ਬਠਿੰਡਾ: ਕੁਦਰਤੀ ਆਫ਼ਤਾਂ ਦੌਰਾਨ ਮਾਨਸਿਕ ਸਹਾਇਤਾ ਪ੍ਰਦਾਨ ਕਰਨ ਲਈ ਡਾਕਟਰਾਂ ਨੂੰ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ
ਸੰਕਟ ਦੀ ਸਥਿਤੀ ਦੌਰਾਨ ਮਨੋ-ਸਮਾਜਿਕ ਸਹਾਇਤਾ ਦੇਣ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 3 ਫਰਵਰੀ 2026 :ਸਿਵਲ ਸਰਜਨ ਦਫਤਰ ਬਠਿੰਡਾ ਵਿਖੇ ਨੈਸ਼ਨਲ ਇੰਸਟੀਟਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ-ਸਾਇੰਸਜ਼ ਬੈਂਗਲੁਰੂ ਦੁਆਰਾ “ਪਸਾਈਕੋ-ਸੋਸ਼ਲ ਕੇਅਰ ਇਨ ਡਾਇਜਾਸਟਰ ਮੈਨੇਜਮੈਂਟ ਅਤੇ ਹੈਲਥ ਸੈਕਟਰ ਡਾਇਜਾਸਟਰ ਰਸਪਾਂਸ” ਸਬੰਧੀ ਪੰਜ ਦਿਨਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਖ -ਵੱਖ ਜ਼ਿਲ੍ਹਿਆਂ ਦੇ ਡਾਕਟਰਾਂ ਨੇ ਭਾਗ ਲਿਆ । ਇਹ ਪੰਜ ਦਿਨਾਂ ਟ੍ਰੇਨਿੰਗ ਦਫ਼ਤਰ ਸਿਵਲ ਸਰਜਨ ਬਠਿੰਡਾ ਦੇ ਮੀਟਿੰਗ ਹਾਲ ਵਿੱਚ ਚਲਾਈ ਗਈ।
ਟ੍ਰੇਨਿੰਗ ਦਾ ਉਦੇਸ਼ ਡਾਕਟਰਾਂ ਨੂੰ ਪ੍ਰਾਕਿਰਤਿਕ ਅਤੇ ਮਨੁੱਖ-ਨਿਰਮਿਤ ਆਪਦਾਵਾਂ ਦੌਰਾਨ ਮਰੀਜ਼ਾਂ ਅਤੇ ਪ੍ਰਭਾਵਿਤ ਲੋਕਾਂ ਨੂੰ ਮਨੋ-ਸਮਾਜਿਕ ਸਹਾਇਤਾ ਦੇਣ ਲਈ ਤਿਆਰ ਕਰਨਾ ਸੀ। ਇਸ ਦੌਰਾਨ ਕਮਿਊਨਿਟੀ ਇੰਵੋਲਵਮੈਂਟ, ਐਮਰਜੈਂਸੀ ਰਸਪਾਂਸ, ਅਤੇ ਮਨੋ-ਸਮਾਜਿਕ ਸਹਾਇਤਾ ਦੇ ਵਿਸਥਾਰ ਨਾਲ ਸਿਖਲਾਈ ਦਿੱਤੀ ਗਈ।
ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਪਦਾਵਾਂ ਦੌਰਾਨ ਮਨੋ-ਸਮਾਜਿਕ ਸਹਾਇਤਾ ਬਚਾਅ ਅਤੇ ਰਿਕਵਰੀ ਲਈ ਬਹੁਤ ਜਰੂਰੀ ਹੈ। ਇਸ ਟ੍ਰੇਨਿੰਗ ਨੇ ਸਾਡੇ ਡਾਕਟਰਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਟ੍ਰੇਨਿੰਗ ਦੀ ਸਮਾਪਤੀ ਦੌਰਾਨ ਟਰੇਨੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।