“ਚੜ੍ਹਿਆ ਚੇਤਰ” ਸਾਲਾਨਾ ਸਮਾਰੋਹ ਵਿੱਚ ਕਵਿੱਤਰੀ ਸੰਦੀਪ ਕੌਰ ਜਸਵਾਲ ਨੂੰ ਕਾਵਿ ਲੋਕ ਪੁਰਸਕਾਰ ਪ੍ਰਦਾਨਟ
ਲੁਧਿਆਣਾ 13 ਅਪ੍ਰੈਲ
ਜੰਡਿਆਲਾ ਮੰਜ ਕੀ (ਜਲੰਧਰ) ਦੇ ਜੰਮਪਲ ਸ. ਸੁਲੱਖਣ ਸਿੰਘ ਜੌਹਲ ਵੱਲੋਂ ਵਿਰਸੇ ਦੀ ਜੀਵੰਤ ਸੰਭਾਲ ਲਈ ਉਸਾਰੇ ਪੈਰਾਡਾਈਜ਼ ਫਾਰਮ ਹਾਊਸ, ਪੱਦੀ ਖਾਲਸਾ (ਫਗਵਾੜਾ) ਵਿਖੇ 12 ਅਪ੍ਰੈਲ ਨੂੰ “ਚੜ੍ਹਿਆ ਚੇਤਰ” ਸਾਹਿਤਕ ਮਿਲਣੀ ਬੜੇ ਹੀ ਸੁਚੱਜੇ ਅਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਵੀ, ਲੇਖਕ ਅਤੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ “ਕਾਵਿ ਲੋਕ ਪੁਰਸਕਾਰ - 2025” ਪਟਿਆਲਾ ਵਾਸੀ ਕਵਿੱਤਰੀ ਸੰਦੀਪ ਕੌਰ ਜਸਵਾਲ ਨੂੰ ਉਹਨਾਂ ਦੇ ਕਾਵਿ-ਸੰਗ੍ਰਹਿ “ਸਮੁੰਦਰ ਨੂੰ ਪੁੱਛੇ ਨਦੀ” ਲਈ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੋਂ ਇਲਾਵਾ 21,000 ਰੁਪਏ ਦੀ ਰਾਸ਼ੀ ਅਤੇ ਦੋਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਦੀਪ ਕੌਰ ਜਸਵਾਲ ਦੀ ਕਵਿਤਾ ਬਾਰੇ ਦੋਆਬਾ ਕਾਲਿਜ ਜਲੰਧਰ ਦੇ ਪ੍ਰੋਫੈਸਰ ਡਾ. ਉਮਿੰਦਰ ਸਿੰਘ ਜੌਹਲ ਨੇ ਪਰਚਾ ਪੜ੍ਹਿਆ , ਜਦਕਿ ਤ੍ਰੈਲੋਚਨ ਲੋਚੀ ਵੱਲੋਂ ਮਾਣ ਪੱਤਰ ਪੜ੍ਹਿਆ ਗਿਆ।
ਸੰਦੀਪ ਜਸਵਾਲ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਰਾਹੀਂ ਸਰੋਤਿਆਂ ਨੂੰ ਸੋਚ ਵਿਚਾਰ ਦੇ ਸਨਮੁੱਖ ਖੜ੍ਹਾ ਕੀਤਾ।
ਇਸ ਮੌਕੇ ਦਰਸ਼ਨ ਬੁੱਟਰ, ਉਰਮਿਲਜੀਤ ਸਿੰਘ ਵਾਲੀਆ, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਸਿੰਘ ਧਨੋਆ ਨੇ ਬੜੇ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਹਾਸਲ ਕੀਤੀ।
ਇਸ ਸਮਾਗਮ ਵਿੱਚ ਡਾ. ਵਰਿਆਮ ਸਿੰਘ ਸੰਧੂ, ਪ੍ਰੋ. ਗੁਰਭਜਨ ਸਿੰਘ ਗਿੱਲ ,ਜਨਮੇਜਾ ਜੌਹਲ ,ਦਰਸ਼ਨ ਖਟਕੜ ਦੀਆਂ ਵਿਚਾਰਧਾਰਕ ਗੱਲਾਂ ਨੇ ਦਰਸ਼ਕਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ। ਦਰਸ਼ਨ ਖਟਕੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇ ਮਨੁੱਖ ਦੀ ਜੜ੍ਹ ਆਮ ਲੋਕਾਂ ਨਾਲ ਜੁੜੀ ਹੋਵੇ ਅਤੇ ਉਸਦੀ ਸੋਚ ਨਿਰੋਲ ਤੇ ਨਿਰਸਵਾਰਥ ਹੋਵੇ ਤਾਂ ਉਸਨੂੰ ਮਿਟਾਉਣਾ ਆਸਾਨ ਨਹੀਂ ਹੁੰਦਾ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਚਿੰਤਾ ਜ਼ਾਹਰ ਕੀਤੀ ਕਿ ਅੱਜ ਦਾ ਲੇਖਕ ਸਮਾਜ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ, ਇਸ ਲਈ ਸਮਾਜਿਕ ਹਕੀਕਤ ਦੀ ਸੱਚੀ ਪਹਿਚਾਣ ਕਰਨ ਅਤੇ ਜ਼ਿੰਮੇਵਾਰੀ ਸੰਭਾਲਣ ਦੀ ਲੋੜ ਹੈ। ਚੰਗੀ ਲਿਖਤ ਅਤੇ ਲੇਖਕ ਨੂੰ ਪਾਠਕਾਂ/ ਸਰੋਤਿਆਂ ਸਨਮੁੱਖ ਪੇਸ਼ ਕਰਨਾ ਅਤੇ ਬਾਹਰੀ ਨਾਇਕ ਲੱਭਣ ਦੀ ਥਾਂ ਆਪਣੇ ਅੰਦਰਲੇ ਨਾਇਕ ਨੂੰ ਜਗਾਉਣਾ ਹੀ ਸਮਾਜਿਕ ਬਦਲਾਅ ਦਾ ਸਹੀ ਰਸਤਾ ਹੈ। ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਮੌਜੂਦਾ ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਜਮਹੂਰੀਅਤ, ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ’ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਸੋਚਣ-ਸਮਝਣ ਦੀ ਆਜ਼ਾਦੀ ਨੂੰ ਸੀਮਿਤ ਕੀਤਾ ਜਾ ਰਿਹਾ ਹੈ। ਉਹਨਾਂ ਪੰਜਾਬ ਦੀ ਆਰਥਿਕ, ਵਾਤਾਵਰਣਕ ਅਤੇ ਸਮਾਜਿਕ ਸਥਿਤੀ ਨੂੰ “ਐਮਰਜੈਂਸੀ ਸਮਾਨ ਹਾਲਤ” ਦੱਸਦਿਆਂ ਸਮਾਜਕ ਚੇਤਨਾ ਦੀ ਲੋੜ ’ਤੇ ਜ਼ੋਰ ਦਿੱਤਾ।
ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਵਿਚਾਰਾਂ ਵਿੱਚ ਸਾਹਿਤਕ ਜ਼ਿੰਮੇਵਾਰੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਅੱਜ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਸਮਾਜ ਨਾਲ ਰਾਬਤਾ ਲਗਾਤਾਰ ਕਮਜ਼ੋਰ ਪੈਂਦਾ ਜਾ ਰਿਹਾ ਹੈ ਅਤੇ ਸੱਚੀ ਲਿਖਤ ਨੂੰ ਉਤਸ਼ਾਹਤ ਕਰਨ ਦੀ ਵੱਧ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਚੰਗੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਅੱਗੇ ਪਹੁੰਚਾਉਣਾ ਵੀ ਇੱਕ ਵੱਡਾ ਧਰਮ ਹੈ।
ਜਨਮੇਜਾ ਸਿੰਘ ਜੌਹਲ ਨੇ ਕਿਹਾ ਕਿ ਕਮਾਈ ਵਧਾਉਣ ਵਾਲੀਆਂ ਪਰਦੇਸੀ ਅਨੁਵਾਦਤ ਕਿਤਾਬਾਂ ਦੀ ਵਧਦੀ ਮੰਗ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਸਿਰਜਣਾਤਮਕ ਸਾਹਿਤ ਪਿੱਛੇ ਰਹਿ ਰਿਹਾ ਹੈ। ਉਹਨਾਂ ਜ਼ੋਰ ਦਿੱਤਾ ਕਿ ਸਾਨੂੰ ਆਪਣੀ ਸੱਭਿਆਚਾਰਕ ਸੋਚ ਅਤੇ ਰਚਨਾਤਮਕ ਲਿਖਤ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਇਸ ਮੌਕੇ ਪ੍ਰਿੰ. ਗੁਰਮੀਤ ਸਿੰਘ ਪਲਾਹੀ, ਡਾ. ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਡਾ,ਨਿਰਮਲ ਜੌੜਾ ਅਤੇ ਸੁਖਦੇਵ ਫਗਵਾੜਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਡਾ. ਰਘਵੀਰ ਕੌਰ, ਰਜਵੰਤ ਕੌਰ ਸੰਧੂ,ਜਸਵਿੰਦਰ ਫਗਵਾੜਾ, ਬਲਵਿੰਦਰ ਸਿੰਘ ਗੁਰਾਇਆ, ਡਾ. ਦੁਲਚਾ ਸਿੰਘ ਬਰਾੜ,ਬਲਬੀਰ ਸਿੰਘ, ਬਲਬੀਰ ਕੌਰ ਬੱਬੂ ਸੈਣੀ, ਦਵਿੰਦਰ ਸਿੰਘ ਪੂਨੀਆ, ਸਿਮਰਤ ਕੌਰ, ਪੰਜਾਬੀ ਗ਼ਜ਼ਲਗੋ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ, ਸ਼ਾਮ ਸਰਗੂੰਦੀ, ਆਸ਼ਾ ਅਰਮਾਨ, ਜੱਸ ਸਰੋਆ, ਗੁਰਮੁਖ ਲੋਹਾਰ, ਤਰਸੇਮ ਸਿੰਘ, ਕੁਲਵੰਤ ਭਿੰਡਰ, ਹਰਜਿੰਦਰ ਨਿਆਣਾ, ਭੁਪਿੰਦਰ ਕੌਰ,ਗੁਰਨੂਰ ਕੌਰ ਸਮੇਤ ਅਨੇਕਾਂ ਕਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸ਼ਿਰਕਤ ਕਰਕੇ ਸਾਹਿਤਕ ਰੰਗ ਭਰਿਆ।
ਇੰਦਰਜੀਤ ਆਰਟਿਸਟ ਵੱਲੋਂ ਕਵਿਤਾਵਾਂ ’ਤੇ ਆਧਾਰਿਤ ਚਿੱਤਰ ਪ੍ਰਦਰਸ਼ਨੀ ਵਿਸ਼ੇਸ਼ ਆਕਰਸ਼ਣ ਰਹੀ। ਇੰਦਰਜੀਤ ਸਿੰਘ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ। ਜਦਕਿ ਸਾਂਝ ਪਬਲੀਕੇਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮਾਗਮ ਦੀ ਸਫ਼ਲਤਾ ਵਿੱਚ ਗੁਰਮੀਤ ਸਿੰਘ ਪਲਾਹੀ ਦਾ ਮਹੱਤਵਪੂਰਨ ਯੋਗਦਾਨ ਰਿਹਾ, ਜਦਕਿ ਲਖਵਿੰਦਰ ਜੌਹਲ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਰਵਿੰਦਰ ਚੋਟ ਅਤੇ ਕਮਲੇਸ਼ ਸੰਧੂ ਨੇ ਪ੍ਰੋਗਰਾਮ ਦੇ ਸੁਚੱਜੇ ਪ੍ਰਬੰਧ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਸੁਲੱਖਣ ਸਿੰਘ ਜੌਹਲ ਵੱਲੋਂ ਮਹਿਮਾਨਾਂ ਦੀ ਆਓ-ਭਗਤ ਅਤੇ ਖਾਣ-ਪੀਣ ਦੀ ਵਿਵਸਥਾ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਖ਼ੁਸ਼ਨੁਮਾ ਬਣਿਆ ਰਿਹਾ। ਕਵੀਆਂ, ਚਿੰਤਕਾਂ ਨੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਲਗਾ ਕੇ ਇਸਨੂੰ ਇੱਕ ਪਰਿਵਾਰਕ ਸਮਾਗਮ ਦਾ ਰੂਪ ਦੇ ਦਿੱਤਾ।
Click to Follow Babushahi Facebook page →