ਕਾਂਗਰਸ ਆਪਣਾ 2017 ਦਾ ਮੈਨੀਫੈਸਟੋ ਪੇਸ਼ ਕਰੇ, ਦੱਸੇ ਕਿ ਕਿੰਨੇ ਵਾਅਦੇ ਪੂਰੇ ਕੀਤੇ ਗਏ: ਧਾਲੀਵਾਲ
*ਆਪ 2017 ਬਨਾਮ 2022 ਦੇ ਮੈਨੀਫੈਸਟੋ ਦੇ ਵਾਅਦਿਆਂ ਅਤੇ ਕਾਰਗੁਜ਼ਾਰੀ 'ਤੇ ਖੁੱਲ੍ਹੀ ਬਹਿਸ ਲਈ ਤਿਆਰ: ਕੁਲਦੀਪ ਸਿੰਘ ਧਾਲੀਵਾਲ*
*ਕਾਂਗਰਸੀ ਵਿਧਾਇਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਆਗੂ ਨੇ ਚੁੱਪ ਕਰਵਾਇਆ, ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦਾ ਬੋਲਣ ਦਾ ਸਾਰਾ ਸਮਾਂ ਖੁਦ ਹੀ ਵਰਤਿਆ: ਕੁਲਦੀਪ ਸਿੰਘ ਧਾਲੀਵਾਲ*
*ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਨੇ ਸਦਨ ਨੂੰ ਆਪਣਾ ਨਿੱਜੀ ਸਟੇਜ ਸਮਝਿਆ, ਵਿਧਾਨ ਸਭਾ ਦੇ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕੀਤੀ: ਕੁਲਦੀਪ ਸਿੰਘ ਧਾਲੀਵਾਲ*
*ਵਿਧਾਨ ਸਭਾ ਕਾਦੀਆਂ ਦਾ ਕੋਈ ਗਲੀ-ਮੁਹੱਲਾ ਨਹੀਂ ਜਿੱਥੇ ਕੋਈ ਵੀ ਬਿਨਾਂ ਅਨੁਸ਼ਾਸਨ ਦੇ ਬੋਲ ਸਕੇ: ਕੁਲਦੀਪ ਸਿੰਘ ਧਾਲੀਵਾਲ*
ਚੰਡੀਗੜ੍ਹ, 9 ਮਾਰਚ 2026
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਤੀਰੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਨੂੰ ਅਲਾਟ ਕੀਤੇ ਗਏ ਬੋਲਣ ਦੇ ਸਮੇਂ ਦੀ ਦੁਰਵਰਤੋਂ ਕੀਤੀ ਅਤੇ ਕਾਂਗਰਸ ਦੇ ਹੋਰ ਵਿਧਾਇਕਾਂ ਨੂੰ ਬਹਿਸ ਵਿੱਚ ਹਿੱਸਾ ਨਹੀਂ ਲੈਣ ਦਿੱਤਾ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਸਥਾਪਤ ਨਿਯਮਾਂ ਅਤੇ ਪ੍ਰਕਿਰਿਆਵਾਂ ਅਨੁਸਾਰ ਚੱਲਦੀ ਹੈ ਅਤੇ ਇਸ ਨੂੰ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਆਪਣੀ ਨਿੱਜੀ ਸਟੇਜ ਵਜੋਂ ਨਹੀਂ ਵਰਤਿਆ ਜਾ ਸਕਦਾ। ਉਨ੍ਹਾਂ ਇਸ਼ਾਰਾ ਕੀਤਾ ਕਿ ਸਪੀਕਰ ਨੇ ਚਰਚਾ ਦੌਰਾਨ ਕਾਂਗਰਸ ਪਾਰਟੀ ਨੂੰ 16 ਮਿੰਟ ਦਾ ਸਮਾਂ ਦਿੱਤਾ ਸੀ, ਪਰ ਪ੍ਰਤਾਪ ਸਿੰਘ ਬਾਜਵਾ ਇਕੱਲੇ ਹੀ ਅਲਾਟ ਕੀਤੇ ਸਮੇਂ ਤੋਂ ਵੱਧ ਬੋਲੇ ਅਤੇ ਦੂਜੇ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, "ਬਾਜਵਾ ਵੱਲੋਂ ਇਨ੍ਹਾਂ ਵਿਧਾਇਕਾਂ ਨੂੰ ਸਦਨ ਦੇ ਅੰਦਰ ਬੋਲਣ ਤੱਕ ਨਹੀਂ ਦਿੱਤਾ ਜਾਂਦਾ ਅਤੇ ਫਿਰ ਉਹ ਬਾਹਰ ਆ ਕੇ ਬੇਲੋੜਾ ਰੌਲਾ ਪਾਉਂਦੇ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਰ-ਵਾਰ ਆਪਣੇ ਪੁਰਾਣੇ ਅਹੁਦਿਆਂ ਜਿਵੇਂ ਕਿ ਸਾਂਸਦ, ਮੰਤਰੀ ਅਤੇ ਵਿਧਾਇਕ ਹੋਣ ਦਾ ਹਵਾਲਾ ਦੇਣ 'ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਜਿਹਾ ਵਿਵਹਾਰ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ।ਵਿਧਾਨ ਸਭਾ ਕਾਦੀਆਂ ਦਾ ਕੋਈ ਗਲੀ-ਮੁਹੱਲਾ ਨਹੀਂ ਹੈ ਜਿੱਥੇ ਕੋਈ ਵੀ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਜੋ ਮਰਜ਼ੀ ਬੋਲ ਸਕੇ। ਸਦਨ ਇੱਕ ਉਚਿਤ ਪ੍ਰਣਾਲੀ ਅਤੇ ਅਨੁਸ਼ਾਸਨ ਦੇ ਤਹਿਤ ਕੰਮ ਕਰਦਾ ਹੈ।
ਕਾਂਗਰਸ 'ਤੇ ਹੋਰ ਨਿਸ਼ਾਨਾ ਸਾਧਦਿਆਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਨੇ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ਕੀਤੇ ਗਏ 2017 ਦੇ ਮੈਨੀਫੈਸਟੋ ਦੇ ਅਧੂਰੇ ਵਾਅਦਿਆਂ ਦੀ ਯਾਦ ਦਿਵਾਈ। ਉਨ੍ਹਾਂ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਉਹ ਉਹ ਮੈਨੀਫੈਸਟੋ ਪੇਸ਼ ਕਰਨ ਅਤੇ ਇਸ ਗੱਲ 'ਤੇ ਚਰਚਾ ਕਰਨ ਕਿ ਉਨ੍ਹਾਂ ਵਿੱਚੋਂ ਕਿੰਨੇ ਵਾਅਦੇ ਅਸਲ ਵਿੱਚ ਪੂਰੇ ਹੋਏ ਹਨ।
ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ 'ਆਪ' ਵਾਅਦਿਆਂ ਅਤੇ ਕਾਰਗੁਜ਼ਾਰੀ 'ਤੇ ਖੁੱਲ੍ਹੀ ਬਹਿਸ ਲਈ ਪੂਰੀ ਤਰ੍ਹਾਂ ਤਿਆਰ ਹੈ। ਧਾਲੀਵਾਲ ਨੇ ਕਿਹਾ ਕਿ ਆਓ ਇਸ ਗੱਲ 'ਤੇ ਚਰਚਾ ਕਰੀਏ ਕਿ ਕਾਂਗਰਸ ਨੇ 2017 ਵਿੱਚ ਕੀ ਵਾਅਦਾ ਕੀਤਾ ਸੀ ਅਤੇ 'ਆਪ' ਨੇ 2022 ਵਿੱਚ ਕੀ ਵਾਅਦਾ ਕੀਤਾ ਸੀ ਅਤੇ ਅਸੀਂ ਕਿੰਨਾ ਕੁ ਪੂਰਾ ਕੀਤਾ ਹੈ। ਅਸੀਂ ਕਿਤੇ ਵੀ, ਕਿਸੇ ਵੀ ਸਮੇਂ ਬਹਿਸ ਲਈ ਤਿਆਰ ਹਾਂ।
Click to Follow Babushahi Facebook page →