ਸਿਡਨੀ ਵਿੱਚ ਮਨੀਸ਼ ਤਿਵਾੜੀ ਨੇ ਆਈਓਸੀ ਮੀਟਿੰਗ ਦੀ ਕੀਤੀ ਅਗਵਾਈ
ਪ੍ਰਮੋਦ ਭਾਰਤੀ
ਸਿਡਨੀ ( ਆਸਟ੍ਰੇਲੀਆ ) 20 ਮਈ , 2026- ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਸਟ੍ਰੇਲੀਆ ਦੇ ਸਿਡਨੀ ਵਿਖੇ ਗ੍ਰੈਂਡ ਬਾਵਰਚੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ (ਆਈਓਸੀ) ਦੇ ਅਹੁਦੇਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ ਅਤੇ ਆਈਓਸੀ ਦੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਵਰਕਿੰਗ ਡੇਅ ਹੋਣ ਦੇ ਬਾਵਜੂਦ ਤੁਸੀਂ ਸਾਰੇ ਮੀਟਿੰਗ ਵਿੱਚ ਪਹੁੰਚੇ। ਤੁਹਾਡੀ ਹਾਜ਼ਰੀ ਨੇ ਉਨ੍ਹਾਂ ਨੂੰ ਇਹ ਅਣਮੁੱਲਾ ਮੌਕਾ ਦਿੱਤਾ ਕਿ ਉਹ ਤੁਹਾਡੇ ਨਾਲ ਰੂਬਰੂ ਹੋ ਕੇ ਕੁਝ ਮਹੱਤਵਪੂਰਨ ਮਸਲੇ ਸਾਂਝੇ ਕਰ ਸਕਾਂ।
ਇਸ ਦੌਰਾਨ ਆਸਟ੍ਰੇਲੀਆ ਨਾਲ ਆਪਣੇ ਪੁਰਾਣੇ ਨਾਤੇ ਨੂੰ ਯਾਦ ਕਰਦਿਆਂ ਤਿਵਾੜੀ ਨੇ ਕਿਹਾ ਕਿ ਉਹ ਪਹਿਲੀ ਵਾਰ 1992 ਵਿੱਚ ਆਸਟ੍ਰੇਲੀਆ ਆਏ ਸਨ। ਇਹ ਗੱਲ ਹੁਣ ਇੱਕ ਪੂਰੀ ਜ਼ਿੰਦਗੀ ਪਹਿਲਾਂ ਦੀ ਲੱਗਦੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹਮੇਸ਼ਾ ਹੀ ਸਭਿਆਚਾਰਕ, ਕ੍ਰਿਕਟ ਅਤੇ ਸਾਫਟ ਪਾਵਰ ਦੇ ਮਜ਼ਬੂਤ ਰਿਸ਼ਤੇ ਰਹੇ ਹਨ। ਦਹਾਕਿਆਂ ਤੋਂ ਕਈ ਆਸਟ੍ਰੇਲੀਆਈ ਕ੍ਰਿਕਟਰ ਭਾਰਤ ਦੇ ਘਰ-ਘਰ ਵਿੱਚ ਜਾਣੇ ਜਾਂਦੇ ਰਹੇ ਹਨ।
ਤਿਵਾੜੀ ਨੇ ਕਿਹਾ ਕਿ ਆਪਣੀ ਪਹਿਲੀ ਯਾਤਰਾ ਦੌਰਾਨ ਆਸਟ੍ਰੇਲੀਆ ਵਿੱਚ ਬਹੁਤ ਘੱਟ ਲੋਕ ਭਾਰਤ ਬਾਰੇ ਜਾਣਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਆਸਟ੍ਰੇਲੀਆ ਆਉਣ ਦਾ ਮੌਕਾ ਮਿਲਿਆ। 2009-10 ਤੱਕ ਭਾਰਤ ਤੋਂ ਇੱਥੇ ਆਉਣ ਵਾਲਿਆਂ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ ਅਤੇ ਫਿਰ ਇਹ ਲਗਾਤਾਰ ਵਧਦੀ ਗਈ। ਉਨ੍ਹਾਂ ਨੂੰ ਅੱਜ ਆਸਟ੍ਰੇਲੀਆਈ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ 10 ਲੱਖ ਤੋਂ ਵੱਧ ਭਾਰਤੀ ਰਹਿ ਰਹੇ ਹਨ। ਇੱਕ ਮਿਲੀਅਨ ਲੋਕ ਇੱਥੇ ਕੰਮ ਕਰ ਰਹੇ ਹਨ ਅਤੇ ਸਥਾਈ ਤੌਰ ’ਤੇ ਵੱਸ ਚੁੱਕੇ ਹਨ।
