Babushahi Special: ਸਿਆਸੀ ਧਿਰਾਂ ਨੇ ਐਧਰ ਆ ਸ਼ਰੀਕਣੀਏ ਆਢਾ ਲਾ ਸ਼ਰੀਕਣੀਏ ਦੀ ਦੌੜ ’ਚ ਹਾਸ਼ੀਏ ’ਤੇ ਸੁੱਟੇ ਲੋਕ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2026: ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ 10 ਮਹੀਨੇ ਪਹਿਲਾਂ ਹੀ ਸਿਆਸੀ ਧਿਰਾਂ ਵਿਚਕਾਰ ਸ਼ੁਰੂ ਹੋਈ ਕੁਰਸੀ ’ਤੇ ਕਬਜ਼ੇ ਦੀ ਲੜਾਈ ਦੌਰਾਨ ਕੀਤੀ ਜਾ ਰਹੀ ਚਿੱਕੜ ਉਛਾਲੀ ਕਾਰਨ ਆਮ ਆਦਮੀ ਦੇ ਸਰੋਕਾਰਾਂ ਨਾਲ ਜੁੜੇ ਅਸਲੀ ਮੁੱਦੇ ਹਾਸ਼ੀਏ ’ਤੇ ਸੁੱਟੇ ਦਿੱਤੇ ਹਨ। ਮਿਸ਼ਨ 2027 ਲਈ ਅਜਾਦ ਜਾਂ ਛੋਟੀਆਂ ਨੂੰ ਧਿਰਾਂ ਨੂੰ ਇੱਕ ਪਾਸੇ ਰੱਖ ਦੇਈਏ ਤਾਂ ਇਸ ਵਾਰ ਮੁਕਾਬਲੇ ਪੰਜ ਕੋਣੇ ਹੋਣ ਜਾ ਰਹੇ ਹਨ ਤਾਂ ਤੋਹਮਤਾਂ ਦੀ ਜੰਗ ਵਿੱਚ ਕੋਈ ਵੀ ਨੇਤਾ ਦੂਸਰਿਆਂ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦਾ ਹੈ। ਬੁੱਧਵਾਰ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਭਾਜਪਾ ਦੇ ਮੰਤਰੀ ਰਵਨੀਤ ਬਿੱਟੂ ਵੱਲੋਂ ਇੱਕ ਦੂਸਰੇ ਤੇ ਸੁੱਟੇ ਚਿੱਕੜ ਤੋਂ ਬਾਅਦ ਜਿਸ ਤਰਾਂ ਦੋਵਾਂ ਧਿਰਾਂ ਦੇ ਆਗੂਆਂ ਨੇ ਜਵਾਬੀ ਵਾਰ ਪਲਟਵਾਰ ਕਰਨੇ ਸ਼ੁਰੂ ਕੀਤੇ ਹੋਏ ਹਨ ਉਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਕਿਸ ਤਰਾਂ ਦਾ ਹੋ ਸਕਦਾ ਹੈ।
ਹਾਲਾਂਕਿ ਸ਼ੁਰੂ ਵਿੱਚ ਤਾਂ ਨੇਤਾਵਾਂ ਨੇ ਇੱਕ ਦੂਜੇ ’ਤੇ ਹਲਕੇ ਫੁਲਕੇ ਜਿਹੇ ਨਿਸ਼ਾਨੇ ਲਾਏ ਸਨ ਪਰ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਣ ਲੱਗਿਆ ਹੈ ਤਾਂ ਸਿਆਸੀ ਧਿਰਾਂ ਭਾਸ਼ਾ ਦੀ ਮਰਿਆਦਾ ਲੰਘਣ ਲੱਗੀਆਂ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਹੀ ਇਹ ਇੱਟ ਖੜਿੱਕਾ ਚਲਦਾ ਆ ਰਿਹਾ ਸੀ ਪਰ ਹੁਣ ਤਾਂ ਭਾਰਤੀ ਜੰਤਾ ਪਾਰਟੀ ਵੀ ਕਿਸੇ ਤੋਂ ਪਿੱਛੇ ਨਹੀਂ ਰਹਿ ਗਈ ਹੈ। ਅਕਸਰ ਦੇਖਣ ’ਚ ਆਉਂਦਾ ਹੈ ਕਿ ਸਿਆਸੀ ਆਗੂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੇ ਹਨ ਜੋਕਿ ਸੱਭਿਆਚਾਰ ਦਾ ਮੁਦੱਈ ਅਖਵਾਉਂਦੇ ਪੰਜਾਬ ’ਚ ਤਾਂ ਪੰਜਾਬੀਆਂ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ ਹੈ। ਤਾਜਾ ਸਥਿਤੀ ਇਹ ਹੈ ਕਿ ਵਿਰੋਧੀ ਧਿਰਾਂ ਨੂੰ ਪੰਜਾਬ ਸਰਕਾਰ ਦੀ ਹਰ ਅੱਖ ’ਚ ਟੀਰ ਦਿਸ ਰਿਹਾ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂ ਵੀ ਵਿਰੋਧੀਆਂ ਨਾਲ ਭਲੀ ਨਾਂ ਗੁਜ਼ਾਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ।
ਚਾਹੀਦਾ ਤਾਂ ਇਹ ਸੀ ਕਿ ਹਾਕਮ ਧਿਰ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਜਨਤਕ ਮੁੱਦਿਆਂ ਤੇ ਅੰਦੋਲਨ ਖੜ੍ਹਾ ਕਰਦੀਆਂ ਪਰ ਇੱਥੇ ਤਾਂ ਹਰ ਕੋਈ ਇੱਕ ਦੂਜੇ ਤੋਂ ਵਧਕੇ ਭੰਡੀ ਪ੍ਰਚਾਰ ਕਰਨ ਨੂੰ ਸ਼ੋਭਾ ਮੰਨਿਆ ਜਾਂਦਾ ਹੈ ਅਤੇ ਕੰਮ ਦੀਆਂ ਗੱਲਾਂ ਕਰਨ ਦੀ ਥਾਂ ਨੂੰ ਵੰਗਾਰਨ’ ’ਚ ਲੱਗੇ ਹਨ। ਕੋਈ ਕਿਸੇ ਨੂੰ ਗੱਪੀ ਦੱਸ ਰਿਹਾ ਹੈ ਤੇ ਕਿਸੇ ਵੱਲੋਂ ਦੂਸਰਿਆਂ ਤੇ ਬੇਲੋੜੇ ਵਿਸ਼ੇਸ਼ਣ ਲਾਕੇ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ ਜਿਸ ਤੋਂ ਆਮ ਲੋਕ ਦੁਖੀ ਹਨ। ਤਰਨ ਤਾਰਨ ਜਿਮਨੀ ਚੋਣ ਪਿੱਛੋਂ ਤਾਂ ਸਿਆਸੀ ਪਾਰਟੀਆਂ ’ਚ ਤੋਹਮਤਬਾਜੀ ਦੀ ਅਜਿਹੀ ਜੰਗ ਸ਼ੁਰੂ ਹੋਈ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਕੋਈ ਨੇਤਾ ਸੋਸ਼ਲ ਮੀਡੀਆ ਤੇ ਪਹਾੜੇ ਸੁਣਾ ਰਿਹਾ ਹੈ ਤੇ ਕਿਸੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਲਾਏ ਜਾ ਰਹੇ ਹਨ। ਵੱਡੀ ਗੱਲ ਇਹ ਹੈ ਕਿ ਇੰਨ੍ਹਾਂ ਬੋਲ ਕੁਬੋਲਾਂ ਦੇ ਉਸੇ ਭਾਸ਼ਾ ’ਚ ਹੀ ਜਵਾਬ ਮਿਲ ਰਹੇ ਹਨ।
ਇੱਕ ਨਿਰਪੱਖ ਪੜਤਾਲ ਅਨੁਸਾਰ ਪੰਜਾਬ ਸਰਕਾਰ ਨੇ ਲੋਕ ਹਿੱਤ ’ਚ ਕਾਫੀ ਕੰਮ ਕਰਕੇ ਦਿਖਾਏ ਹਨ। ਇੰਨ੍ਹਾਂ ’ਚ ਆਮ ਆਦਮੀ ਕਲਿਨਕ ਸ਼ਾਮਲ ਹਨ ਜਿੱਥੇ ਲੋਕਾਂ ਨੂੰ ਕਾਫੀ ਹੱਦ ਤੱਕ ਸਿਹਤ ਸੇਵਾਵਾਂ ਮਿਲ ਰਹੀਆਂ ਹਨ। ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੇ ਮਾਮਲੇ ’ਚ ਵੀ ਕੰਮ ਹੋਏ ਹਨ। ਇਸ ਦਾ ਮਤਲਬ ਇਹ ਨਹੀਂ ਕਿ ਹਰ ਮੈਦਾਨ ਫਤਿਹ ਹੈ । ਨਸ਼ੇ ਅਤੇ ਗੈਂਗਸਟਰਵਾਦ ਵਰਗੇ ਮੁੱਦੇ ਬਰਕਰਾਰ ਹਨ ਅਤੇ ਹੋਰ ਵੀ ਕਾਫੀ ਕਰਨਾ ਬਾਕੀ ਹੈ। ਅਜਿਹੀਆਂ ਪ੍ਰਸਥਿਤੀਆਂ ਦਰਮਿਆਨ ਵਿਰੋਧੀ ਧਿਰਾਂ ਨੂੰ ਅੰਦੋਲਨ ਖੜ੍ਹਾ ਕਰਨਾ ਚਾਹੀਦਾ ਹੈ ਪਰ ਇੱਕ ਦੂਜੇ ਨੂੰ ਭੰਡਣ ਲੱਗੀਆਂ ਹੋਈਆਂ ਹਨ। ਸ਼ਹਿਰੀ ਲੋਕਾਂ ਨੂੰ ਸੀਵਰੇਜ ਸਹੂਲਤ ਅਤੇ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਕਿਸਾਨੀ ਤੇ ਅਧਾਰਿਤ ਪੇਂਡੂ ਅਰਥਚਾਰਾ ਪੂਰੀ ਤਰਾਂ ਨਿੱਸਲ ਹੋਇਆ ਪਿਆ ਹੈ ਜਿਸ ਕਰਕੇ ਸੱਥਰ ਵਿਛਣੇ ਘੱਟ ਨਹੀਂ ਹੋ ਸਕੇ ਹਨ। ਏਦਾਂ ਹੀ ਕੈਂਸਰ , ਮਹਿੰਗਾਈ ਅਤੇ ਬੇਰੁਜਗਾਰੀ ਦੀ ਗੱਲ ਵੀ ਗੁੱਝੀ ਨਹੀਂ ਹੈ।
ਚਿੱਕੜ ਉਛਾਲੀ ਦਾ ਰਾਹ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਸਿਆਸੀ ਧਿਰਾਂ ਨੇ ਚਿੱਕੜ ਉਛਾਲੀ ਦਾ ਰਾਹ ਚੁਣ ਲਿਆ ਹੈ ਅਤੇ ਲੋਕਾਂ ਦੇ ਮੁੱਦੇ ਹਾਸ਼ੀਏ ਤੇ ਸੁੱਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਲਈ ਤਾਂ ਕੋਈ ਧਿਰ ਨਹੀਂ ਬੋਲ ਰਹੀ ਹੈ ਜਦੋਂਕਿ ਵੋਟਾਂ ਹਾਸਲ ਕਰਨ ਵੇਲੇ ਹਰ ਕਿਸੇ ਨੇ ਇਹੋ ਕਿਹਾ ਸੀ ਕਿ ਉਹ ਮਸੀਹਾ ਬਣਕੇ ਦਿਖਾਉਣਗੇ।
ਸਿਆਸੀ ਧਿਰਾਂ ਵੱਲੋਂ ਤਮਾਸ਼ਾ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਦਾ ਕਹਿਣਾ ਸੀ ਕਿ ਸਿਆਸੀ ਧਿਰਾਂ ਵੋਟਾਂ ਹਾਸਲ ਕਰਨ ਲਈ ਲੋਕ ਭਲਾਈ ਦੀ ਥਾਂ ਲੋਕਾਂ ਨੂੰ ਭਰਮਾਉਣ ਦੀ ਰਾਜਨੀਤੀ ’ਚ ਉਲਝੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਨੇਤਾ ਜਿਸ ਵਿਕਾਸ ਦਾ ਢਿੰਡੋਰਾ ਪਿੱਟ ਰਹੇ ਹਨ ਉਹ ਲੋਕ ਪੱਖੀ ਨਹੀਂ ਹੈ ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਧਿਰਾਂ ਤਮਾਸ਼ਾ ਕਰ ਰਹੀਆਂ ਹਨ ਤਾਂ ਜੋ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ।
ਕੁੱਝ ਨਹੀਂ ਕਰਨਗੇ ਨਿੱਜੀ ਹਮਲੇ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਹੈ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਵੱਲੋਂ ਕੀਤੇ ਜਾ ਰਹੇ ਨਿੱਜੀ ਹਮਲਿਆਂ ਨਾਲ ਕੁੱਝ ਵੀ ਸੰਵਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਪਾਰਟੀ ਦੁੱਖ ਕੱਟਣ ਦੀ ਗੱਲ ਕਰਦੀ ਹੈ ਜੋ ਕਿੱਦਾਂ ਕੱਟੇ ਜਾਣਗੇ ਇਹ ਨਹੀਂ ਦੱਸਦੀ ਹੈ।