ਸਫਾਈ ਸੇਵਕਾਂ ਤੋਂ ਮਿਊਂਸੀਪਲ ਐਕਟ ਦੇ ਉਲਟ ਕੰਮ- ਜਗਰਾਉਂ ਵਿੱਚ ਸਫਾਈ ਪ੍ਰਣਾਲੀ ਠੱਪ
ਯੂਨੀਅਨ ਦਾ ਤਿੱਖਾ ਸੰਘਰਸ਼ ਸ਼ੁਰੂ ਇਨਸਾਫ ਤੱਕ ਚੱਲੂ ਮੋਰਚਾ
ਜਗਰਾਉਂ, 24 ਅਪ੍ਰੈਲ (ਦੀਪਕ ਜੈਨ)
ਨਗਰ ਕੌਂਸਲ ਜਗਰਾਉਂ ਦੀ ਲਾਪਰਵਾਹੀ ਅਤੇ ਪ੍ਰਸ਼ਾਸਨਿਕ ਗ਼ਲਤ ਨੀਤੀਆਂ ਦੇ ਖ਼ਿਲਾਫ਼ ਅੱਜ ਸਫਾਈ ਸੇਵਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਗਿਆ। ਮਿਊਂਸੀਪਲ ਐਕਟ ਦੇ ਸਪਸ਼ਟ ਨਿਯਮਾਂ ਦੇ ਬਾਵਜੂਦ ਸਫਾਈ ਸੇਵਕਾਂ ਤੋਂ ਸਫਾਈ ਦੀ ਥਾਂ ਦਫਤਰੀ ਕੰਮ ਲੈਣ ਦੇ ਮਾਮਲੇ ਨੇ ਸ਼ਹਿਰ ਦੀ ਸਫਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਗੁੱਸੇ ਵਿੱਚ ਆਏ ਸਫਾਈ ਕਰਮਚਾਰੀਆਂ ਨੇ ਕੰਮ ਕਾਜ ਠੱਪ ਕਰਦੇ ਹੋਏ ਨਗਰ ਕੌਂਸਲ ਦਫਤਰ ਅੰਦਰ ਧਰਨਾ ਦੇ ਦਿੱਤਾ।
ਜਾਣਕਾਰੀ ਮੁਤਾਬਕ ਕਈ ਰਾਜਨੀਤਿਕ ਆਗੂਆਂ ਦੀ ਸਿਫ਼ਾਰਸ਼ ‘ਤੇ ਆਪਣੇ ਚਹੇਤੇ ਸਫਾਈ ਕਰਮਚਾਰੀਆਂ ਨੂੰ ਦਫਤਰੀ ਡਿਊਟੀਆਂ ‘ਤੇ ਲਾਇਆ ਗਿਆ ਹੈ, ਜਦਕਿ ਉਹਨਾਂ ਤੋਂ ਮੈਦਾਨੀ ਸਫਾਈ ਦਾ ਕੰਮ ਨਹੀਂ ਲਿਆ ਜਾ ਰਿਹਾ। ਕਰੀਬ ਪੰਜ ਕਰਮਚਾਰੀ ਨਗਰ ਕੌਂਸਲ ਜਗਰਾਉਂ ਦਫਤਰ ਵਿੱਚ ਬੈਠੇ ਹਨ, ਜਿਸ ਦਾ ਸਿੱਧਾ ਅਸਰ ਇਹ ਹੋਇਆ ਕਿ ਬਾਕੀ ਸਫਾਈ ਸੇਵਕਾਂ ‘ਤੇ ਕੰਮ ਦਾ ਬੋਝ ਬੇਹੱਦ ਵੱਧ ਗਿਆ ਹੈ। ਇਸ ਅਨਿਆਂ ਕਾਰਨ ਨਾ ਸਿਰਫ਼ ਉਹਨਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਮਾਨਸਿਕ ਤਣਾਅ ਵੀ ਵਧ ਰਿਹਾ ਹੈ।
ਸਫਾਈ ਸੇਵਕ ਯੂਨੀਅਨ (ਪੰਜਾਬ ਬ੍ਰਾਂਚ, ਜਗਰਾਉਂ) ਨੇ ਇਸਨੂੰ ਸਾਫ਼ ਤੌਰ ‘ਤੇ “ਸਿਸਟਮੈਟਿਕ ਸ਼ੋਸ਼ਣ” ਕਰਾਰ ਦਿੰਦਿਆਂ ਸੰਘਰਸ਼ ਦਾ ਐਲਾਨ ਕੀਤਾ। ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਵੇਰੇ ਤੋਂ ਹੀ ਸੈਂਕੜਿਆਂ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਇਹ ਸਪਸ਼ਟ ਕਰ ਦਿੱਤਾ ਕਿ ਜਦ ਤੱਕ ਦਫਤਰਾਂ ਵਿੱਚ ਬੈਠੇ ਸਫਾਈ ਕਰਮਚਾਰੀਆਂ ਨੂੰ ਮੈਦਾਨ ਵਿੱਚ ਵਾਪਸ ਨਹੀਂ ਭੇਜਿਆ ਜਾਂਦਾ, ਇਹ ਸੰਘਰਸ਼ ਰੁਕਣ ਵਾਲਾ ਨਹੀਂ।
ਯੂਨੀਅਨ ਵੱਲੋਂ ਇਸ ਸੰਘਰਸ਼ ਨੂੰ “ਪੱਕਾ ਮੋਰਚਾ” ਕਰਾਰ ਤਾਂ ਦੇ ਦਿੱਤਾ ਗਿਆ, ਪਰ ਮੌਕੇ ‘ਤੇ ਬੈਠੇ ਕਰਮਚਾਰੀਆਂ ਲਈ ਟੈਂਟ, ਕੂਲਰ ਅਤੇ ਬੈਠਣ ਲਈ ਸਾਰੇ ਢੰਗ ਦੇ ਪ੍ਰਬੰਧ ਕੀਤੇ ਗਏ। ਇਸ ਵਾਰ ਯੂਨੀਅਨ ਵੱਲੋਂ ਪੂਰੀ ਤਿਆਰੀ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ।
ਸ਼ਹਿਰ ਵਿੱਚ ਪਹਿਲਾਂ ਹੀ ਕੂੜੇ ਦੇ ਢੇਰ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਪਏ ਹਨ ਅਤੇ ਹੁਣ ਸਫਾਈ ਸੇਵਕਾਂ ਦੀ ਹੜਤਾਲ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਅਤੇ ਉਹ ਨਗਰ ਕੌਂਸਲ ਦੀ ਨਾਕਾਮੀ ‘ਤੇ ਸਿੱਧੇ ਸਵਾਲ ਉਠਾ ਰਹੇ ਹਨ।
ਜੇ ਪ੍ਰਸ਼ਾਸਨ ਨੇ ਤੁਰੰਤ ਹਾਲਾਤ ‘ਤੇ ਕਾਬੂ ਨਾ ਪਾਇਆ ਤਾਂ ਜਗਰਾਉਂ ਵਿੱਚ ਸਫਾਈ ਸੰਕਟ ਵੱਡੇ ਸਿਹਤ ਸੰਕਟ ਦਾ ਰੂਪ ਧਾਰ ਸਕਦਾ ਹੈ।
Click to Follow Babushahi Facebook page →