ਖੇਤੀਬਾੜੀ ਵਿਭਾਗ ਬਠਿੰਡਾ ਨੇ ਪਿੰਡ ਰਾਏਕੇ ਕਲਾਂ ਵਿਖੇ ਸ਼ੁਰੂ ਕਰਵਾਈ ਸੋਨੇ ਦੀ ਸਿੱਧੀ ਬਿਜਾਈ
ਕਿਸਾਨ ਵੀਰ ਸਿੱਧੀ ਬਿਜਾਈ ਤਕਨੀਕ ਅਪਣਾਕੇ ਧਰਤੀ ਹੇਠਲੇ ਪਾਣੀ ਦੀ ਕਰਨ ਬੱਚਤ : ਮੁੱਖ ਖੇਤੀਬਾੜੀ ਅਫ਼ਸਰ
ਅਸ਼ੋਕ ਵਰਮਾ
ਬਠਿੰਡਾ, 15 ਮਈ 2026 :ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਖੇਤੀਬਾੜੀ ਵਿਭਾਗ ਬਠਿੰਡਾ ਵੱਲੋਂ ਅੱਜ ਪਿੰਡ ਰਾਏਕੇ ਕਲਾਂ, ਬਲਾਕ ਸੰਗਤ ਵਿਖੇ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ ।
ਡਾ. ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੀ ਹਾਜ਼ਰੀ ਵਿੱਚ ਕਿਸਾਨ ਬੋਹੜ ਸਿੰਘ ਪੁੱਤਰ ਸਰਵਨ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਵਾਈ ਗਈ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਹੀ ਇਸ ਨਾਲ ਕਿਸਾਨਾਂ ਦਾ ਖਰਚਾ ਵੀ ਬਹੁਤ ਘੱਟ ਜਾਂਦਾ ਹੈ ਕਿਉਂਕਿ ਕੱਦੂ ਕਰਕੇ ਝੋਨਾ ਲਾਉਣ ਨਾਲ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ 10% ਤੋਂ 20% ਪਾਣੀ ਦੀ ਬੱਚਤ ਹੁੰਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦਾ 10-12 ਪ੍ਰਤੀਸ਼ਤ ਜ਼ਿਆਦਾ ਰੀਚਾਰਜ ਹੋ ਜਾਂਦਾ ਹੈ।
ਇਸ ਨਾਲ ਝੋਨੇ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਹਨ ਅਤੇ ਅਗਲੀ ਕਣਕ ਦੀ ਫਸਲ ਦਾ 100 ਕਿਲੋ ਪ੍ਰਤੀ ਏਕੜ ਝਾੜ ਵੀ ਵਧ ਜਾਂਦਾ ਹੈ । ਇਸ ਨਾਲ ਖੇਤ ਇਕ ਹਫ਼ਤਾ ਪਹਿਲਾਂ ਖਾਲੀ ਹੋ ਜਾਂਦਾ ਹੈ ਜਿਸ ਨਾਲ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਸਮਾਂ ਮਿਲ ਜਾਂਦਾ ਹੈ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਵੇ, ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ ਕਿਉਂ ਜੋ ਹਲਕੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਵੀ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾਂਦੀ ਹੈ, ਉਹ ਖੇਤੀਬਾੜੀ ਵਿਭਾਗ ਦੇ ਐਗਰੀ ਮਸ਼ੀਨਰੀ ਪੋਰਟਲ 'ਤੇ ਰਜਿਸਟਰ ਵੀ ਜ਼ਰੂਰ ਕਰਨ ਜਾਂ ਫਿਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਰਜਿਸਟਰਡ ਕਰਵਾ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਪ੍ਰੋਤਸ਼ਾਹਨ ਰਾਸ਼ੀ ਦਾ ਲਾਭ ਮਿਲ ਸਕੇ।
ਇਸ ਦੌਰਾਨ ਬਲਾਕ ਖੇਤੀਬਾੜੀ ਅਫਸਰ ਸੰਗਤ, ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਪਿੰਡ ਰਾਏਕੇ ਕਲਾਂ ਵਿਖੇ ਲਗਭਗ 2000 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘਾਹ ਵਾਲੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇੱਕ ਲੀਟਰ ਪ੍ਰਤੀ ਏਕੜ ਸਟੌਂਪ 30 ਈ.ਸੀ. ਜਾਂ ਪੇਪੇ 25 ਐਸ.ਈ. ਦਵਾਈ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇਕਰ ਬਿਜਾਈ ਟੇਡੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ ਅਤੇ ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ ਨਦੀਨਨਾਸ਼ਕ ਦਾ ਛਿੜਕਾਅ ਕਰੋ।
ਇਸ ਮੌਕੇ ਡਾ. ਦਿਲਪ੍ਰੀਤ ਸਿੰਘ ਏ.ਡੀ.ਓ. ਸੰਗਤ, ਡਾ. ਗੁਰਪ੍ਰੀਤ ਸਿੰਘ ਏ.ਡੀ.ਓ. (ਟੀ.ਏ.), ਡਾ. ਸੁਖਜੀਤ ਸਿੰਘ ਏ.ਡੀ.ਓ. (ਬੀਜ) ਅਤੇ ਮਿਸ ਰਵਨੀਤ ਕੌਰ ਏ.ਐੱਸ.ਆਈ, ਸ੍ਰੀ ਨਵਜੀਤ ਸਿੰਘ ਢਿੱਲੋਂ ਕੰਪਿਊਟਰ ਅਪਰੇਟਰ (ਆਤਮਾ) ਅਤੇ ਸ੍ਰੀ ਸੁਨੀਲ ਕੁਮਾਰ ਜੇ.ਟੀ.ਸੰਗਤ ਹਾਜ਼ਰ ਰਹੇ। ਇਸ ਦੇ ਨਾਲ ਹੀ ਸ੍ਰੀ ਚਰਨਜੀਤ ਸਿੰਘ ਸਰਪੰਚ ਰਾਏਕੇ ਕਲਾਂ, ਸ੍ਰੀ ਗੁਰਮੀਤ ਸਿੰਘ ਮੈਂਬਰ ਅਤੇ ਸ੍ਰੀ ਰਾਜਿੰਦਰ ਸਿੰਘ ਮੈਂਬਰ ਦਾ ਵਿਸ਼ੇਸ਼ ਸਹਿਯੋਗ ਰਿਹਾ।
- Download Babushahi App
-
-