ਮਨ ਵਿੱਚ ਚਾਹਤ ਹੋਵੇ ਤਾਂ ਜਿਊਣਾ ਵੀ ਰੂਹਾਨੀ ਅਤੇ ਅਲੌਕਿਕ ਯਾਤਰਾ ਬਣ ਜਾਂਦਾ ਹੈ-ਡਾ ਅਮਰਜੀਤ ਟਾਂਡਾ
ਜੀਵਨ ਸਿਰਫ਼ ਸਾਹ ਲੈਣ ਦਾ ਨਾਮ ਹੀ ਨਹੀਂ ਹੈ, ਜੀਵਨ ਉਹ ਅੰਦਰਲੀ ਰੌਸ਼ਨੀ ਹੈ ਜੋ ਮਨ ਦੀ ਚਾਹਤ ਨਾਲ ਜਗਦੀ ਹੈ।
ਜਦੋਂ ਮਨ ਵਿੱਚ ਚਾਹਤ ਦੀ ਕੋਮਲ ਕਲੀ ਕੋਂਪਲ ਫੁੱਟਦੀ ਹੈ, ਤਦੋਂ ਜੀਵਨ ਦੀ ਬੰਜ਼ਰ ਧਰਤੀ ਵੀ ਹਰੀ ਭਰੀ ਹੋ ਜਾਂਦੀ ਹੈ।
ਚਾਹਤ ਉਹ ਸੁਗੰਧਤ ਹਵਾ ਹੈ ਜੋ ਥੱਕੀ ਹੋਈ ਰੂਹ ਨੂੰ ਨਵੀਂ ਤਾਜ਼ਗੀ ਦਿੰਦੀ ਹੈ, ਉਹ ਅੰਦਰਲੀ ਜੋਤ ਹੈ ਜੋ ਹਨੇਰੇ ਵਿੱਚ ਵੀ ਰਾਹ ਦਿਖਾਉਂਦੀ ਹੈ।
ਕਈ ਵਾਰ ਜੀਵਨ ਰੁਕਿਆ ਹੋਇਆ ਦਰਿਆ ਜਾਪਣ ਲੱਗਦਾ ਹੈ—ਚੁੱਪ, ਉਦਾਸ ਗ਼ਮ ਤੇ ਨਿਰਾਸ਼ਾ ਨਾਲ ਭਰਿਆ ਹੋਇਆ, ਡੁਬਿਆ ਹੋਇਆ ਤਣਾਅ ਵਿੱਚ।
ਪਰ ਜਿਵੇਂ ਹੀ ਮਨ ਵਿੱਚ ਚਾਹਤ ਦੀ ਇੱਕ ਬੂੰਦ ਡਿੱਗਦੀ ਹੈ, ਇਹ ਦਰਿਆ ਮੁੜ ਵਗਣ ਲੱਗ ਪੈਂਦਾ ਹੈ।
ਚਾਹਤ ਮਨੁੱਖ ਦੇ ਅੰਦਰ ਦੀ ਉਹ ਅਲੌਕਿਕ ਤਾਕਤ ਹੈ ਜੋ ਅਸੰਭਵ ਨੂੰ ਸੰਭਵ ਬਣਾਉਂਦੀ ਹੈ, ਜੋ ਡਿਗਦੇ ਕਦਮਾਂ ਨੂੰ ਫਿਰ ਸੰਭਾਲ ਲੈਂਦੀ ਹੈ, ਜੋ ਟੁੱਟੇ ਸੁਪਨਿਆਂ ਨੂੰ ਵੀ ਮੁੜ ਸਜਾ ਦਿੰਦੀ ਹੈ।
ਚਾਹਤ ਹੋਵੇ ਤਾਂ ਉਮਰ ਰੁਕਾਵਟ ਨਹੀਂ ਬਣਦੀ, ਹਾਲਾਤ ਬੇੜੀਆਂ ਨਹੀਂ ਬਣਦੇ ਅਤੇ ਸਮਾਂ ਰੋਕ ਨਹੀਂ ਬਣਦਾ। ਮਨ ਦੀ ਚਾਹਤ ਮਨੁੱਖ ਨੂੰ ਅੰਦਰੋਂ ਅਦਮੱਤ, ਹਿੰਮਤ, ਹੌਸਲੇ ਅਤੇ ਅਟੱਲ ਮਨੋਬਲ ਨੂੰ ਉਸਾਰਦੀ ਹੈ। ਇਹੀ ਚਾਹਤ ਹੈ ਜੋ ਬੁੱਢੇ ਦਰੱਖਤ ਵਿੱਚ ਵੀ ਨਵੀਆਂ ਕੋਪਲਾਂ ਪੈਦਾ ਕਰ ਦਿੰਦੀ ਹੈ। ਇਹੀ ਚਾਹਤ ਹੈ ਜੋ ਥੱਕੇ ਹੋਏ ਮਨੁੱਖ ਨੂੰ ਮੁੜ ਜੀਣ ਦਾ ਹੌਸਲਾ ਦਿੰਦੀ ਹੈ।
ਮੇਰੀ ਚਾਹਤ ਸੀ ਕਿ ਘਰ ਵਿੱਚ ਅਮਰੂਦ ਦਾ ਵੀ ਬੂਟਾ ਹੋਣਾ ਚਾਹੀਦਾ ਹੈ। ਦੋਸਤ ਨੇ ਅਮਰੂਦ ਦਾ ਬੂਟਾ ਦਿੱਤਾ ਪਰ ਉਸ ਦਿਨ ਜੜਾਂ ਨਾਲੋਂ ਮਿੱਟੀ ਝੜ ਗਈ ਸੀ। ਮੈਂ ਆਉਂਦੇ ਸਾਰ ਹੀ ਉਸ ਨੂੰ ਪਾਣੀ ਵਿੱਚ ਰੱਖਿਆ ਤੇ ਸ਼ਾਮ ਨੂੰ ਮਿੱਟੀ ਵਿੱਚ ਸਜਾ ਦਿੱਤਾ। ਪਾਣੀ ਪਾਉਂਦਾ ਰਿਹਾ ਉਪਰੋਂ ਵਾਧੂ ਪੱਤੇ ਕੱਟ ਦਿੱਤੇ। ਕੁਝ ਹਰਿਆ ਭਰਿਆ ਨਹੀਂ ਸੀ ਦਿਸ ਰਿਹਾ ਦੋ ਪੱਤਿਆਂ ਤੋਂ ਬਗੈਰ। ਮੈਂ ਚਾਹਤ ਦੇ ਨਾਲ ਉਸਨੂੰ ਧੁੱਪ ਤੋਂ ਢਕਦਾ ਰਿਹਾ ਪਾਣੀ ਪਾਉਂਦਾ ਰਿਹਾ ਜੜਾਂ ਵਿੱਚ ਕੰਪੋਸਟ ਦੀ ਚਾਹ ਵੀ ਪਾਉਂਦਾ ਰਿਹਾ।
ਅਚਾਨਕ ਮੈਂ ਇੱਕ ਦਿਨ ਉਸ ਦੀਆਂ ਸੁੰਨੀਆਂ ਟਹਿਣੀਆਂ ਉੱਤੇ ਨਿੱਕੇ ਨਿੱਕੇ ਪੱਤਿਆਂ ਦੀ ਫੁਟਾਰ ਦੇਖੀ ਤਾਂ ਮੇਰੀ ਖੁਸ਼ੀ ਨੱਚਣ ਲੱਗੀ। ਮੈਂ ਤੱਕ ਕੇ ਬੂਟੇ ਦੇ ਕੋਲ ਬੈਠ ਗੀਤ ਗਾਉਣ ਲੱਗਾ।
ਇਸੇ ਹੀ ਤਰ੍ਹਾਂ ਮੇਰੀ ਕੁਝ ਸੰਭਾਲ ਚਾਅ ਰੀਝ ਤੇ ਚਾਹਤ ਨੇ ਮੇਰੇ ਅੰਬ ਦੇ ਦੋ ਬੂਟਿਆਂ ਨੇ ਐਤਕੀਂ ਸਾਨੂੰ ਰੱਜ ਕੇ ਅੰਬ ਚੂਪਣ ਨੂੰ ਦਿਤੇ। ਤੇ ਮੈਂ ਦੋ ਹੋਰ ਅੰਬ ਦੇ ਬੂਟੇ ਗਰਾਊਂਡ ਲੇਅਰਿੰਗ ਨਾਲ ਤਿਆਰ ਕਰਨ ਨੂੰ ਸ਼ੁਰੂ ਕਰ ਦਿੱਤੇ ਹਨ।
