ਵਪਾਰੀ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ ਸਰਕਾਰ: ਦਰਸ਼ਨ ਮਹਾਜਨ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ, 18 ਮਈ
ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 'ਤੇ ਵਪਾਰੀ ਵਰਗ ਨਾਲ ਕੀਤੇ ਵਾਅਦੇ ਪਰੇ ਨਾ ਕਰਨ ਦੇ ਦੋਸ਼ ਲਗਾਉਂਦੈ ਹੋਏ ਕਿਹਾ ਕਿ ਸਰਕਾਰ ਵਪਾਰੀਆਂ ਨਾਲਸ਼ਰੇਆਮਮਤਰਿਆ ਵਿਵਹਾਰ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਵਪਾਰੀ ਵਰਗ ਨੂੰ ਕੋਈ ਢੰਗ ਦੀ ਸਹੂਲਤ ਨਹੀਂ ਦਿੱਤੀ ਗਈ। ਦੋ ਸਾਲ ਪਹਿਲਾਂ ਮੁੱਖ ਮੰਤਰੀ ਨਾਲ ਹੋਈ ਵਪਾਰੀ ਮਿਲਣੀ ਦੌਰਾਨ ਵਪਾਰੀਆਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਬਾਰੇ ਜਾਣੂ - ਕਰਵਾਇਆ ਗਿਆ ਸੀ, ਜਿਸ ਵੇਲੇ ਐਲਾਨ ਕੀਤਾ ਗਿਆ ਸੀ ਕਿ ਦੋ ਕਰੋੜ ਰੁਪਏ ਦੀ ਟਰਨਓਵਰ ਵਾਲੇ ਵਪਾਰੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਜਾਣਗੇ, ਪਰ ਅਜੇ ਤੱਕ ਕਿਸੇ ਵੀ ਵਪਾਰੀ ਦਾ ਕਾਰਡ ਨਹੀਂ ਬਣਿਆ।
ਦਰਸ਼ਨ ਮਹਾਜਨ ਨੇ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਵੀ ਵਾਅਦੇ ਕੀਤੇ ਗਏ ਸਨ, ਪਰ ਮੌਜੂਦਾ ਹਾਲਾਤਾਂ 'ਚ ਵਪਾਰੀ ਸਭ ਤੋਂ ਵੱਧ ਨੁਕਸਾਨ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੁੱਟਾਂ-ਖੋਹਾਂ, ਚੋਰੀਆਂ ਅਤੇ ਡਕੈਤੀਆਂ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਚਿੰਤਾਜਨਕ ਬਣ ਗਈ ਹੈ ਅਤੇ ਬਾਹਰਲੇ ਵਪਾਰੀ ਵੀ ਪੰਜਾਬ ਵਿੱਚ ਆਉਣ ਤੋਂ ਗੁਰੇਜ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ 'ਰੰਗਲਾ ਪੰਜਾਬ' ਦਾ ਨਾਰਾ ਲਾ ਕੇ ਲੋਕਾਂ ਤੋਂ ਵੋਟਾਂ ਲਈਆਂ ਸਨ, ਪਰ ਅਸਲ ਹਾਲਾਤ ਇਸ ਤੋਂ ਬਿਲਕੁਲ ਉਲਟ ਹਨ। ਜੇ ਸਰਕਾਰ ਸੱਚਮੁੱਚ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਮਨ-ਕਾਨੂੰਨ ਦੀ ਸਥਿਤੀ 'ਤੇ ਕਾਬੂ ਪਾਉਣਾ ਜਰੂਰੀ ਹੈ, ਤਾਂ ਜੋ ਵਪਾਰੀ ਅਤੇ ਆਮ ਨਾਗਰਿਕ ਨਿਡਰ ਮਾਹੌਲ ਵਿੱਚ ਆਪਣਾ ਕੰਮ ਕਰ ਸਕਣ।
ਦਰਸ਼ਨ ਮਹਾਜਨ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਵਪਾਰੀਆਂ ਵੱਲੋਂ ਦਿੱਤੇ ਟੈਕਸਾਂ ਨਾਲ ਹੀ ਭਰਦਾ ਹੈ ਅਤੇ ਉਨ੍ਹਾਂ ਟੈਕਸਾਂ ਦੇ ਆਧਾਰ 'ਤੇ ਹੀ ਸਰਕਾਰ ਵੱਖ-ਵੱਖ ਮੁਫ਼ਤ ਯੋਜਨਾਵਾਂ ਚਲਾ ਰਹੀ ਹੈ, ਜਦਕਿ ਵਪਾਰੀ ਵਰਗ ਨੂੰ ਕੋਈ ਸਿੱਧੀ ਸਹੂਲਤ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਸਰਕਾਰ ਕੋਲ ਮੰਗ ਕੀਤੀ ਕਿ ਕਮਰਸ਼ੀਅਲ ਬਿਜਲੀ ਦਰਾਂ ਨੂੰ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕੀਤਾ ਜਾਵੇ, ਹਰ ਵਪਾਰੀ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇ ਅਤੇ 60 ਸਾਲ ਤੋਂ ਉੱਪਰ ਦੇ ਵਪਾਰੀਆਂ ਲਈ ਘੱਟੋ-ਘੱਟ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਬੀਮਾ ਯੋਜਨਾ ਦੀ ਤਰ੍ਹਾਂ ਵਪਾਰੀਆਂ ਲਈ ਵੀ ਵੱਖਰੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਤਾਂ ਜੋ ਨੁਕਸਾਨ ਦੀ ਸਥਿਤੀ ਵਿੱਚ ਵਪਾਰੀਆਂ ਨੂੰ ਆਰਥਿਕ ਸਹਾਇਤਾ ਮਿਲ ਸਕੇ।
- Download Babushahi App
-
-