ਤਿਵਾੜੀ ਨੇ ਇਹ ਵੀ ਕਿਹਾ ਕਿ ਬਹੁਤ ਥੋੜ੍ਹੇ ਸਮੇਂ ਵਿੱਚ ਭਾਰਤੀਆਂ ਦੀ ਤੇਜ਼ੀ ਨਾਲ ਆਮਦ ਹੋਈ ਹੈ ਅਤੇ ਉਹ ਆਸਟ੍ਰੇਲੀਆਈ ਸਮਾਜ ਵਿੱਚ ਚੰਗੀ ਤਰ੍ਹਾਂ ਰਲ-ਮਿਲ ਗਏ ਹਨ ਅਤੇ ਉਥੋਂ ਦੀ ਸਭਿਆਚਾਰਕ ਪਛਾਣ ਦਾ ਹਿੱਸਾ ਬਣ ਗਏ ਹਨ। ਆਸਟ੍ਰੇਲੀਆ ਭਾਰਤ ਨਾਲੋਂ ਢਾਈ ਗੁਣਾ ਵੱਡਾ ਹੈ, ਪਰ ਇਸਦੀ ਆਬਾਦੀ ਭਾਰਤ ਦੀ ਕੇਵਲ 1.97 ਫੀਸਦੀ ਹੈ। ਕਿਸੇ ਵੀ ਸਮਾਜ ਵਿੱਚ ਜਦੋਂ ਬਾਹਰੋਂ ਲੋਕ ਆ ਕੇ ਵੱਸਦੇ ਹਨ ਤਾਂ ਕੁਝ ਮੁੱਢਲੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਆਉਂਦੀਆਂ ਹਨ। ਇਸਦੇ ਨਾਲ ਹੀ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤੀ ਪ੍ਰਵਾਸੀ ਸਮਾਜ ਨੂੰ ਸਮ੍ਰਿੱਧ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ।
ਇਸ ਮੌਕੇ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ ਨੇ ਤਿਵਾੜੀ ਦਾ ਸਵਾਗਤ ਕੀਤਾ ਅਤੇ ਬੇਹਤਰੀਨ ਸੈਸ਼ਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗੱਲਬਾਤ ਦੌਰਾਨ ਤਿਵਾੜੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਪ੍ਰਵਾਸੀਆਂ ਵਿੱਚ ਪਾਰਟੀ ਦੀ ਪਹੁੰਚ ਨੂੰ ਮਜ਼ਬੂਤ ਕਰਨ ਸਬੰਧੀ ਆਈਓਸੀ ਦੇ ਅਹੁਦੇਦਾਰਾਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਇਸ ਵਿਚਾਰ-ਵਟਾਂਦਰੇ ਦਾ ਮੁੱਖ ਕੇਂਦਰ ਵਿਦੇਸ਼ ਵੱਸਦੇ ਭਾਰਤੀਆਂ ਨੂੰ ਇਕੱਠਾ ਕਰਨਾ ਅਤੇ ਕਾਂਗਰਸ ਨੇਤ੍ਰਿਤਵ ਅਤੇ ਐਨਆਰਆਈ ਸਮਰਥਕਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਰਿਹਾ।
