ਪਾਪਾ ਨੂੰ ਜਨਮ ਦਿਨ ਤੇ ਯਾਦ ਕਰਦਿਆਂ
ਪਿਛਲੇ ਸਾਲ 12 ਅਪ੍ਰੈਲ ਨੂੰ ਮੇਰੇ ਪਾਪਾ ਸ਼ਾਮੀ ਫੋਨ ਕਰਕੇ ਪੁੱਛਦੇ ਕਿ ਕੱਲ੍ਹ ਕਿੰਨੇ ਵਜੇ ਆ ਰਹੇ ਹੋ। ਮੈਂ ਇਕ ਦਮ ਕਹਿ ਦਿੱਤਾ ਕਿ ਸਾਡਾ ਤਾਂ ਕੋਈ ਪ੍ਰੋਗਰਾਮ ਨਹੀਂ ਹੈ। ਉਹ ਚੁੱਪ ਜਿਹੇ ਕਰ ਗਏ ਤੇ ਜਦੋਂ ਮੈਂ ਇਹ ਗੱਲ ਆਪਣੇ ਪਤੀ ਡਾ. ਕੁਲਦੀਪ ਸਿੰਘ ਨਾਲ ਸਾਂਝੀ ਕੀਤੀ ਤਾਂ ਉਹ ਕਹਿੰਦੇ ਮੈਂ 15 ਕੁ ਦਿਨ ਪਹਿਲਾਂ ਮਜ਼ਾਕ ਵਿੱਚ ਵੈਸੇ ਹੀ ਕਹਿ ਦਿੱਤਾ ਸੀ ਕਿ ਤੁਹਾਡੇ ਜਨਮ ਦਿਨ ਤੇ ਆਵਾਂਗੇ ਤੇ ਪਾਪਾ ਨੂੰ ਉਹ ਯਾਦ ਸੀ। ਮੈਂ ਕਿਹਾ ਇੱਕ ਤਾਂ ਆਪਾਂ ਕੱਲ੍ਹ ਹੀ ਤਾਂ ਡਲਹੋਜੀ ਦੇ ਟੂਰ ਤੋਂ ਵਾਪਸ ਆਏ ਹਾਂ, ਉੱਪਰੋਂ ਮੇਰਾ ਗਲਾ ਖਰਾਬ ਹੋਣ ਕਾਰਨ ਆਵਾਜ ਬੈਠੀ ਹੋਈ ਹੈ । ਗੱਲ ਤਾਂ ਕੋਈ ਹੋਣੀ ਨਹੀਂ, ਥਕਾਵਟ ਵੀ ਹੈ । ਪਰ ਉਹ ਕਹਿੰਦੇ ਨਹੀਂ ਆਪਾਂ ਜ਼ਰੂਰ ਜਾਵਾਂਗੇ ਪਾਪਾ ਨੂੰ ਉਡੀਕ ਹੋਵੇਗੀ, ਉਹਨਾਂ ਨੂੰ ਉਦਾਸ ਨਹੀਂ ਹੋਂਣ ਦੇਣਾ।
ਅਸੀਂ 13 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਵਾਲੇ ਦਿਨ 3 ਕੁ ਵਜੇ ਫਰੀਦਕੋਟ ਤੋਂ ਚੱਲ ਕੇ 6 ਵਜੇ ਤੱਕ ਮਾਨਸਾ ਪਹੁੰਚੇ। ਪਾਪਾ - ਮੰਮੀ ਸਾਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਭੈਣ -ਭਰਾਵਾਂ ਦੇ ਜਨਮ ਦਿਨਾਂ ਤੇ ਉਹ ਸਾਨੂੰ ਖੁਸ਼ ਕਰਨ ਤੇ ਖਾਸ ਮਹਿਸੂਸ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਹੁਣ ਜਦੋਂ ਅਸੀਂ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ ਤੇ ਖਲੋ ਗਏ ਹਾਂ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਰੁੱਝੇ ਰਹਿਣ ਲੱਗ ਪਏ ਹਾਂ, ਹੁਣ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਖਾਸ ਹੋਣ ਦਾ ਅਹਿਸਾਸ ਕਰਵਾਈਏ।
ਉਸ ਦਿਨ ਜਦੋਂ ਅਸੀਂ ਮੈਂ, ਮੇਰੇ ਪਤੀ ਮੇਰਾ ਵੀਰ ਹੈਪੀ, ਭਾਬੀ ਅਨਮੋਲ, ਭਤੀਜਾ -ਭਤੀਜੀ ਮੇਰੇ ਮੰਮੀ ਨੇ ਰਲ ਕੇ ਜਨਮ ਦਿਨ ਮਨਾਇਆ, ਅਸੀਂ ਪਾਪਾ ਨੂੰ ਇੱਕ ਸੋਹਣੇ ਜਿਹੇ ਗਮਲੇ ਵਿੱਚ ਲੱਗਿਆ ਮੈਡੀਸਨਲ ਅਹਿਮੀਅਤ ਵਾਲਾ ਇਨਡੋਰ ਬੂਟਾ ਭੇਟ ਕੀਤਾ, ਮੇਰੇ ਵੀਰ ਭਾਬੀ ਨੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ, ਭਤੀਜੀ ਨੇ ਕੇਕ ਬਣਵਾਇਆ, ਅਸੀਂ ਉਹਨਾਂ ਨੂੰ ਖਾਸ ਰਾਜਸਥਾਨ ਜੈਪੁਰੀ ਸਟਾਇਲ ਪਗੜੀ ਵੀ ਦਿੱਤੀ। ਉਹਨਾਂ ਦੀ ਖੁਸ਼ੀ ਅਤੇ ਉਹਨਾਂ ਦੇ ਚਿਹਰੇ ਤੇ ਸੁੰਤਸਟੀ ਝਲਕ ਰਹੀ ਸੀ। ਉਹਨਾਂ ਉਹ ਗਮਲਾ ਫੜ - ਫੜ ਕੇ ਸਾਡੇ ਸਾਰਿਆਂ ਨਾਲ ਫੋਟੋਆਂ ਕਰਵਾਈਆਂ। ਉਦੋਂ ਸਾਨੂੰ ਇਹ ਇਲਮ ਨਹੀਂ ਸੀ ਕਿ ਬੂਟੇ ਤੇ ਲਿਖਿਆ 75 ਵਾਂ ਜਨਮ ਦਿਨ…. ਆਖਰੀ ਜਨਮ ਦਿਨ ਬਣ ਜਾਵੇਗਾ।
ਕੇਕ ਕੱਟਣ ਤੋਂ ਬਾਅਦ ਉਹਨਾਂ ਨੇ ਫੋਟੋਆਂ ਆਪਣੇ ਫੋਨ ਤੇ ਟਰਾਂਸਵਰ ਕਰਵਾਈਆਂ ਤੇ ਫਿਰ ਵਟਸਐਪ ਤੇ ਬਣੇ ਪਰਿਵਾਰਕ ਗਰੁੱਪ, ਜਿਸ ਵਿੱਚ ਮੇਰੇ ਤਾਇਆ, ਚਾਚਾ ਭੂਆ ਉਹਨਾਂ ਦੇ ਬੱਚੇ ਤੇ ਬੱਚਿਆਂ ਦੇ ਬੱਚੇ ਵੀ ਮੈਂਬਰ ਨੇ ਇਹ ਸਾਂਝੀਆਂ ਕੀਤੀਆਂ।
ਨਵੰਬਰ 2025 ਵਿੱਚ ਜਦੋਂ ਮੇਰੇ ਭਾਣਜੇ ਸ਼ਾਹਬਾਜ਼ ਦਾ ਵਿਆਹ ਸੀ ਤਾਂ ਉਹਨਾਂ ਉਹੀ ਵਾਲੀ ਜੈਪੁਰੀ ਪਗੜੀ ਖਾਸ ਤੌਰ ਤੇ ਬਨਵਾਈ, ਭਾਵੇਂ ਉਹਨਾਂ ਦਿਨਾਂ ਵਿੱਚ ਸਿਹਤ ਠੀਕ ਨਾ ਹੋਣ ਕਾਰਨ ਉਹ ਵੀਲ ਚੇਅਰ ਤੇ ਸਨ, ਪਰ ਪੂਰੀ ਚੜਦੀਕਲਾ ਵਿੱਚ ਤੇ ਖੁਸ਼ ਸਨ। ਮੇਰੇ ਪਤੀ ਨੂੰ ਉਹਨਾਂ ਯੂਟਿਊਬ ਤੇ ਵੀਡੀਓ ਕੱਢ ਕੇ ਦਿਖਾਈ ਤੇ ਕਿਹਾ ਕਿ ਇਸ ਤਰ੍ਹਾਂ ਰਾਜਸਥਾਨੀ ਸਟਾਇਲ ਵਿੱਚ ਹੀ ਮੇਰੇ ਪੱਗ ਬੰਨਣੀ ਹੈ।ਮੇਰੇ ਪਤੀ ਡਾ. ਕੁਲਦੀਪ ਸਿੰਘ ਤੇ ਮੇਰੇ ਬੇਟੇ ਸ਼ਾਨ ਨੇ ਮਿਲ ਕੇ ਉਹ ਰੰਗਦਾਰ ਜੈਪੁਰੀ ਪਗੜੀ ਉਹਨਾਂ ਦੇ ਸਿਰ ਤੇ ਸਜਾਈ ਤਾਂ ਉਹ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਸਨ।
