ਬਠਿੰਡਾ ਪ੍ਰਸ਼ਾਸਨ ਨੇ ਜੇਲ੍ਹੀਂ ਡੱਕੇ ਕਿਸਾਨਾਂ ਦੀ ਰਿਹਾਈ ਲਈ ਕਿਸਾਨ ਆਗੂਆਂ ਤੇ ਠੰਢਾ ਛਿੜਕਿਆ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2026 : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦੋ ਆਗੂਆਂ ਬਲਦੇਵ ਸਿੰਘ ਚੌਕੇ ਅਤੇ ਸਗਨਦੀਪ ਸਿੰਘ ਜਿਉਂਦ ਨੂੰ ਰਿਹਾਅ ਕਰਵਾਉਣ ਲਈ 6 ਫਰਵਰੀ ਨੂੰ ਸ਼ੁਰੂ ਕੀਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਬਠਿੰਡਾ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਤੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ। ਬਠਿੰਡਾ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ, ਡੀ ਆਈ ਜੀ ਬਠਿੰਡਾ ਰੇਂਜ ਹਰਜੀਤ ਸਿੰਘ, ਏਆਈਜੀ ਬਠਿੰਡਾ ਰੇਂਜ ਇੰਟੈਲੀਜੈਂਸੀ ਅਵਨੀਤ ਕੌਰ ਸਿੱਧੂ ਅਤੇ ਐਸ ਐਸ ਪੀ ਬਠਿੰਡਾ ਜੋਤੀ ਯਾਦਵ ਸ਼ਾਮਿਲ ਹੋਏ ਜਦੋਂ ਕਿ ਕਿਸਾਨਾਂ ਤਰਫੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਹਾਜ਼ਰ ਸਨ । ਮੀਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਸ਼ੁੱਕਰਵਾਰ ਨੂੰ ਫੇਰ ਇੱਕ ਵਾਰ ਪ੍ਰਸ਼ਾਸਨ ਨੇ ਦੁਬਾਰਾ ਮੀਟਿੰਗ ਬੁਲਾਈ ਗਈ ਹੈ।
ਉਹਨਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਬਾ ਪੱਧਰਾ ਇਕੱਠ ਭੁੱਚੋ ਖੁਰਦ ਵਿਖੇ ਕੀਤਾ ਜਾਵੇਗਾ। ਜੇਕਰ ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਆਗੂਆਂ ਦੀ ਰਿਹਾਈ ਸਬੰਧੀ ਟਾਲ ਮਟੋਲ ਕੀਤੀ ਤਾਂ ਡੀਸੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ ਨੂੰ ਪੰਜ ਅਪ੍ਰੈਲ 2025 ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਜਿਨ੍ਹਾਂ ਨੇ ਚੌਕੇ ਸਕੂਲ ਵਿੱਚ ਹੋ ਰਹੇ ਭ੍ਰਿਸਟਾਚਾਰ ਖਿਲਾਫ ਲੜ ਰਹੇ ਅਧਿਆਪਕਾਂ ਦੀ ਹਮਾਇਤ ਕੀਤੀ ਸੀ ਅਤੇ ਪਿੰਡ ਜਿਉਂਦ ਵਿਖੇ ਆਪਣੀ ਜਮੀਨਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਸਨ । ਇਹਨਾਂ ਨੂੰ ਪੁਲਿਸ ਨੇ ਇੱਕ ਝੂਠੇ ਕੇਸ ਵਿੱਚ ਲਗਾਤਾਰ ਬੰਦ ਕੀਤਾ ਹੋਇਆ ਹੈ ਅਤੇ ਇਸ ਕੇਸ ਨੂੰ ਅਦਾਲਤ ਵਿੱਚ ਚਾਰਜ ਤੇ ਲਾਉਣ ਤੋਂ ਬਾਅਦ ਵੀ ਬਹਿਸ ਤੇ ਨਹੀਂ ਲਗਾਇਆ ਜਾ ਰਿਹਾ। ਉਹਨਾਂ ਕਿਹਾ ਕਿ 19 ਜਨਵਰੀ ਨੂੰ ਵੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਪ੍ਰਸ਼ਾਸਨ ਤੇ ਨਿਰਭਰ ਹੈ ਕਿ ਉਹ ਜੇਲ੍ਹ ਵਿੱਚ ਬੰਦ ਆਗੂ ਰਿਹਾ ਕਰਦਾ ਹੈ ਜਾਂ ਫਿਰ ਸੰਘਰਸ਼ ਦਾ ਸਾਹਮਣਾ।