
-