ਸਮਰਾਲਾ ਪੁਲਿਸ ਦੀ ਵੱਡੀ ਸਫਲਤਾ: ਭਾਜਪਾ ਆਗੂ ਤੇ ਸਰਪੰਚ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲੇ ਗਰੋਹ ਦੇ 5 ਮੈਂਬਰ ਕਾਬੂ
Ravinder Singh
ਸਮਰਾਲਾ, 23 ਅਪ੍ਰੈਲ 2026- ਸਮਰਾਲਾ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮਹਿਜ਼ 48 ਘੰਟਿਆਂ ਦੇ ਅੰਦਰ ਫਿਰੌਤੀ ਮੰਗਣ ਦੇ ਇੱਕ ਹਾਈ-ਪ੍ਰੋਫਾਈਲ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਹਲਕਾ ਸਮਰਾਲਾ ਦੇ ਪਿੰਡ ਮਜਾਲੀ ਕਲਾਂ ਦੇ ਸਰਪੰਚ ਅਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਬਲਜੀਤ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਿੰਡ ਮਜਾਲੀ ਕਲਾਂ ਦੇ ਸਰਪੰਚ ਬਲਜੀਤ ਸਿੰਘ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਡੀ.ਐਸ.ਪੀ. ਪ੍ਰਿਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੈਕਨੀਕਲ ਬਰਾਂਚ ਦੀ ਮਦਦ ਨਾਲ ਤੁਰੰਤ ਜਾਂਚ ਸ਼ੁਰੂ ਕੀਤੀ ਗਈ।
ਪੁਲਿਸ ਨੇ ਟੈਕਨੀਕਲ ਪੜਤਾਲ ਅਤੇ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਨਿਰਮਲ ਸਿੰਘ ਅਤੇ ਰਾਣੀ (ਵਾਸੀ ਛੋਟਾ ਸੁਰਤਾਪੁਰ, ਚਮਕੌਰ ਸਾਹਿਬ) ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਸਿਮ ਕਾਰਡ ਕਾਕੂ (ਵਾਸੀ ਲੁਧਿਆਣਾ) ਨਾਮ ਦੇ ਵਿਅਕਤੀ ਰਾਹੀਂ ਮੁਹੱਈਆ ਕਰਵਾਇਆ ਗਿਆ ਸੀ।
ਪੁਲਿਸ ਨੇ ਕਾਕੂ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਸ ਪੂਰੀ ਸਾਜ਼ਿਸ਼ ਦੇ ਮੁੱਖ ਮੈਂਬਰਾਂ ਦਾ ਖੁਲਾਸਾ ਹੋਇਆ। ਇਸ ਮਾਮਲੇ ਵਿੱਚ ਸ਼ਰੀਫ ਅਲੀ (ਵਾਸੀ ਬਾਂਦੇਵਾਲ, ਰੋਪੜ) ਅਤੇ ਪਿੰਡ ਮੰਜਲੀਆਂ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਲਾਡੀ ਉਰਫ ਆਜ਼ਾਦ ਬਾਬਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੇ ਕਥਿਤ ਤੌਰ 'ਤੇ ਸਰਪੰਚ ਨੂੰ ਧਮਕੀ ਭਰਿਆ ਫੋਨ ਕੀਤਾ ਸੀ।
ਡੀ.ਐਸ.ਪੀ. ਸਮਰਾਲਾ ਅਨੁਸਾਰ, ਫੜੇ ਗਏ ਮੁਲਜ਼ਮ ਸ਼ਰੀਫ ਅਲੀ ਅਤੇ ਹਰਦੀਪ ਸਿੰਘ ਪਹਿਲਾਂ ਹੀ 14 ਅਪ੍ਰੈਲ ਨੂੰ ਪਾਇਲ ਵਿਖੇ ਹੋਈ ਇੱਕ ਫਾਇਰਿੰਗ ਦੀ ਘਟਨਾ ਵਿੱਚ ਲੋੜੀਂਦੇ ਸਨ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਸਮਰਾਲਾ, ਪਾਇਲ ਅਤੇ ਮਿਹਰਬਾਨ ਥਾਣਿਆਂ ਵਿੱਚ ਪਹਿਲਾਂ ਵੀ ਕਈ ਅਪਰਾਧਿਕ ਮੁਕਦਮੇ ਦਰਜ ਹਨ। ਪੁਲਿਸ ਨੂੰ ਉਮੀਦ ਹੈ ਕਿ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਅਤੇ ਹੋਰ ਵਾਰਦਾਤਾਂ ਦੇ ਸੁਲਝਣ ਦੀ ਸੰਭਾਵਨਾ ਹੈ।
Click to Follow Babushahi Facebook page →