ਵੇਅਰਹਾਊਸ: ਸੈਂਕੜੇ ਜੌਬਾਂ ਨੂੰ ਬਾਏ-ਬਾਏ-ਭਾਰਤੀ ‘ਟਾਟਾ’ ਨੂੰ ਹੈਲੋ ਹਾਇ
ਨਿਊਜ਼ੀਲੈਂਡ ਦੇ ਵੱਡੇ ਕਾਰੋਬਾਰੀ ਸਮੂਹ ’ਚ ਵੱਡੀ ਛਾਂਟੀ ਤਹਿਤ 270 ਨੌਕਰੀਆਂ ਖਤਮ ਕਰਕੇ ਘਟਾਇਆ ਜਾਵੇਗਾ ਖਰਚੇ ਦਾ ਭਾਰ
-ਹੁਣ ਭਾਰਤ ਦੇ ਮੋਢਿਆਂ ’ਤੇ ਹੋਵੇਗਾ ਪ੍ਰਸ਼ਾਸਨਿਕ ਕੰਮ
-ਕਾਰੋਬਾਰੀ ਸਮੂਹ 5 ਸਾਲਾਂ ਵਿਚ ਬਚਾਏਗਾ 70 ਮਿਲੀਅਨ ਖਰਚਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 04 ਫਰਵਰੀ 2026: -ਨਿਊਜ਼ੀਲੈਂਡ ਦੀ ਇਕ ਵੱਡੀ ਕਾਰੋਬਾਰੀ ਕੰਪਨੀ ‘ਦਾ ਵੇਅਰਹਾਊਸ’ ਭਾਰੀ ਫੈਸਲਾ ਲੈਂਦਿਆਂ ਆਪਣਾ ਐਡਮਿਨ (ਪ੍ਰਸ਼ਾਸਨਿਕ) ਕੰਮ ਭਾਰਤ ਦੀ ਪ੍ਰਸਿੱਧ ਇਨਫਰਮੇਸ਼ਨ ਟਕਨਾਲੋਜੀ ਕੰਪਨੀ ‘ਟਾਟਾ ਕੰਸਲਟੈਂਸੀ ਸਰਵਿਸ’ ਨੂੰ ਦੇਣ ਦਾ ਫੈਸਲਾ ਕੀਤਾ ਹੈ। ਮੁਕਤ ਵਪਾਰ ਸਮਝੌਤੇ ਦੇ ਪ੍ਰਭਾਵ ਦੇ ਚਲਦਿਆਂ ਹੁਣ ਨਿਊਜ਼ੀਲੈਂਡ ਦੀ ਤਰੱਕੀ ਦੇ ਵਿਚ ਭਾਰਤ ਦੀ ਹੈ ਵਾਰੀ ਆਈ ਜਾਪਦੀ ਹੈ ਅਤੇ ਇਹ ਕਾਫੀ ਅੱਗੇ ਤੱਕ ਜਾਵੇਗੀ।
ਵਰਨਣਯੋਗ ਹੈ ਕਿ ‘ਵੇਅਰਹਾਊਸ ਗਰੁੱਪ’ ਆਪਣੇ ਮੁੱਖ ਦਫ਼ਤਰ ਦੀਆਂ 270 ਨੌਕਰੀਆਂ ਵਿੱਚ ਕਟੌਤੀ ਕਰ ਰਿਹਾ ਹੈ, ਕੰਮ ਵਿਦੇਸ਼ਾਂ ਵਿੱਚ ਆਊਟਸੋਰਸ ਕਰਨ ਦੀ ਯੋਜਨਾ ਹੈ। ਭਾਰਤ ਇਸਦੇ ਵਿਚ ਪ੍ਰਮੁੱਖ ਦੇਸ਼ ਹੋਵੇਗਾ। ਵੇਅਰਹਾਊਸ ਗਰੁੱਪ ਆਪਣੇ ਵਪਾਰਕ ਖਰਚਿਆਂ ਨੂੰ ਘਟਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਆਪਣੀ ਹੈੱਡ ਆਫਿਸ ਟੀਮ ਵਿੱਚ ਸੈਂਕੜੇ ਅਹੁਦਿਆਂ ਦੀ ਕਟੌਤੀ ਕਰ ਰਿਹਾ ਹੈ, ਜਿਸ ਵਿੱਚ ਕਈ ਪ੍ਰਸ਼ਾਸਨਿਕ ਕੰਮਾਂ ਨੂੰ ਵਿਦੇਸ਼ਾਂ ਵਿੱਚ ਆਊਟਸੋਰਸ ਕੀਤਾ ਜਾਵੇਗਾ।