ਦਵਾਈਆਂ ਛੱਡ ਸਾਰੇ ਬਲੱਡ ਟੈਸਟ ਨਾਰਮਲ ਲੈ ਆਂਦੇ ਹਨ। ਰੋਜ਼ਾਨਾ੍ ਸਵੇਰੇ ਸ਼ਾਮ ਜ਼ਰੂਰੀ ਰੀਫਲਿਕਸ ਪੁਆਇੰਟ ਦੱਬਣ ਨਾਲ, ਜੋੜਾਂ, ਸਿਰ ਗਰਦਨ ਲੱਤਾਂ ਬਾਹਾਂ , ਹੱਥੇਲੀਆਂ ਪੈਰ ਤਲਿਆਂ ਦੀ ਤੇਲ ਮਾਲਸ਼ ਤੇ ਹੋਰ ਕੁਆਲੀਟੇਟਿਵ ਕਸਰਤ ਨੇ ਅੱਠ ਨੌਂ ਘੰਟੇ ਦੀਆਂ ਗੂੜੀਆਂ ਨੀਂਦਾਂ ਤੇ ਸੋਹਣੇ ਹੁਸੀਨ ਸੁਪਨੇ ਪਲਕਾਂ ਤੇ ਸਜਾ ਦਿੱਤੇ ਹਨ।
ਚਾਹਤ ਮਨੁੱਖੀ ਆਤਮਾ ਦਾ ਸੰਗੀਤ ਹੈ। ਜਦੋਂ ਮਨ ਵਿੱਚ ਚਾਹਤ ਹੁੰਦੀ ਹੈ, ਤਦੋਂ ਜੀਵਨ ਦੀ ਹਰ ਸਵੇਰ ਨਵੀਂ ਲੱਗਦੀ ਹੈ, ਹਰ ਸ਼ਾਮ ਸੁਹਾਵਣੀ ਬਣ ਜਾਂਦੀ ਹੈ।
ਚਾਹਤ ਜੀਵਨ ਨੂੰ ਸਿਰਫ਼ ਬਤੀਤ ਨਹੀਂ ਕਰਦੀ, ਇਸ ਨੂੰ ਅਰਥਵਾਨ ਬਣਾ ਦਿੰਦੀ ਹੈ। ਇਹੀ ਚਾਹਤ ਹੈ ਜੋ ਮਨੁੱਖ ਨੂੰ ਦੁੱਖਾਂ ਦੇ ਰੇਗਿਸਤਾਨ ਵਿੱਚ ਵੀ ਆਸ ਦੀ ਹਰਿਆਲੀ ਦਿਖਾਉਂਦੀ ਹੈ।
ਅਧਿਆਤਮਿਕ ਪੱਧਰ ਤੇ ਚਾਹਤ ਇੱਕ ਰੱਬੀ ਨੇਅਮਤ ਹੈ। ਇਹ ਮਨੁੱਖ ਨੂੰ ਆਪਣੇ ਅਸਲੀ ਸਰੂਪ ਨਾਲ ਜੋੜਦੀ ਹੈ। ਜਦੋਂ ਮਨ ਵਿੱਚ ਚਾਹਤ ਹੁੰਦੀ ਹੈ, ਤਦੋਂ ਮਨੁੱਖ ਆਪਣੇ ਅੰਦਰ ਵਸਦੇ ਪ੍ਰਕਾਸ਼ ਨੂੰ ਮਹਿਸੂਸ ਕਰਦਾ ਹੈ। ਇਹ ਚਾਹਤ ਮਨੁੱਖ ਨੂੰ ਉੱਚਤਾ ਵੱਲ ਲੈ ਜਾਂਦੀ ਹੈ, ਮਨੁੱਖ ਨੂੰ ਮਨੁੱਖ ਬਣਾਉਂਦੀ ਹੈ।
