ਟਰੱਕ ਡਰਾਈਵਰਾਂ ਨੂੰ ਅਮਰੀਕਾ ਵਿੱਚ ਲਾਈਫ ਇੰਸ਼ੋਰੈਂਸ ਜ਼ਰੂਰ ਕਰਾਉਣੀ ਚਾਹੀਦੀ ਹੈ, GoFundMe ਕੋਈ ਪੱਕਾ ਹੱਲ ਨਹੀਂ
ਲੇਖਕ — ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਅਮਰੀਕਾ ਵਿੱਚ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਿਨੋਂ ਦਿਨ ਹੋਰ ਜ਼ਿਆਦਾ ਖ਼ਤਰਨਾਕ ਅਤੇ ਦਬਾਅ ਭਰੀ ਬਣਦੀ ਜਾ ਰਹੀ ਹੈ। ਹਰ ਰੋਜ਼ ਹਜ਼ਾਰਾਂ ਮੀਲਾਂ ਦਾ ਸਫ਼ਰ, ਲੰਬੇ ਘੰਟਿਆਂ ਦੀ ਡਰਾਈਵਿੰਗ, ਘੱਟ ਸੌਣਾਂ, ਗਲਤ ਖੁਰਾਕ , ਕਸਰਤ ਨਾ ਬਰਾਬਰ ਅਤੇ ਤਣਾਅ — ਇਹ ਸਭ ਕੁਝ ਡਰਾਈਵਰ ਦੀ ਸਿਹਤ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਹੈ। ਇਸ ਕਰਕੇ ਅੱਜ ਕੱਲ੍ਹ ਬਹੁਤ ਸਾਰੇ ਟਰੱਕ ਡਰਾਈਵਰ ਜਾਂ ਤਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਾਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਨਾਲ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਆਖ ਰਹੇ ਹਨ।
ਜਦੋਂ ਘਰ ਦਾ ਕਮਾਊ ਜੀਅ ਅਚਾਨਕ ਚਲਾ ਜਾਂਦਾ ਹੈ ਤਾਂ ਪਿੱਛੇ ਰਹਿ ਜਾਂਦਾ ਹੈ ਇੱਕ ਰੋਂਦਾ ਪਰਿਵਾਰ, ਛੋਟੇ ਬੱਚੇ, ਮਾਪੇ ਅਤੇ ਕਰਜ਼ਿਆਂ ਦਾ ਬੋਝ। ਦੁੱਖ ਦੇ ਨਾਲ ਨਾਲ ਪਰਿਵਾਰ ਉੱਤੇ ਆਰਥਿਕ ਮਾਰ ਵੀ ਪੈਂਦੀ ਹੈ। ਫਿਰ ਮਦਦ ਲਈ GoFundMe ਵਰਗੇ ਪਲੇਟਫਾਰਮਾਂ ਦਾ ਸਹਾਰਾ ਲਿਆ ਜਾਂਦਾ ਹੈ। ਲੋਕ ਹਮਦਰਦੀ ਵਿੱਚ ਮਦਦ ਕਰਦੇ ਵੀ ਹਨ, ਪਰ ਹਕੀਕਤ ਇਹ ਹੈ ਕਿ ਵੀਹ-ਤੀਹ ਹਜ਼ਾਰ ਡਾਲਰ ਕਿਸੇ ਪਰਿਵਾਰ ਦੀ ਲੰਬੇ ਸਮੇਂ ਲਈ ਜ਼ਿੰਦਗੀ ਨਹੀਂ ਚਲਾ ਸਕਦੇ।
ਟਰੱਕਿੰਗ ਅਮਰੀਕਾ ਦੀਆਂ ਸਭ ਤੋਂ ਰਿਸਕੀ ਜੌਬਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਡਰਾਈਵਰ ਹਰ ਵੇਲੇ ਖ਼ਤਰੇ ਦੇ ਸਾਏ ਹੇਠ ਕੰਮ ਕਰਦਾ ਹੈ। ਕਦੇ ਮੌਸਮ ਖ਼ਰਾਬ, ਕਦੇ ਨੀਂਦ ਦੀ ਕਮੀ, ਕਦੇ ਸੜਕ ਹਾਦਸਾ ਅਤੇ ਕਦੇ ਸਿਹਤ ਦੀ ਅਚਾਨਕ ਗਿਰਾਵਟ। ਇਹੋ ਜਿਹੇ ਹਾਲਾਤਾਂ ਵਿੱਚ ਹਰ ਟਰੱਕ ਡਰਾਈਵਰ ਲਈ ਲਾਈਫ ਇੰਸ਼ੋਰੈਂਸ ਕੋਈ ਸ਼ੌਂਕ ਨਹੀਂ, ਸਗੋਂ ਲੋੜ ਹੈ।
