ਨੌਜਵਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਵੱਡਾ ਵਿਸ਼ਵਾਸ : ਹਰਮੀਤ ਸਿੰਘ ਕਾਲਕਾ
ਸਵਿੰਦਰ ਸਿੰਘ ਕੋਹਲੀ ਮੀਤ ਪ੍ਰਧਾਨ ਨਿਯੁਕਤ
ਨਵੀਂ ਦਿੱਲੀ 12 ਮਈ 2026- ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਿਨੋਂ-ਦਿਨ ਦਿੱਲੀ ਵਿੱਚ ਮਜ਼ਬੂਤੀ ਵੱਲ ਵੱਧ ਰਹੀ ਹੈ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਦੀ ਪੰਥਕ ਸੋਚ, ਲੋਕ ਸੇਵਾ ਪ੍ਰਤੀ ਵਚਨਬੱਧਤਾ ਅਤੇ ਨੌਜਵਾਨਾਂ ਨੂੰ ਅੱਗੇ ਲਿਆਂਦੇ ਜਾਣ ਦੀ ਨੀਤੀ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਨਾਲ ਜੁੜ ਰਹੇ ਹਨ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 8 ਰਾਣੀ ਬਾਗ਼ ਇਲਾਕੇ ਵਿੱਚ ਸਰਦਾਰ ਸਵਿੰਦਰ ਸਿੰਘ ਕੋਹਲੀ ਅਤੇ ਹਰਜਿੰਦਰ ਸਿੰਘ ਸਨੀ ਦੀ ਪ੍ਰੇਰਣਾ ਸਦਕਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ ਕਰਕੇ ਪਾਰਟੀ ਨੂੰ ਨਵੀਂ ਤਾਕਤ ਬਖ਼ਸ਼ੀ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਨੌਜਵਾਨਾਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਕਿਹਾ ਕਿ ਇਹ ਨੌਜਵਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਿਹਨਤੀ, ਪੜ੍ਹੇ-ਲਿਖੇ ਅਤੇ ਸਮਾਜ ਸੇਵਾ ਦੇ ਜਜ਼ਬੇ ਨਾਲ ਭਰੇ ਨੌਜਵਾਨਾਂ ਦਾ ਪਾਰਟੀ ਨਾਲ ਜੁੜਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹਨਾਂ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਪਾਰਟੀ ਦੀ ਜ਼ਮੀਨੀ ਪਕੜ ਹੋਰ ਮਜ਼ਬੂਤ ਹੋਵੇਗੀ ਅਤੇ ਦਿੱਲੀ ਵਿੱਚ ਪੰਥਕ ਅਤੇ ਸਮਾਜਿਕ ਮਸਲਿਆਂ ਲਈ ਲੜਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜੀ ਜਾਵੇਗੀ।
ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਦੇ ਨੌਜਵਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨਾਲ ਜੁੜਨ ਲਈ ਬੇਹੱਦ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਹਮੇਸ਼ਾਂ ਨੌਜਵਾਨ ਤਾਕਤ ਨੂੰ ਅੱਗੇ ਲਿਆਂਦੇ ਜਾਣ ‘ਤੇ ਵਿਸ਼ਵਾਸ ਕਰਦੀ ਆਈ ਹੈ ਅਤੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਯੋਗ ਨੌਜਵਾਨਾਂ ਨੂੰ ਸਿਰਫ਼ ਪਾਰਟੀ ਵਿੱਚ ਹੀ ਨਹੀਂ, ਸਗੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ, ਤਾਂ ਜੋ ਉਹ ਸਿੱਖ ਕੌਮ ਅਤੇ ਸਮਾਜ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।
ਇਸ ਮੌਕੇ ‘ਤੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਰਦਾਰ ਸਵਿੰਦਰ ਸਿੰਘ ਕੋਹਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸਵਿੰਦਰ ਸਿੰਘ ਕੋਹਲੀ ਦੀ ਅਗਵਾਈ ਹੇਠ ਨੌਜਵਾਨ ਵਰਗ ਪਾਰਟੀ ਦੀ ਮਜ਼ਬੂਤੀ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਹੋਰ ਵੱਧ ਚੜ੍ਹ ਕੇ ਯੋਗਦਾਨ ਪਾਉਣਗੇ।
- Download Babushahi App
-
-