ਬਠਿੰਡਾ: ਪਸ਼ੂਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਲੰਪੀ ਸਕਿਨ ਟੀਕਾਕਰਨ ਮੁਹਿੰਮ ਦਾ ਆਗਾਜ਼
ਪਸ਼ੂ ਪਾਲਣ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਦਾ ਆਗਾਜ਼
ਅਸ਼ੋਕ ਵਰਮਾ
ਬਠਿੰਡਾ: 3 ਫਰਵਰੀ 2026 : ਕੈਬਨਿਟ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁਡੀਆਂ ਦੇ ਹੁਕਮਾਂ ਅਤੇ ਪ੍ਰਿੰਸੀਪਲ ਸਕੱਤਰ ਸ੍ਰੀ ਰਾਹੁਲ ਤਿਵਾੜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਭਰ ਦੇ ਗਉਧੰਨ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਲੰਪੀ ਸਕਿਨ ਬਿਮਾਰੀ (LSD) ਤੋਂ ਬਚਾਅ ਸਬੰਧੀ ਜ਼ਿਲ੍ਹਾ ਪੱਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਰਸਮੀ ਉਦਘਾਟਨ ਬਠਿੰਡਾ ਦੇ ਸ਼ਿਰਕੀ ਬਾਜ਼ਾਰ ਦੀ ਗਊਸ਼ਾਲਾ ਤੋਂ ਕੀਤਾ ਗਿਆ।
ਜ਼ਿਲ੍ਹਾ ਪੱਧਰ 'ਤੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਡਿਪਟੀ ਡਾਇਰੈਕਟਰ, ਪਸੂ ਪਾਲਣ ਵਿਭਾਗ ਡਾ. ਵਿਵੇਕ ਮਲਹੋਤਰਾ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਦੌਰਾਨ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਲਈ ਪਸ਼ੂਆਂ ਦੇ ਟੀਕੇ ਲਗਾਏ ਜਾਣਗੇ ਤਾਂ ਜੋ ਪਸ਼ੂਆਂ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਪਸੂ ਪਾਲਕਾਂ ਦੇ ਆਰਥਿਕ ਨੁਕਸਾਨ ਨੂੰ ਵੀ ਰੋਕਿਆ ਜਾ ਸਕੇ।
ਉਨ੍ਹਾਂ ਇਸ ਮੁਹਿੰਮ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਹਰ ਇੱਕ ਪਸ਼ੂ ਤੱਕ ਪਹੁੰਚ ਕਰਕੇ 100 ਫੀਸਦੀ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਡੇਅਰੀ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦੀਆਂ ਟੀਮਾਂ ਦਾ ਪੂਰਨ ਸਹਿਯੋਗ ਕੀਤਾ ਜਾਵੇ।
ਇਸ ਮੌਕੇ ਡਾ. ਦਲਜੀਤ ਸਿੰਘ ਧਾਮੀ, ਸੀਨੀਅਰ ਵੈਟਰਨਰੀ ਅਫ਼ਸਰ, ਡਾ. ਚਮਨਦੀਪ ਕੌਰ ਸਹਾਇਕ ਡਾਇਰੈਕਟਰ, ਡਾ. ਵਿਜੈ ਕੁਮਾਰ ਸਹਾਇਕ ਡਾਇਰੈਕਟਰ (ਐਨੀਮਲ ਹੈਲਥ), ਡਾ. ਨਰੇਸ਼ ਮੰਗਲਾ ਵੈਟਰਨਰੀ ਅਫ਼ਸਰ, ਸ੍ਰੀ ਚਰਨਜੀਤ ਰਿੰਪੀ, ਸੀਨੀਅਰ ਵੈਟਰਨਰੀ ਇੰਸਪੈਕਟਰ ਤੋਂ ਇਲਾਵਾ ਸਿਰਕੀ ਬਾਜ਼ਾਰ ਗਊਸ਼ਾਲਾ ਦੇ ਪ੍ਰਧਾਨ ਸ੍ਰੀ ਰਾਜੇਂਦਰ ਸਿੰਗਲਾ ਅਤੇ ਸਕੱਤਰ ਸ੍ਰੀ ਸਾਧੂ ਰਾਮ ਕੁਸਲਾ ਆਦਿ ਮੌਜੂਦ ਸਨ।