ਲੁਧਿਆਣਾ ਪੁਲਿਸ ਦਾ 'ਡਿਜੀਟਲ ਸਰਜੀਕਲ ਸਟ੍ਰਾਈਕ': Big Daddy Casino ਦੇ Moderator 'ਤੇ ਸ਼ਿਕੰਜਾ ਕੱਸਿਆ!"
ਲੁਧਿਆਣਾ ਪੁਲਿਸ ਦਾ ਡਿਜੀਟਲ ਸਰਜੀਕਲ ਸਟ੍ਰਾਈਕ: 'Bigg Daddy Casino' ਦੇ Moderator 'ਤੇ ਸ਼ਿਕੰਜਾ ਕੱਸਿਆ!"
ਸੁਖਮਿੰਦਰ ਭੰਗੂ
ਲੁਧਿਆਣਾ 5 ਫਰਵਰੀ 2026
ਸਾਈਬਰ ਅਪਰਾਧੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਪੁਲਿਸ ਦੀਆਂ ਨਜ਼ਰਾਂ ਨੇ ਇੱਕ ਅਜਿਹੇ ਵਿਅਕਤੀ ਨੂੰ ਦਬੋਚ ਲਿਆ ਹੈ ਜੋ ਡਿਜੀਟਲ ਪਲੇਟਫਾਰਮ ਰਾਹੀਂ ਨੌਜਵਾਨਾਂ ਨੂੰ ਆਨਲਾਈਨ ਜੂਏ ਦੇ ਜਾਲ ਵਿੱਚ ਫਸਾ ਰਿਹਾ ਸੀ।
ਸੋਸ਼ਲ ਮੀਡੀਆ ਦੀ ਨਿਗਰਾਨੀ ਨੇ ਖੋਲ੍ਹੀ ਪੋਲ
ਇਹ ਸਾਰੀ ਕਾਰਵਾਈ ਪੁਲਿਸ ਕਮਿਸ਼ਨਰ ਲੁਧਿਆਣਾ, ਸਵੱਪਨ ਸ਼ਰਮਾ (IPS) ਦੇ ਸਖ਼ਤ ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੀ ਰਹਿਨੁਮਾਈ ਹੇਠ ਅਮਲ ਵਿੱਚ ਲਿਆਂਦੀ ਗਈ। ਸਾਈਬਰ ਸੈੱਲ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਨਿਊਜ਼ ਚੈਨਲ ਦੀ ਪੋਸਟ ਦਾ ਗੰਭੀਰ ਨੋਟਿਸ ਲਿਆ, ਜਿਸ ਵਿੱਚ "Bigg Daddy Casino" ਨਾਮਕ ਗੈਰ-ਕਾਨੂੰਨੀ ਪਲੇਟਫਾਰਮ ਦਾ ਜ਼ਿਕਰ ਸੀ । ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲੁਧਿਆਣਾ ਦਾ ਰਹਿਣ ਵਾਲਾ ਸ਼ੈਲੇਸ਼ ਨਾਮਕ ਵਿਅਕਤੀ ਟੈਲੀਗ੍ਰਾਮ ਹੈਂਡਲ @Shaileshdabng ਅਤੇ ਵੱਖ-ਵੱਖ ਮੋਬਾਇਲ ਨੰਬਰਾਂ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਜੂਏ ਦੇ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਉਕਸਾ ਰਿਹਾ ਸੀ। ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਦੀ ਪਛਾਣ ਕੀਤੀ।
ਪੁਲਿਸ ਨੇ ਦੋਸ਼ੀ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਦਿਆਂ FIR ਨੰਬਰ: 11 (ਮਿਤੀ 03.02.2026) ਧਰਾਵਾਂ 318(4) ਭਾਰਤੀਯ ਨਿਆਂ ਸੰਹਿਤਾ (BNS) ਅਤੇ ਜੂਆ ਐਕਟ ਦੀਆਂ ਧਾਰਾਵਾਂ 13/3/67 ਤਹਿਤ ਮੁਕੱਦਮਾ ਦਰਜ ਕੀਤਾ ਹੈ। ਲੁਧਿਆਣਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਜਾਂ ਸੱਟੇਬਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਈਬਰ ਟੀਮਾਂ 24/7 ਡਿਜੀਟਲ ਸਪੇਸ 'ਤੇ ਨਜ਼ਰ ਰੱਖ ਰਹੀਆਂ ਹਨ।