Political Special ਜਾਣਦਾ ਨਿਆਣਾ ਤੇ ਸਿਆਣਾ ਬੱਲੀਏ- ਬਾਦਲਾਂ ਨੂੰ ਸੱਤਾ ਲਈ ਛੱਡਣਾ ਪਊ ਗੜ੍ਹ ਲੰਬੀ ਵਾਲਾ ਬੱਲੀਏ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2026 : ਪੰਜਾਬ ’ਚ ਭਾਰਤੀ ਜੰਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਨ ਨਾਬੀਨ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਲੜਨ ਦੇ ਐਲਾਨ ਤੋਂ ਸੂਬੇ ਦੀਆਂ ਕਰੀਬ ਤਿੰਨ ਦਰਜਨ ਸੀਟਾਂ ਸ਼੍ਰੋਮਣੀ ਅਕਾਲੀ ਦਲ ਲਈ ਅਗਨੀ ਪ੍ਰੀਖਿਆ ਬਣਨਗੀਆਂ ਜਿੱਥੇ ਸ਼ਹਿਰੀ ਵੋਟਰ ਆਪਣਾ ਜਬਰਦਸਤ ਪ੍ਰਭਾਵ ਰੱਖਦੇ ਹਨ। ਇੰਨ੍ਹਾਂ ਸ਼ਹਿਰੀ ਇਲਾਕਿਆਂ ’ਚ ਹਿੰਦੂ ਵੋਟਰ ਅਤੇ ਵਪਾਰੀ ਵਰਗ ਹੈ ਜਿਸ ਨੂੰ ਹਾਲੇ ਤੱਕ ਅਕਾਲੀ ਦਲ ਆਪਣੇ ਨਾਲ ਜੋੜਨ ’ਚ ਪੂਰੀ ਤਰਾਂ ਸਫਲ ਨਹੀਂ ਹੋ ਸਕਿਆ ਹੈ। ਸ਼ਹਿਰੀ ਹਲਕਿਆਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਦੋਂ ਵੀ ਜਿੱਤ ਹਾਸਲ ਕੀਤੀ ਹੈ ਤਾਂ ਉਸ ਵਿੱਚ ਭਾਜਪਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਰਿਵਾਇਤੀ ਵੋਟ ਬੈਂਕ ਮੁੱਖ ਤੌਰ ’ਤੇ ਪੰਥਕ ਅਤੇ ਪੇਂਡੂ ਖੇਤਰਾਂ ਵਿੱਚ ਹੀ ਹੈ ਜਦੋਂਕਿ ਅੰਮ੍ਰਿਤਸਰ , ਲੁਧਿਆਣਾ , ਪਟਿਆਲਾ ਅਤੇ ਜਲੰਧਰ ਆਦਿ ’ਚ ਪਾਰਟੀ ਦਾ ਪ੍ਰਦਰਸ਼ਨ ਤਕਰੀਬਨ ਨਿਰਾਸ਼ਾਜਨਕ ਹੀ ਰਿਹਾ ਹੈ।
ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਤਾਂ ਪੰਜਾਬ ਦੇ ਸਿਆਸੀ ਮੈਦਾਨ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕਾਫੀ ਸੰਕਟ ਵਾਲੀ ਬਣ ਗਈ ਹੈ। ਇੰਨ੍ਹਾਂ ਚੋਣਾਂ ਨੇ ਇੱਕ ਤਰਾਂ ਨਾਲ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਤੇਜੀ ਨਾਲ ਘਟਿਆ ਹੈ । ਖਾਸ ਤੌਰ ’ਤੇ ਸ਼ਹਿਰੀ ਖੇਤਰਾਂ ’ਚ ਤਾਂ ਪਾਰਟੀ ਦੀ ਸਿਆਸੀ ਸਾਖ ਨੂੂੰ ਵੱਡਾ ਖੋਰਾ ਲੱਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਪਾਰਟੀ ਦਾ ਵੋਟ ਪ੍ਰਤੀਸ਼ਤ 13.42 ਫੀਸਦੀ ਰਹਿ ਗਿਆ ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਇਹ ਅੰਕੜਾ 27.45 ਫੀਸਦੀ ਰਿਹਾ ਸੀ। ਇੰਨ੍ਹਾਂ ਸੰਸਦੀ ਚੋਣਾਂ ਮੌਕੇ ਤਾਂ ਭਾਜਪਾ ਦੀ ਉਮੀਦਵਾਰ ਸੇਵਾਮੁਕਤ ਆਈਏਐਸ ਅਧਿਕਾਰੀ ਪਰਮਪਾਲ ਕੌਰ ਸਿੋੱਧੂ ਦੇ ਮੁਕਾਬਲੇ ਬਠਿੰਡਾ ਸ਼ਹਿਰੀ ਹਲਕੇ ਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀਆਂ ਵੋਟਾਂ ਤੱਕ ਘਟ ਗਈਆਂ ਸਨ। ਉਹ ਵੀ ਉਸ ਵਕਤ ਜਦੋਂ ਬਠਿੰਡਾ ਨੂੰ ਬਾਦਲਾਂ ਦੀ ਸਿਆਸੀ ਰਾਜਧਾਨੀ ਮੰਨਿਆ ਜਾਂਦਾ ਹੈ।
ਇਸ ਮੌਕੇ ਅਕਾਲੀ ਦਲ ਸਿਰਫ ਬਠਿੰਡਾ ਹਲਕੇ ਤੋਂ ਹੀ ਜਿੱਤ ਸਕਿਆ ਸੀ ਜਦੋਂਕਿ 10 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਝਟਕਾ ਇਹ ਸੀ ਕਿ 2024 ’ਚ ਪਾਰਟੀ ਦਾ ਵੋਟ ਪ੍ਰਤੀਸ਼ਤ ਭਾਜਪਾ ਤੋਂ ਵੀ ਹੇਠਾਂ ਪੁੱਜ ਗਿਆ ਜਦੋਂਕਿ ਇਸ ਤੋਂ ਪਹਿਲਾਂ ਬੀਜੇਪੀ ਅਕਾਲੀ ਦਲ ਦੀ ਸਹਿਯੋਗੀ ਹੁੰਦੀ ਸੀ। ਇਸ ਸਿਆਸੀ ਸਫਰ ਦੌਰਾਨ ਸਿਰਫ ਤਰਨ ਤਾਰਨ ਜਿਮਨੀ ਚੋਣ ਹੀ ਅਕਾਲੀ ਦਲ ਦੇ ਡੁਬਦੇ ਨੂੰ ਤਿਣਕੇ ਦਾ ਸਹਾਰਾ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਾਲਵੇ ਨਾਲ ਸਬੰਧਤ ਇੱਕ ਸੀਨੀਅਰ ਆਗੂ ਨੇ ਮੰਨਿਆ ਕਿ ਸ਼ਹਿਰੀ ਵੋਟਰ , ਵਿਸ਼ੇਸ਼ ਤੌਰ ’ਤੇ ਵਪਾਰੀ ਵਰਗ, ਹਿੰਦੂ ਸਮਾਜ ਅਤੇ ਮੱਧ ਵਰਗੀ ਲੋਕ ਪਾਰਟੀ ਤੋਂ ਦੂਰ ਹੋਏ ਹਨ। ਉਨ੍ਹਾਂ ਇਹ ਵੀ ਕਬੂਲ ਕੀਤਾ ਕਿ ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਸਿਆਸੀ ਸਮੀਕਰਨ ਤੇਜੀ ਬਦਲੇ ਹਨ ਅਤੇ ਭਾਜਪਾ ਦੇ ਤਾਜਾ ਪੈਂਤੜੇ ਕਾਰਨ ਹੋਰ ਵੀ ਬਦਲਾਅ ਆ ਸਕਦਾ ਹੈ।
ਦੇਖਣ ’ਚ ਆਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਹਿਰੀ ਖੇਤਰਾਂ ’ਚ ਆਪਣੀ ਤਾਕਤ ਵਧਾਈ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਆਪ ਦਾ ਪ੍ਰਭਾਵ ਵਧਿਆ ਹੈ। ਇਸੇ ਤਰਾਂ ਹੀ 2024 ਦੀਆਂ ਸੰਸਦੀ ਚੋਣਾਂ ਅਤੇ ਪੰਚਾਇਤੀ ਚੋਣਾਂ ਦੌਰਾਨ ਵੀ ‘ਆਪ ਦਾ ਦਬਦਬਾ ਨਜ਼ਰ ਆਇਆ ਹੈ। ਬੇਸ਼ੱਕ ਕੁੱਝ ਇਲਾਕਿਆਂ ’ਚ ਅਕਾਲੀ ਦਲ ਨੇ ਮੌਜੂਦਗੀ ਦਰਜ ਕਰਵਾਈ ਪਰ ਉਹ ਆਟੇ ’ਚ ਲੂਣ ਹੀ ਸੀ। ਦਸੰਬਰ 2025 ’ਚ ਹੋਈਆਂ ਨਗਰ ਨਿਗਮ ਚੋਣਾਂ ’ਚ ਵੀ ਕਰੀਬ 70 ਫੀਸਦੀ ਸੀਟਾਂ ਜਿੱਤਕੇ ‘ਆਪ’ ਸ਼ਹਿਰਾਂ ’ਚ ਆਪਣੀ ਸੱਤਾ ਮਜਬੂਤ ਹੋਣ ਦਾ ਪ੍ਰਮਾਣ ਦੇਣ ’ਚ ਸਫਲ ਰਹੀ ਸੀ। ਅਜਿਹੇ ਹਾਲਾਤਾਂ ਦਰਮਿਆਨ ਅਕਾਲੀ ਦਲ ਲਈ ਸ਼ਹਿਰੀ ਖੇਤਰਾਂ ’ਚ ਖੁਦ ਨੂੰ ਮਜਬੂਤ ਬਨਾਉਣਾ ਚੁਣੌਤੀ ਬਣਿਆ ਹੋਇਆ ਹੈ। ਉਹ ਵੀ ਉਦੋਂ ਜਦੋਂ ਸੱਤਾਧਾਰੀ ‘ਆਪ’ ਅਤੇ ਅਕਾਲੀ ਦਲ ਪੁਨਰ ਸੁਰਜੀਤ ਅਕਾਲੀਆਂ ਦੇ ਪੰਥਕ ਏਜੰਡਿਆਂ ’ਤੇ ਝਾੜੂ ਫੇਰਨ ਲੱਗੇ ਹੋਏ ਹਨ।
ਸ਼ਹਿਰੀ ਵੋਟਰਾਂ ਦਾ ਸਾਥ ਜਰੂਰੀ
ਅਕਾਲੀ ਹਲਕਿਆਂ ਨੇ ਦੱਸਿਆ ਕਿ ਪਾਰਟੀ ਦੀ ਕੋਰ ਕਮੇਟੀ ’ਚ ਇਹ ਮੁੱਦਾ ਉੱਠਿਆ ਸੀ ਕਿ ਸ਼ਹਿਰਾਂ ਵਿੱਚ ਸਰਗਰਮੀਆਂ ਵਧਾਉਣ ਤੋਂ ਬਗੈਰ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਆ ਸਕਦਾ ਹੈ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜੋ ਪਾਰਟੀ ਸ਼ਹਿਰਾਂ ’ਚ ਜਿੱਤੀ ਉਹੀ ਸੱਤਾ ’ਤੇ ਕਾਬਜ ਰਹੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼ੋਮਣੀ ਅਕਾਲੀ ਦਲ ਨੂੰ ਸੱਤਾ ਖਾਤਰ ਸ਼ਹਿਰਾਂ ’ਚ ਆਪਣੀ ਪਕੜ ਮਜਬੂਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਅਕਾਲੀਆਂ ਲਈ ਚੁਣੌਤੀ ਪੂਰਨ ਹਨ। ਮਾਹਿਰ ਆਖਦੇ ਹਨ ਕਿ ਆਉਣ ਵਾਲੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਜੇਕਰ ਸ਼੍ਰੋਮਣੀ ਅਕਾਲੀ ਦਲ ਪ੍ਰਭਾਵਸ਼ਾਲੀ ਲੜਾਈ ਲੜਦਾ ਅਤੇ ਜਿੱਤ ਪ੍ਰਾਪਤ ਕਰਦਾ ਹੈ ਤਾਂ ਸੱਤਾ ਦੇ ਰਾਹ ਖੁੱਲ੍ਹ ਸਕਦੇ ਹਨ।
ਪਾਰਟੀ ਲਗਾਤਾਰ ਯਤਨਸ਼ੀਲ : ਚੀਮਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਪਾਰਟੀ ’ਚ ਸ਼ਹਿਰੀ ਖੇਤਰਾਂ ’ਚ ਆਪਣਾ ਪ੍ਰਭਾਵ ਵਧਾਉਣ ਲਈ ਪੁਰਜੋਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਗਠਜੋੜ ਮੌਕੇ ਪ੍ਰਸਥਿਤੀਆਂ ਵੱਖਰੀਆਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ।
Click to Follow Babushahi Facebook page →