ਗੁਰਦਾਸਪੁਰ: ਹੁਣ ਕਚਹਿਰੀਆਂ ਬਾਹਰ ਸੜਕ 'ਤੇ ਗਲਤ ਪਾਰਕਿੰਗ ਕਰਨ ਵਾਲਿਆਂ ਦੀ ਖ਼ੈਰ ਨਹੀਂ; ਪੁਲਿਸ ਨੇ ਕੱਟੇ ਵੱਡੀ ਗਿਣਤੀ 'ਚ ਚਲਾਨ
ਕਚਹਿਰੀਆਂ ਦੀ ਆਵਾਜਾਈ ਸੁਚਾਰੂ ਰੱਖਣ ਲਈ ਪਾਰਕਿੰਗ ਦੇ ਬਾਹਰ ਸੜਕਾਂ 'ਤੇ ਲੱਗੀਆਂ ਗੱਡੀਆਂ ਦੇ ਚਲਾਨ ਕੱਟੇ ਗਏ
ਰੋਹਿਤ ਗੁਪਤਾ
ਗੁਰਦਾਸਪੁਰ, 3 Feb 2026- ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਜਿਸ ਦੇ ਨਾਲ ਦੂਸਰੇ ਪਾਸੇ ਅਧਿਕਾਰਿਤ ਕੰਪਲੈਕਸ ਵੀ ਹੈ, ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਆਪਣੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਣ ਲਈ ਆਉਂਦੇ ਹਨ ਅਤੇ ਅਕਸਰ ਦੇਖਿਆ ਜਾਂਦਾ ਹੈ ਕਿ ਰੋਡ 'ਤੇ ਪਾਰਕਿੰਗ ਫੀਸ ਬਚਾਉਣ ਲਈ ਲੋਕ ਆਪਣੀਆਂ ਗੱਡੀਆਂ ਬਾਹਰ ਸੜਕ 'ਤੇ ਹੀ ਖੜ੍ਹੀਆਂ ਕਰ ਜਾਂਦੇ ਹਨ ਅਤੇ ਕਾਫੀ ਦੇਰ ਤੱਕ ਇਹ ਗੱਡੀਆਂ ਸੜਕ 'ਤੇ ਇਵੇਂ ਹੀ ਖੜ੍ਹੀਆਂ ਰਹਿੰਦੀਆਂ ਸਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
ਟਰੈਫਿਕ ਪੁਲਿਸ ਵੱਲੋਂ ਅੱਜ ਅਜਿਹੀਆਂ ਗੱਡੀਆਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਅਤੇ ਰੋਡ 'ਤੇ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ ਗਏ। ਜਿਨ੍ਹਾਂ ਗੱਡੀਆਂ ਵਿੱਚ ਉਨ੍ਹਾਂ ਦੇ ਚਾਲਕ ਨਹੀਂ ਸੀ, ਉਨ੍ਹਾਂ ਦੇ ਵਾਈਪਰ ਦੇ ਨਾਲ ਜਾਂ ਫਿਰ ਸ਼ੀਸ਼ੇ 'ਤੇ ਚਲਾਨ ਦੀ ਕਾਪੀ ਚਿਪਕਾ ਦਿੱਤੀ ਗਈ। ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ 'ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਟਰੈਫਿਕ ਸੁਚਾਰੂ ਢੰਗ ਨਾਲ ਚਲਦੀ ਰਹੇ ਇਸ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।