ਵੇਅਰਹਾਊਸ ਗਰੁੱਪ ਦੇ ਮੁੱਖ ਕਾਰਜਕਾਰੀ ਮਾਰਕ ਸਟਰਟਨ ਨੇ ਕਿਹਾ ਕਿ ਕੰਪਨੀ ਦਾ ਮੌਜੂਦਾ ਖਰਚਾ ਇੱਕ ‘ਵੈਲਯੂ ਰਿਟੇਲਰ’ (ਸਸਤਾ ਸਾਮਾਨ ਵੇਚਣ ਵਾਲੇ) ਲਈ ਟਿਕਾਊ ਨਹੀਂ ਸੀ। ਉਨ੍ਹਾਂ ਕਿਹਾ, “ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਰਿਟੇਲ ਮਾਲਕਾਂ ਵਿੱਚੋਂ ਇੱਕ ਹੋਣ ਦੇ ਨਾਤੇ, ਸਾਨੂੰ ਦੇਸ਼ ਭਰ ਵਿੱਚ ਆਪਣੇ 10,000 ਟੀਮ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇਹ ਮੁਸ਼ਕਲ ਫੈਸਲੇ ਲੈਣੇ ਪੈਣਗੇ। ਇਸੇ ਤਹਿਤ ਗਰੁੱਪ ਆਪਣੇ ਹੈੱਡ ਆਫਿਸ ਵਿੱਚੋਂ 270 ਅਹੁਦਿਆਂ ਦੀ ਕਟੌਤੀ ਕਰਨ ਜਾ ਰਿਹਾ ਹੈ, ਜਿਸ ਨਾਲ ਕਰਮਚਾਰੀਆਂ ਦੀ ਗਿਣਤੀ ਲਗਭਗ 990 ਤੋਂ ਘਟ ਕੇ 720 ਰਹਿ ਜਾਵੇਗੀ। ਇਸ ਪੁਨਰਗਠਨ ਕਾਰਨ ਗਰੁੱਪ ਨੂੰ 2026 ਦੇ ਵਿੱਤੀ ਸਾਲ ਵਿੱਚ ਲਗਭਗ 6 ਮਿਲੀਅਨ ਦਾ ਰਿਡੰਡੈਂਸੀ (ਛਾਂਟੀ) ਖਰਚਾ ਪਵੇਗਾ, ਪਰ ਭਵਿੱਖ ਦੇ ਵਿਚ ਵੱਡੀ ਬੱਚਤ ਹੋਵੇਗੀ।
ਨਵੇਂ ਓਪਰੇਟਿੰਗ ਢਾਂਚੇ ਦੇ ਤਹਿਤ, ਟਾਟਾ ਕੰਸਲਟੇਂਸੀ ਸਰਵਿਸ (TCS) ਤਕਨਾਲੋਜੀ, ਅਕਾਊਂਟਿੰਗ, ਕਾਲ ਸੈਂਟਰ ਅਤੇ ਪੇਰੋਲ ਸਮੇਤ ਕਈ ਕਾਰਪੋਰੇਟ ਅਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਸਹਾਇਤਾ ਕਰੇਗਾ। ਟਾਟਾ ਗਰੁੱਪ ਨੂੰ ਆਧੁਨਿਕ ਪਲੇਟਫਾਰਮਾਂ, ਸਮਰੱਥਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤੱਕ ਪਹੁੰਚ ਪ੍ਰਦਾਨ ਕਰੇਗਾ।
ਵੇਅਰਹਾਊਸ ਗਰੁੱਪ ਦੀ ਇੱਕ ਮਹਿਲਾ ਬੁਲਾਰੇ ਨੇ ਪੁਸ਼ਟੀ ਕੀਤੀ ਕਿ ‘ਟਾਟਾ’ ਦੀ ਨਿਊਜ਼ੀਲੈਂਡ ਵਿੱਚ ਮੌਜੂਦਗੀ ਘੱਟ ਹੈ, ਇਸ ਲਈ ਜ਼ਿਆਦਾਤਰ ਅਹੁਦੇ ਵਿਦੇਸ਼ਾਂ (ਮੁੱਖ ਤੌਰ ’ਤੇ ਭਾਰਤ) ਵਿੱਚ ਹੋਣਗੇ।
ਉਮੀਦ ਹੈ ਕਿ ਇਹ ਨਵਾਂ ਢਾਂਚਾ 2026 ਦੇ ਵਿੱਤੀ ਸਾਲ ਵਿੱਚ ਲਗਭਗ 3 ਮਿਲੀਅਨ ਤੋਂ 4 ਮਿਲੀਅਨ ਦੀ ਲੇਬਰ ਲਾਗਤ ਦੀ ਬਚਤ ਕਰੇਗਾ ਅਤੇ 2031 ਦੇ ਵਿੱਤੀ ਸਾਲ ਤੱਕ ਸਾਲਾਨਾ ਬਚਤ ਲਗਭਗ 17 ਮਿਲੀਅਨ ਤੱਕ ਵਧਣ ਦੀ ਉਮੀਦ ਹੈ। ਕੰਪਨੀ ਦਾ ਉਦੇਸ਼ ਪੰਜ ਸਾਲਾਂ ਵਿੱਚ ਕੁੱਲ 70 ਮਿਲੀਅਨ ਦੀ ਬਚਤ ਕਰਨਾ ਹੈ।