ਇਸ ਪਗੜੀ ਵਿੱਚ ਸਾਰੇ ਪਰਿਵਾਰ ਨਾਲ ਵਿਆਹ ਸਮਾਗਮ ਦੌਰਾਨ ਖਿੱਚੀਆਂ ਗਈਆਂ ਫੋਟੋਆਂ ਸਾਡੇ ਲਈ ਅਭੁੱਲ ਯਾਦਾਂ ਬਣ ਗਈਆਂ, ਕਿਉ ਕਿ ਇਹ ਉਹਨਾਂ ਦੀ ਆਖਰੀ ਪਰਿਵਾਰਕ ਅਤੇ ਸਮਾਜਿਕ ਮਿਲਣੀ ਬਣ ਗਈ। ਦਸੰਬਰ 2025 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ। ਉਹਨਾਂ ਦੇ ਦਿੱਤੇ ਸੰਸਕਾਰ ਅਤੇ ਸਿਖਾਏ ਨੈਤਿਕ ਕਦਰਾਂ ਕੀਮਤਾਂ ਦੇ ਪਾਠ ਅਸ਼ੀਰਵਾਦ ਦੇ ਰੂਪ ਵਿੱਚ ਹਮੇਸ਼ਾ ਸਾਡੇ ਨਾਲ ਰਹਿਣਗੇ ।
ਅੱਜ ਉਹਨਾਂ ਨੂੰ ਯਾਦ ਕਰਦਿਆਂ,ਇਸ ਲਿਖਤ ਦੇ ਜ਼ਰੀਏ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਮਾਂ ਕੱਢ ਕੇ ਆਪਣੇ ਮਾਤਾ -ਪਿਤਾ ਨੂੰ ਜ਼ਰੂਰ ਮਿਲਣ ਜਾਉ। ਉਹਨਾਂ ਨਾਲ ਸਮਾਂ ਬਿਤਾਉ, ਉਹਨਾਂ ਖਾਸ ਦਿਨਾਂ ਦੇ ਮੌਕੇ ਤੇ ਜਿਵੇ ਜਨਮ ਦਿਨ, ਵਿਆਹ ਦਾ ਦਿਨ ਉਹਨਾਂ ਨੂੰ ਉਸੇ ਤਰ੍ਹਾਂ ਖੁਸ਼ੀ ਮਹਿਸੂਸ ਕਰਵਾਉ, ਜਿਵੇਂ ਤੁਹਾਡੇ ਬਚਪਨ ਵਿੱਚ ਉਹ ਤੁਹਾਨੂੰ ਕਰਵਾਉਂਦੇ ਸਨ। ਕਿਉਂਕਿ ਰੱਬ ਦਾ ਸਭ ਤੋਂ ਸੋਹਣਾ ਤੌਹਫਾ ਮਾਂ ਪਿਉ ਦਾ ਪਿਆਰ ਹੁੰਦਾ ਹੈ। ਕਿਉਂਕਿ ਪਿਉਂ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਬੋਲ ਕੇ ਨਹੀਂ ਕਰਦੇ ਸਗੋਂ ਉਹਨਾਂ ਵਾਲੀ ਮਿਹਨਤ, ਕਈ ਤਰ੍ਹਾਂ ਦੇ ਤਿਆਗ ਅਤੇ ਸਮਝੋਤੇ ਉਹਨਾਂ ਦੇ ਬੱਚਿਆਂ ਪ੍ਰਤੀ ਪਿਆਰ ਦੀ ਭਾਸ਼ਾ ਹੁੰਦੇ ਹਨ। ਇਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਜੱਗ ਜਿਉਦਿਆਂ ਦੇ ਮੇਲੇ ।

-
prince kandhari, writer
kandhariprince@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.