ਜੀਵਨ ਦੇ ਔਖੇ ਰਾਹਾਂ ਵਿੱਚ ਚਾਹਤ ਇੱਕ ਦਿਵਿਆ ਦੀਪਕ ਹੈ। ਇਹ ਹਨ੍ਹੇਰੇ ਵਿੱਚ ਵੀ ਰੌਸ਼ਨੀ ਕਰਦੀ ਹੈ, ਨਿਰਾਸ਼ਾ ਵਿੱਚ ਵੀ ਉਮੀਦ ਜਗਾਉਂਦੀ ਹੈ। ਚਾਹਤ ਮਨੁੱਖ ਦੇ ਅੰਦਰ ਦੀ ਉਹ ਅਮਰ ਲਹਿਰ ਹੈ ਜੋ ਕਦੇ ਮੁੱਕਦੀ ਨਹੀਂ।
ਸੱਚਮੁੱਚ —
ਮਨ ਵਿੱਚ ਚਾਹਤ ਹੋਵੇ ਤਾਂ ਜਿਉਣਾ ਵੀ ਆ ਜਾਂਦਾ ਹੈ,
ਹਨੇਰੇ ਵਿੱਚ ਵੀ ਚਾਨਣ ਹੋ ਜਾਂਦਾ ਹੈ,
ਉਦਾਸ ਦਿਲ ਵਿੱਚ ਵੀ ਬਹਾਰ ਆ ਜਾਂਦੀ ਹੈ,
ਅਤੇ ਮਨੁੱਖ ਆਪਣੀ ਰੂਹ ਨਾਲ ਮਿਲ ਜਾਂਦਾ ਹੈ।
ਚਾਹਤ ਜੀਵਨ ਦੀ ਸੁੰਦਰਤਾ ਹੈ, ਚਾਹਤ ਜੀਵਨ ਦੀ ਸ਼ਾਨ ਹੈ, ਚਾਹਤ ਹੀ ਜੀਵਨ ਦਾ ਅਸਲੀ ਪਰਮਾਰਥ, ਉੱਚਾ ਮਕਸਦ, ਮਨੁੱਖਤਾ ਦੀ ਭਲਾਈ ਲਈ ਕੀਤਾ ਕੰਮ, ਨਿਸ਼ਕਾਮ ਭਲਾਈ, ਅਸਲ ਉਦੇਸ਼ ਹੈ।
ਪਰਮਾਰਥ ਉਹ ਰੌਸ਼ਨੀ ਹੈ ਜੋ ਮਨੁੱਖ ਨੂੰ ਆਪਣੇ ਆਪ ਤੋਂ ਉੱਚਾ ਬਣਾ ਦਿੰਦੀ ਹੈ।
ਜਦੋਂ ਮਨ ਵਿੱਚ ਚਾਹਤ ਜਗਦੀ ਹੈ —
ਤਦੋਂ ਜੀਵਨ ਸਿਰਫ਼ ਜਿਉਣਾ ਨਹੀਂ ਰਹਿੰਦਾ,ਇੱਕ ਸੁੰਦਰ, ਰੂਹਾਨੀ ਅਤੇ ਅਲੌਕਿਕ ਯਾਤਰਾ ਬਣ ਜਾਂਦਾ ਹੈ।
ਮਨ ਦੀ ਚਾਹਤ ਜੀਵਨ ਨੂੰ ਪ੍ਰਕਾਸ਼ਮਈ, ਸੁਗੰਧਿਤ, ਅਨੰਤ, ਮਧੁਰ ਅਤੇ ਅਦਭੁੱਤ ਸਫ਼ਰ, ਜੀਵਨ ਦੇ ਰਾਹ ਵਿੱਚ ਬਦਲ ਦਿੰਦੀ ਹੈ, ਜਿੱਥੇ ਮਨੁੱਖ ਆਪਣੇ ਅੰਦਰਲੇ ਬ੍ਰਹਿਮੰਡ ਨਾਲ ਰਲ ਕੇ ਅਰਥਪੂਰਨ ਜੀਵਨ ਦਾ ਅਨੁਭਵ ਕਰਦਾ ਹੈ ਆਨੰਦਤ ਹੋ ਜਾਂਦਾ ਹੈ।

-
ਡਾ ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.