SGPC ਵੱਲੋਂ ਅਕਸਫੋਰਡ ਸਕੂਲ ਦੇ ਵਿਦਿਆਰਥੀ ਸਨਮਾਨਿਤ
ਅਸ਼ੋਕ ਵਰਮਾ
ਭਗਤਾ ਭਾਈ, 5 ਫਰਵਰੀ 2026: ‘ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ’ ਇੱਕ ਅਜਿਹੀ ਅਗਾਂਹ ਵਧੂ ਵਿੱਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਸਿਰਫ਼ ਅਕਾਦਮਿਕ ਪੱਖ ਤੋਂ ਅੱਗੇ ਨਹੀਂ ਹਨ, ਉਹ ਨੈਤਿਕ-ਕਦਰ-ਕੀਮਤਾਂ, ਬਹੁਮੁੱਲੀਆਂ ਵਿਚਾਰਧਾਰਾਵਾਂ ਦੇ ਧਾਰਨੀ ਹੋ ਕੇ ਗੁਰਮਿਤ ਪ੍ਰੀਖਿਆ ਵਿੱਚ ਵੀ ਮੋਹਰੀ ਹਨ।ਗੁਰੂ ਨਾਨਕ ਮਲਟੀਵਰਸਿਟੀ ਟਰੱਸਟ ਵੱਲੋਂ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਿਤ ਪ੍ਰੀਖਿਆ ਲਈ ਗਈ ਸੀ।ਆਕਸਫੋਰਡ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸੰਸਥਾ ਦੇ 17 ਵਿਦਿਆਰਥੀ ਇਸ ਪ੍ਰੀਖਿਆ ਵਿੱਚੋਂ ਪਾਸ ਹੋ ਕੇ ਅਗਲੇ ਗੇੜ ਵਿੱਚ ਪਹੁੰਚੇ ਜਿਨ੍ਹਾਂ ਨੂੰ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਸਨਮਾਨਿਤ ਕੀਤਾ ਗਿਆ।ਦੂਜੇ ਗੇੜ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਸਮਾਰਟ ਵਾਚ(ਘੜੀ) ਅਤੇ ਸਰਟੀਫਿਕੇਟ ਨਾਲ ਸਨਮਾਨਿਆ ਗਿਆ।
ਤੀਜੇ ਗੇੜ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਸਮਾਰਟ ਵਾਚ, ਕੈਟਲ, ਕਲਾਕ, ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਤੀਜੇ ਗੇੜ ਵਿੱਚ ਪਹੁੰਚੇ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਨਿਮਰਤ ਕੌਰ, ਸਮਰੀਨ ਅਰੋੜਾ ਅਤੇ ਸਮਰੀਤ ਕੌਰ ਨੂੰ 2100 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ।ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਇਸ ਸਫ਼ਲਤਾ ਤੇ ਖੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਹੱਲਾਸ਼ੇਰੀ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਸਕਰਾਤਮਕ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਅਸੀਂ ਮਾਨਸਿਕ ਤੌਰ ਤੇ ਬਲਵਾਨ ਅਤੇ ਮਜ਼ਬੂਤ ਬਣਨ ਦੇ ਨਾਲ-ਨਾਲ ਨੈਤਿਕ ਪੱਖ ਤੋਂ ਵੀ ਉੱਚਾ ਉੱਠਦੇ ਹਾਂ, ਜੋ ਕਿ ਅੱਜ ਦੇ ਮਾਹੌਲ ਵਿੱਚ ਬੇਹੱਦ ਜ਼ਰੂਰੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ,ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਦੀ ਹੌਸਲਾਅਫ਼ਜਾਈ ਕਰਦੇ ਹੋਏ ਵਧਾਈ ਦਿੱਤੀ।