ਅੱਜ ਅਮਰੀਕਾ ਵਿੱਚ 25 ਤੋਂ 30 ਸਾਲ ਦੇ ਨੌਜਵਾਨ ਡਰਾਈਵਰ ਨੂੰ ਪੰਜ ਲੱਖ ਡਾਲਰ ਦੀ ਟਰਮ ਲਾਈਫ ਇੰਸ਼ੋਰੈਂਸ ਕਈ ਵਾਰ ਮਹੀਨੇ ਦੇ 40 ਤੋਂ 50 ਡਾਲਰ ਵਿੱਚ ਮਿਲ ਸਕਦੀ ਹੈ। ਇਹ ਰਕਮ ਇੱਕ ਵੱਡੇ ਪੀਜ਼ੇ ਦੇ ਖ਼ਰਚੇ ਤੋਂ ਵੀ ਘੱਟ ਹੈ, ਪਰ ਜੇ ਰੱਬ ਨਾ ਕਰੇ ਕੋਈ ਅਣਹੋਣੀ ਹੋ ਜਾਵੇ ਤਾਂ ਇਹੀ ਇੰਸ਼ੋਰੈਂਸ ਪਰਿਵਾਰ ਲਈ ਵੱਡਾ ਸਹਾਰਾ ਬਣ ਸਕਦੀ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੰਸ਼ੋਰੈਂਸ ਸਿਰਫ਼ ਸਿਟੀਜ਼ਨ ਲਈ ਹੀ ਨਹੀਂ। ਵਰਕ ਪਰਮਿਟ, ਗ੍ਰੀਨ ਕਾਰਡ ਜਾਂ ਹੋਰ ਕਾਨੂੰਨੀ ਸਟੇਟਸ ਵਾਲੇ ਲੋਕ ਵੀ ਇਹ ਟਰਮ ਇੰਸ਼ੋਰੈਂਸ ਕਰਵਾ ਸਕਦੇ ਹਨ। ਡਰਾਈਵਰ ਆਪਣੀ ਮਰਜ਼ੀ ਨਾਲ ਕਿਸੇ ਵੀ ਵਿਅਕਤੀ ਨੂੰ ਬੈਨੇਫਿਸ਼ਰੀ ਬਣਾ ਸਕਦਾ ਹੈ — ਚਾਹੇ ਉਸਦੇ ਮਾਪੇ , ਬੱਚੇ ਤੇ ਪਤਨੀ ਪੰਜਾਬ ਵਿੱਚ ਹੋਣ ਜਾਂ ਦੁਨੀਆਂ ਵਿੱਚ ਕਿੱਧਰੇ ਵੀ ਕਿਸੇ ਹੋਰ ਦੇਸ਼ ਵਿੱਚ। ਮੌਤ ਤੋਂ ਬਾਅਦ ਇਹ ਰਕਮ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਉਹਨਾਂ ਤੱਕ ਪਹੁੰਚ ਸਕਦੀ ਹੈ।
ਮੈਂ ਖ਼ੁਦ ਹਰ ਹਫ਼ਤੇ ਦੋ-ਤਿੰਨ GoFundMe ਦੀਆਂ ਪੋਸਟਾਂ ਸਾਂਝੀਆਂ ਕਰਦਾ ਹਾਂ। ਲੋਕ ਮਦਦ ਵੀ ਕਰਦੇ ਹਨ, ਪਰ ਹਰ ਵਾਰ ਦਾਨਾਂ ਦੇ ਸਹਾਰੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ। ਹੁਣ ਸਵਾਲ ਇਹ ਵੀ ਹੈ ਕਿ ਦਾਨੀ ਲੋਕ ਕਿੰਨੇ ਲੋਕਾਂ ਲਈ ਮਦਦ ਕਰਦੇ ਰਹਿਣਗੇ? ਇਸ ਲਈ ਸਮੇਂ ਸਿਰ ਸੋਚਣਾ ਬਹੁਤ ਜ਼ਰੂਰੀ ਹੈ।
ਮੈਂ ਕੋਈ ਇੰਸ਼ੋਰੈਂਸ ਏਜੰਟ ਨਹੀਂ ਹਾਂ। ਇੱਕ ਟਰੱਕ ਡਰਾਈਵਰ ਹੋਣ ਦੇ ਨਾਤੇ ਸਿਰਫ਼ ਆਪਣੇ ਭਰਾਵਾਂ ਨੂੰ ਸਲਾਹ ਦੇ ਰਿਹਾ ਹਾਂ ਕਿ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਅੱਜ ਹੀ ਸੋਚੋ। ਮਹੀਨੇ ਦੇ ਕੁਝ ਡਾਲਰ ਬਚਾ ਕੇ ਆਪਣੀ ਪਤਨੀ, ਬੱਚਿਆਂ ਅਤੇ ਮਾਪਿਆਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
GoFundMe ਹਮਦਰਦੀ ਦਾ ਸਹਾਰਾ ਹੋ ਸਕਦਾ ਹੈ, ਪਰ ਲਾਈਫ ਇੰਸ਼ੋਰੈਂਸ ਪਰਿਵਾਰ ਦੀ ਅਸਲੀ ਸੁਰੱਖਿਆ ਹੈ।
ਆਪਣੇ ਲਈ ਨਹੀਂ ਤਾਂ ਆਪਣੇ ਬੱਚਿਆਂ ਦੇ ਭਵਿੱਖ ਲਈ — ਅੱਜ ਹੀ ਲਾਈਫ ਇੰਸ਼ੋਰੈਂਸ ਲਵੋ।
- Download Babushahi App
-
-