"ਬੇਅਦਬੀ ਕਰਨ ਵਾਲਿਆਂ ਨੂੰ ਹੁਣ ਕੋਈ ਚੋਰ-ਮੋਰੀ ਨਹੀਂ ਮਿਲੇਗੀ"- ਭਗਵੰਤ ਮਾਨ
ਚੰਡੀਗੜ੍ਹ, 13 ਅਪ੍ਰੈਲ 2026: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਸਿਰਫ਼ ਇੱਕ ਗ੍ਰੰਥ ਨਹੀਂ, ਸਗੋਂ 'ਪ੍ਰਗਟ ਗੁਰਾਂ ਕੀ ਦੇਹ' ਅਤੇ ਜੀਵਤ ਗੁਰੂ ਹਨ। ਉਨ੍ਹਾਂ ਨੇ ਬਿੱਲ ਦੇ ਧਾਰਮਿਕ ਅਤੇ ਕਾਨੂੰਨੀ ਪਹਿਲੂਆਂ ਨੂੰ ਵਿਸਥਾਰ ਨਾਲ ਸਮਝਾਇਆ।
ਮੁੱਖ ਮੰਤਰੀ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ 500 ਸਾਲ ਪਹਿਲਾਂ ਹੀ ਵਾਤਾਵਰਣ ਦੀ ਅਹਿਮੀਅਤ ਦੱਸ ਦਿੱਤੀ ਸੀ। IIਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁII "ਜਦੋਂ ਕੋਈ ਫੈਕਟਰੀਆਂ ਜਾਂ ਸੀਵਰੇਜ ਨਹੀਂ ਸੀ, ਉਦੋਂ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ। ਅੱਜ ਅਸੀਂ ਇਨ੍ਹਾਂ ਤਿੰਨਾਂ ਨੂੰ ਹੀ ਗੰਧਲਾ ਕਰ ਰਹੇ ਹਾਂ।" ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਪੰਨਿਆਂ ਨੂੰ 'ਅੰਗ' ਕਹਿੰਦੇ ਹਾਂ ਕਿਉਂਕਿ ਉਹ ਸਾਡੇ ਲਈ ਜੀਵਤ ਸਰੂਪ ਹਨ।
ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੀ ਵਾਰ ਸਾਰੇ ਧਰਮਾਂ (ਗੁਰੂ ਗ੍ਰੰਥ ਸਾਹਿਬ, ਬਾਈਬਲ, ਕੁਰਾਨ ਸ਼ਰੀਫ, ਗੀਤਾ) ਦੇ ਪਵਿੱਤਰ ਸਰੂਪਾਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ 'ਤੇ ਟੈਕਸ ਮੁਆਫ਼ ਕੀਤਾ ਹੈ। ਉਨ੍ਹਾਂ ਕਿਹਾ, "ਪਿਛਲੀਆਂ ਸਰਕਾਰਾਂ ਨੇ ਸਿਰਫ਼ ਵੋਟਾਂ ਲਈ ਗੁਰੂ ਸਾਹਿਬ ਦਾ ਨਾਂ ਵਰਤਿਆ, ਪਰ 10 ਲੱਖ ਰੁਪਏ ਦਾ ਟੈਕਸ ਮੁਆਫ਼ ਕਰਨ ਦਾ ਜੇਰਾ ਨਹੀਂ ਦਿਖਾਇਆ।"
ਪਾਰਲੀਮੈਂਟ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ
ਮੁੱਖ ਮੰਤਰੀ ਨੇ ਆਪਣੇ ਐਮ.ਪੀ. ਰਹਿਣ ਸਮੇਂ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ। ਉਨ੍ਹਾਂ ਨੇ ਪਹਿਲੀ ਵਾਰ ਭਾਰਤ ਦੀ ਪਾਰਲੀਮੈਂਟ ਵਿੱਚ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਨੂੰ ਸ਼ਰਧਾਂਜਲੀ ਦਿਵਾਈ। ਉਨ੍ਹਾਂ ਸਵਾਲ ਚੁੱਕਿਆ ਕਿ ਪਹਿਲਾਂ ਗਏ 190 ਐਮ.ਪੀਜ਼ ਨੇ ਕਦੇ ਇਹ ਕੋਸ਼ਿਸ਼ ਕਿਉਂ ਨਹੀਂ ਕੀਤੀ?
ਭਗਵੰਤ ਮਾਨ ਨੇ ਅਕਾਲੀ ਦਲ ਅਤੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, ਫਖਰੇ ਕੌਮ ਅਵਾਰਡ! "ਕਿਹੜੀ ਗੱਲ 'ਤੇ ਫਖਰ ਕਰੀਏ? 1978 ਦੇ 13 ਸਿੰਘਾਂ ਦੀ ਸ਼ਹੀਦੀ 'ਤੇ, ਨਕੋਦਰ ਬੇਅਦਬੀ 'ਤੇ ਜਾਂ ਬਹਿਬਲ ਕਲਾਂ-ਕੋਟਕਪੂਰਾ ਕਾਂਡ 'ਤੇ? ਅਕਾਲ ਤਖਤ ਦੇ ਜਥੇਦਾਰਾਂ ਨੂੰ ਘਰੇ ਬੁਲਾ ਕੇ ਆਰਡਰ ਦੇਣ 'ਤੇ ਫਖਰ ਕਰੀਏ?" ਉਨ੍ਹਾਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ (ਕਾਂਗਰਸ ਅਤੇ ਅਕਾਲੀ) ਨੇ ਮਿਲੀਭੁਗਤ ਕਰਕੇ ਬੇਅਦਬੀ ਦੇ ਕੇਸ ਕਮਜ਼ੋਰ ਕੀਤੇ ਅਤੇ ਆਪਣੇ ਚਹੇਤੇ ਵਕੀਲਾਂ ਰਾਹੀਂ ਗਲਤ ਫੈਸਲੇ ਕਰਵਾਏ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਪੰਜਵੀਂ ਅਟੈਂਪਟ ਹੈ ਅਤੇ ਹੁਣ ਛੇਵੀਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਕਾਨੂੰਨੀ ਘੁੰਡੀਆਂ ਕੱਢ ਦਿੱਤੀਆਂ ਹਨ ਅਤੇ ਇਹ ਕਾਨੂੰਨ ਇੰਨਾ ਸਖ਼ਤ ਹੋਵੇਗਾ ਕਿ ਕੋਈ ਵੀ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇਸ ਦੀ ਪਵਿੱਤਰਤਾ ਕਾਇਮ ਰੱਖਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਰੋਧੀ ਧਿਰ ਨੂੰ ਕਿਹਾ ਕਿ ਮੇਰੀ ਸ਼ਿਕਾਇਤ ਲਾਉਣ ਦੀ ਬਜਾਏ, ਪੰਜਾਬ ਦੇ ਭਲੇ ਲਈ ਗਵਰਨਰ ਕੋਲ ਬਿੱਲ ਪਾਸ ਕਰਾਉਣ ਲਈ ਨਾਲ ਚੱਲੋ।
Click to Follow Babushahi Facebook page →