ਡੇਰਾ ਮੁਖੀ ਦੇ ਬਿਆਨ 'ਤੇ AAP ਦਾ ਪਲਟਵਾਰ: ਨੀਲ ਗਰਗ ਬੋਲੇ– "ਸੰਤ-ਮਹਾਤਮਾ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨ, ਫੈਸਲਾ ਕਰਨਾ ਅਦਾਲਤਾਂ ਦਾ ਕੰਮ"
Babushahi Network
ਚੰਡੀਗੜ੍ਹ, 2 ਫਰਵਰੀ 2026- ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ 'ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਣ ਤੋਂ ਬਾਅਦ ਹੁਣ ਸਿਆਸੀ ਜੰਗ ਛਿੜ ਗਈ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਨੀਲ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੇਰਾ ਮੁਖੀ ਦੇ ਇਸ ਬਿਆਨ 'ਤੇ ਸਵਾਲ ਚੁੱਕੇ ਹਨ।
ਨੀਲ ਗਰਗ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ-ਕਰੋੜਾਂ ਸ਼ਰਧਾਲੂ ਹਨ। ਅਜਿਹੀ ਸ਼ਖਸੀਅਤ ਵੱਲੋਂ ਕਿਸੇ ਸੰਗੀਨ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਨੂੰ 'ਕਲੀਨ ਚਿੱਟ' ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸੰਤ-ਮਹਾਤਮਾ ਨੂੰ ਅਜਿਹੇ ਸਿਆਸੀ ਅਤੇ ਕਾਨੂੰਨੀ ਮਾਮਲਿਆਂ ਵਿੱਚ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਦੋਂ ਲੱਖਾਂ ਫਾਲੋਅਰਜ਼ ਵਾਲਾ ਕੋਈ ਵਿਅਕਤੀ ਅਜਿਹਾ ਬਿਆਨ ਦਿੰਦਾ ਹੈ, ਤਾਂ ਇਸ ਨਾਲ ਸਮਾਜ ਵਿੱਚ ਇੱਕ ਗਲਤ ਮੈਸੇਜ ਜਾਂਦਾ ਹੈ।
'ਆਪ' ਆਗੂ ਨੇ ਸਪੱਸ਼ਟ ਕੀਤਾ ਕਿ ਬਿਕਰਮ ਮਜੀਠੀਆ 'ਤੇ ਲੱਗੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਦੇ ਅਧੀਨ ਹੈ। ਉਨ੍ਹਾਂ ਕਿਹਾ, "ਕੌਣ ਗਲਤ ਹੈ ਅਤੇ ਕੌਣ ਸਹੀ, ਇਸ ਦਾ ਫੈਸਲਾ ਕਰਨਾ ਸਿਰਫ ਅਦਾਲਤਾਂ ਦਾ ਕੰਮ ਹੈ।" ਕਿਸੇ ਵੀ ਧਾਰਮਿਕ ਆਗੂ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀ ਗੱਲ ਨਹੀਂ ਕਰਨੀ ਚਾਹੀਦੀ।
ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ 'ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਨੀਲ ਗਰਗ ਦੇ ਇਸ ਤਿੱਖੇ ਜਵਾਬ ਤੋਂ ਬਾਅਦ ਹੁਣ ਇਹ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਹੋਰ ਭਖਣ ਦੀ ਉਮੀਦ ਹੈ।