ਤਿਵਾੜੀ ਨੇ ਜ਼ੋਰ ਦਿੰਦਿਆਂ, ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦਾ ਭਾਰਤੀ ਸਮਾਜ ਭਾਰਤ ਦੀਆਂ ਲੋਕਤਾਂਤਰਿਕ ਸੰਸਥਾਵਾਂ, ਅਰਥ ਵਿਵਸਥਾ ਅਤੇ ਸਮਾਜਿਕ ਸਾਂਝ ਬਾਰੇ ਵਿਸ਼ਵ ਪੱਧਰ ’ਤੇ ਰਾਏ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਮੂਲ ਦੇ ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਕਾਰੋਬਾਰੀ ਵਰਗ ਨਾਲ ਸਰਗਰਮ ਤੌਰ ’ਤੇ ਜੁੜਨ ਅਤੇ ਲੋਕਤੰਤਰ, ਸੰਘੀ ਢਾਂਚੇ, ਬੇਰੁਜ਼ਗਾਰੀ ਅਤੇ ਸਮਾਜਿਕ ਏਕਤਾ ਵਰਗੇ ਮੁੱਦਿਆਂ ’ਤੇ ਕਾਂਗਰਸ ਪਾਰਟੀ ਦਾ ਦ੍ਰਿਸ਼ਟੀਕੋਣ ਪੇਸ਼ ਕਰਨ। ਇਸ ਚਰਚਾ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਮੈਂਬਰਸ਼ਿਪ ਮੁਹਿੰਮ ਵਧਾਉਣ ਅਤੇ ਸੋਸ਼ਲ ਮੀਡੀਆ ਅਤੇ ਵਰਚੁਅਲ ਇੰਟਰਐਕਸ਼ਨਾਂ ਰਾਹੀਂ ਡਿਜ਼ਿਟਲ ਪਹੁੰਚ ਵਧਾਉਣ ’ਤੇ ਵੀ ਵਿਚਾਰ ਹੋਇਆ।
ਗੱਲਬਾਤ ਦੌਰਾਨ ਪੰਜਾਬੀ ਅਤੇ ਵਿਆਪਕ ਭਾਰਤੀ ਪ੍ਰਵਾਸੀ ਭਾਈਚਾਰੇ ਨਾਲ ਜੁੜੀਆਂ ਚਿੰਤਾਵਾਂ ਵੀ ਖਾਸ ਤੌਰ ’ਤੇ ਸਾਹਮਣੇ ਆਈਆਂ। ਤਿਵਾੜੀ ਨੇ ਵਿਦੇਸ਼ੀ ਆਗੂਆਂ ਨੂੰ ਭਾਰਤ ਵਿੱਚ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਅਤੇ ਵਿਸ਼ਵ ਭਰ ਦੇ ਭਾਰਤੀ ਭਾਈਚਾਰਿਆਂ ਦੇ ਨਜ਼ਰੀਏ ਸਾਂਝੇ ਕਰਕੇ ਨੀਤੀਗਤ ਸੁਝਾਅ ਦੇਣ ਲਈ ਪ੍ਰੇਰਿਤ ਕੀਤਾ।
ਮੀਟਿੰਗ ਦੌਰਾਨ ਤਿਵਾੜੀ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ, ਰੂਪ ਸ਼ਰਮਾ, ਗੁਰਦੀਪ ਸਿੰਘ ਵਾਲੀਆ ਤੇ ਹਰਸ਼ ਵਾਲੀਆ ਵੀ ਮੌਜੂਦ ਸਨ। ਇਸ ਸੈਸ਼ਨ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਮਨੋਜ ਸ਼ਿਓਰਾਨ, ਇੰਡੀਅਨ ਓਵਰਸੀਜ਼ ਯੂਥ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਗੁਰਜਿੰਦਰ ਸਿੰਘ ਗੈਵੀ, ਆਈਓਸੀ ਪੰਜਾਬ ਕੋਆਰਡੀਨੇਟਰ ਪ੍ਰੀਤ ਬੱਲ, ਦੀਪਕ ਰਾਜ ਗੁਪਤਾ, ਅੱਬਾਸ ਅਲਵੀ, ਹਰਿੰਦਰ ਸਿੰਘ ਭੱਟੀ ਸਮੇਤ ਪੂਰੀ ਆਈਓਸੀ ਟੀਮ ਨੇ ਸ਼ਿਰਕਤ ਕੀਤੀ। ਮੀਟਿੰਗ ਦਾ ਸਮਾਪਨ ਇੰਡੀਅਨ ਓਵਰਸੀਜ਼ ਯੂਥ ਕਾਂਗਰਸ (ਆਸਟ੍ਰੇਲੀਆ) ਦੇ ਪ੍ਰਧਾਨ ਗੁਰਜਿੰਦਰ ਸਿੰਘ ਗੈਵੀ ਵੱਲੋਂ ਸਾਰੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕਰਨ ਨਾਲ ਹੋਇਆ।
- Download Babushahi App
-
-