ਜਗਤਪੁਰਾ ਖੇਤਰ ਚ ਬਿਜਲੀ ਸੁਧਾਰਾਂ ਤੇ 50 ਲੱਖ ਰੁਪਏ ਖਰਚੇ ਜਾ ਰਹੇ ਹਨ - ਐਮ ਐਲ ਏ ਕੁਲਵੰਤ ਸਿੰਘ
20 ਲੱਖ ਰੁਪਏ ਦੀ ਲਾਗਤ ਨਾਲ 100 ਕੇ ਵੀ ਏ ਤੋਂ 200 ਕੇ ਵੀ ਏ ਅਪਗ੍ਰੇਡ ਹੋਏ ਪੰਜ ਟ੍ਰਾਂਸਫਾਰਮਰ ਲੋਕ ਅਰਪਣ
ਮੋਹਾਲੀ ਜ਼ਿਲ੍ਹੇ ਵਿੱਚ 708 ਕਰੋੜ ਰੁਪਏ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਖਰਚੇ ਜਾ ਰਹੇ ਹਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜਨਵਰੀ:
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਸੁਧਾਰਾਂ ਲਈ ਆਰੰਭੇ 5 ਹਜਾਰ ਕਰੋੜ ਰੁਪਏ ਦੇ ਪ੍ਰੋਜੈਕਟ ਤਹਿਤ ਇਕੱਲੇ ਮੋਹਾਲੀ ਜਿਲ੍ਹੇ ਵਿੱਚ 708 ਕਰੋੜ ਰੁਪਏ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਤੇ ਖਰਚੇ ਜਾ ਰਹੇ ਹਨ, ਜਿਸ ਨਾਲ ਵੋਲਟੇਜ ਸਮੱਸਿਆ ਤੇ ਹੋਰ ਮੁਸ਼ਕਿਲਾਂ ਤੋਂ ਮੁਕੰਮਲ ਨਿਜਾਤ ਮਿਲੇਗੀ।
ਇਹ ਪ੍ਰਗਟਾਵਾ ਮੋਹਾਲੀ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਨੇ ਅੱਜ ਜਗਤਪੁਰਾ ਖੇਤਰ ਵਿੱਚ 100 ਕੇ.ਵੀ.ਏ. ਦੇ 5 ਟ੍ਰਾਂਸਫਾਰਮਰਾਂ ਨੂੰ ਅੱਪਗ੍ਰੇਡ ਕਰਕੇ 200 ਕੇ.ਵੀ.ਏ. ਦਾ ਕੀਤੇ ਜਾਣ ਉਪਰੰਤ ਉਦਘਾਟਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇਹ ਕੰਮ ਪਿਛਲੇ 1 ਮਹੀਨੇ ਵਿੱਚ ਕੀਤਾ ਗਿਆ ਹੈ, ਜਿਸ ਤੇ ਲਗਭੱਗ 20 ਲੱਖ ਰੁਪਏ ਦਾ ਖ਼ਰਚਾ ਆਇਆ ਹੈ।
ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਵਿੱਚ ਬਿਜਲੀ ਦੀ ਸਪਲਾਈ ਢਾਂਚੇ ਨੂੰ ਵਿਸ਼ਵ ਪੱਧਰੀ ਮਿਆਰ ਦਾ ਕਰਨ ਲਈ ਅਕਤੂਬਰ-2025 ਵਿੱਚ ‘ਰੌਸ਼ਨ ਪੰਜਾਬ’ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਤਹਿਤ ਪੂਰੇ ਪੰਜਾਬ ਵਿੱਚ ਬਿਜਲੀ ਦਾ ਢਾਂਚਾ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਗਤਪੁਰਾ ਖ਼ੇਤਰ ਦਾ ਲੋਡ ਵੰਡਣ ਲਈ 11 ਕੇ.ਵੀ. ਦੀ ਇੱਕ ਨਵੀਂ ਦੀ ਲਾਈਨ ਪਾਈ ਜਾ ਰਹੀ ਹੈ, ਜਿਸ ਤੇ 30 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਅਤੇ ਸੁਰੱਖਿਅਤ ਕਰਨ ਲਈ ਐਲ.ਟੀ. ਤਾਰਾਂ ਦੇ ਸੁਧਾਰ ਲਈ ਅੱਜ ਤੋਂ ਸਰਵੇ ਦਾ ਕੰਮ ਅਰੰਭ ਕੀਤਾ ਗਿਆ ਹੈ।