ਰਾਸ਼ਨ ਡਿਪੂਆਂ 'ਤੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਉਣ ਦੀ ਹਦਾਇਤ
-ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਕੀਤਾ ਜ਼ਿਲ੍ਹਾ ਬਠਿੰਡਾ ਦਾ ਦੌਰਾ, ਕਾਰਗੁਜ਼ਾਰੀ ਦੀ ਕੀਤੀ ਸਮੀਖਿਆ
ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬਗੀਚੀਆਂ ਲਗਾਈਆਂ ਜਾਣ, ਬੱਚਿਆਂ ਨੂੰ ਪੋਸ਼ਟਿਕ ਖਾਣਾ ਦਿੱਤਾ ਜਾਵੇ
ਅਸ਼ੋਕ ਵਰਮਾ
ਬਠਿੰਡਾ, 12 ਮਈ 2026 : ਬਠਿੰਡਾ ਜ਼ਿਲ੍ਹੇ ਦੇ ਆਂਗਣਵਾੜੀ ਕੇਂਦਰਾਂ, ਮਿਡ-ਡੇਅ-ਮੀਲ ਸਥਾਨਾਂ, ਰਾਸ਼ਨ ਡਿਪੂਆਂ 'ਤੇ ਸਾਇਨ ਬੋਰਡ ਅਤੇ ਪੰਜਾਬ ਰਾਜ ਫ਼ੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਵਿਅਕਤੀ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਦੇ ਸਬੰਧ ਵਿਚ ਕਮਿਸ਼ਨ ਤੱਕ ਪਹੁੰਚ ਕਰ ਸਕੇ।
ਮੈਂਬਰ ਪੰਜਾਬ ਰਾਜ ਫੂਡ ਕਮਿਸ਼ਨ ਸ. ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹੇ ਵਿੱਚ ਰਾਸ਼ਨ ਵੰਡ ਪ੍ਰਣਾਲੀ, ਮਿਡ-ਡੇਅ-ਮੀਲ, ਆਂਗਨਵਾੜੀ ਕੇਂਦਰਾਂ ਦੇ ਕੰਮ-ਕਾਜ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਉਨ੍ਹਾਂ ਖਾਦ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰਾਸ਼ਨ ਦੀ ਸਮੇਂ-ਸਿਰ ਵੰਡ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਬਠਿੰਡਾ 'ਚ 2.13 ਲੱਖ ਰਾਸ਼ਨ ਕਾਰਡ ਧਾਰਕ ਹਨ, ਜਿਨ੍ਹਾਂ ਵਿਚੋਂ 88.8 ਫ਼ੀਸਦੀ ਦੀ ਈ ਕੇ.ਵਾਈ.ਸੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸ਼੍ਰੀ ਜਸਵੀਰ ਸਿੰਘ ਨੇ ਬਾਕੀ ਰਹਿੰਦੇ ਕਾਰਡਾਂ ਦੀ ਈ ਕੇ.ਵਾਈ.ਸੀ ਦੇ ਕੰਮ ਨੂੰ ਪਹਿਲ ਦੇ ਆਧਾਰ ਉੱਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਆਂਗਣਵਾੜੀ ਸੈਂਟਰਾਂ, ਮਿਡ-ਡੇਅ-ਮੀਲ ਸਥਾਨਾਂ, ਰਾਸ਼ਨ ਡਿਪੂਆਂ ‘ਤੇ ਸਾਇਨ ਬੋਰਡ ਅਤੇ ਕਮਿਸ਼ਨ ਦਾ ਹੈਲਪ ਲਾਈਨ ਨੰਬਰ 98767-64545 ਲਿਖਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਰਾਸ਼ਨ ਡਿਪੂ ਅਜਿਹਾ ਨਹੀਂ ਕਰਦਾ ਤਾਂ ਬਣਦੀ ਕਾਰਵਾਈ ਕੀਤੀ ਜਾਵੇ।
ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰੋਗਰਾਮ ਦਫਤਰ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿਚ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਬਗੀਚੀਆਂ ਬਣਾਈਆਂ ਜਾਣ ਜਿਥੇ ਮੌਸਮ ਅਨੁਸਾਰ ਸਬਜ਼ੀਆਂ ਅਤੇ ਫ਼ਲ ਦੀ ਕਾਸ਼ਤ ਕਰਕੇ ਉਸ ਦੀ ਵਰਤੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਭੋਜ਼ਨ ‘ਚ ਕੀਤੀ ਜਾਵੇ। ਉਨ੍ਹਾਂ ਨਾਲ ਹੀ ਸਿਹਤ ਵਿਭਾਗ ਰਾਹੀਂ ਵਿਦਿਆਰਥੀਆਂ ਨੂੰ ਆਇਰਨ ਸਪਲੀਮੈਂਟ, ਸਮੇਂ 'ਤੇ ਟੀਕਾਕਰਨ ਯਕੀਨੀ ਬਣਾਉਣ ਸਬੰਧੀ ਹਿਦਾਯਤ ਕੀਤੀ।
ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਲਈ ਖੇਡਣ ਦਾ ਸਮਾਨ, ਸਾਫ ਪੀਣ ਵਾਲਾ ਪਾਣੀ, ਬੱਚਿਆਂ ਨੂੰ ਸਮੇਂ 'ਤੇ ਰਾਸ਼ਨ, ਘਰੇਲੂ ਬਗੀਚੀ ਆਦਿ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਦੇ ਖਾਣਾ ਖਾਣ ਦੀ ਜਗ੍ਹਾ ਸਾਫ਼-ਸੁਥਰੀ ਅਤੇ ਹਵਾਦਾਰ ਤੋਂ ਇਲਾਵਾ ਸਮਾਨ ਰੱਖਣ ਲਈ ਢੁਕਵੀਂ ਜਗ੍ਹਾ ਹੋਣੀ ਚਾਹੀਦੀ ਹੈ। ਉਨ੍ਹਾਂ ਮਿਡ-ਡੇਅ-ਮੀਲ ਹੈਲਪਰਾਂ ਅਤੇ ਕੁੱਕ ਬੀਬੀਆਂ ਦਾ ਸਮੇਂ-ਸਮੇਂ 'ਤੇ ਸਿਹਤ ਚੈੱਕਅਪ ਕਰਨ ਸਬੰਧੀ ਨਿਰਦੇਸ਼ ਦਿੱਤੇ।
ਇਸ ਮੌਕੇ ਜ਼ਿਲ੍ਹਾ ਫੂਡ ਤੇ ਸਿਵਿਲ ਸਪਲਾਈ ਕੰਟਰੋਲਰ ਸ. ਦਲਜੀਤ ਸਿੰਘ ਸੰਧੂ, ਫ਼ੂਡ ਸਪਲਾਈ ਅਫਸਰ ਸ਼੍ਰੀ ਹਰਸ਼ਿਤ ਮਹਿਤਾ, ਜ਼ਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਮਤਾ ਖੁਰਾਣਾ ਸੇਠੀ ਅਤੇ ਹੋਰ ਅਫ਼ਸਰ ਹਾਜ਼ਰ ਸਨ।
ਰਾਮਨਗਰ ਸਰਕਾਰੀ ਸਕੂਲ ਵਿਖੇ ਕੀਤਾ ਗਿਆ ਨਿਰੀਖਣ
ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ਼੍ਰੀ ਜਸਵੀਰ ਸਿੰਘ ਸੇਖੋਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਅਤੇ ਆਂਗਣਵਾੜੀ ਕੇਂਦਰ ਰਾਮਨਗਰ (ਮੌੜ) ਦਾ ਦੌਰਾ ਕੀਤਾ। ਉਨ੍ਹਾਂ ਸਕੂਲ 'ਚ ਵਰਤੇ ਜਾਣ ਵਾਲੇ ਰਾਸ਼ਨ ਦੀ ਚੈਕਿੰਗ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਆਂਗਣਵਾੜੀ ਕੇਂਦਰ ਵਿਖੇ ਉਨ੍ਹਾਂ ਫ਼ੂਡ ਪੈਕਟਾਂ ਦੀ ਚੈਕਿੰਗ ਕੀਤੀ। ਦੋਨੋਂ ਹੀ ਥਾਵਾਂ ਤੇ ਕੰਮ ਤਸੱਲੀਬਖਸ਼ ਪਾਇਆ ਗਿਆ ।
- Download Babushahi App
-
-