ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਠੇਕਾ ਮੁਲਾਜ਼ਮਾਂ ਦੀ ਦਿੜ੍ਹਬਾ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,1 ਫਰਵਰੀ 2026 : ਟੈਕਨੀਕਲ ਸਰਵਿਸਜ਼ ਯੂਨੀਅਨ ਸੂਬਾ ਵਰਕਿੰਗ ਕਮੇਟੀ ਦੀ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਦੀ ਪ੍ਰਧਾਨਗੀ ਹੋਈ ਮੀਟਿੰਗ ਦੌਰਾਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ 7 ਫਰਵਰੀ ਨੂੰ ਦਿੜ੍ਹਬਾ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਹੈ।ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਤੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕਰਦੇ ਆਗੂਆਂ ਨੇ ਕਿਹਾ ਕਿ ਠੇਕਾ ਕਾਮੇ ਪੰਜਾਬ ਸਰਕਾਰ ਅਧੀਨ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਆਊਟਸੋਰਸਡ, ਇਨਲਿਸਟਮੈਂਟ , ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮ ਦੇ ਤੌਰ ਤੇ ਤੈਨਾਤ ਹਨ। ਇਸ ਲੰਬੇ ਅਰਸੇ ਤੋਂ ਹੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਆਪਣੇ ਪੱਕੇ ਰੋਜ਼ਗਾਰ, ਗੁਜ਼ਾਰੇ ਯੋਗ ਤਨਖਾਹ ਅਤੇ ਹੋਰ ਜ਼ਿੰਦਗੀ ਜੀਊਣ ਲਈ ਲੋੜੀਂਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਜਿਹੜੀ ਬਦਲਾਅ ਦੇ ਧੋਖੇ ਹੇਠ ਸੱਤਾ ਦੀ ਕੁਰਸੀ ਤੇ ਵਿਰਾਜਮਾਨ ਹੋਈ ਹੈ ਉਸ ਦੇ ਅਮਲ ਨੇ ਵੀ ਇਹ ਸਾਬਤ ਕਰ ਦਿਖਾਇਆ ਹੈ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਅਤੇ ਕਾਮਿਆਂ ਨਾਲ ਧੋਖੇ ਦਾ ਲਮਕਾਊ, ਟਰਕਾਊ, ਪਾਟਕ ਪਾਉਣ ਅਤੇ ਜਬਰ ਦੇ ਜ਼ੋਰ ਹੱਕੀ ਸੰਘਰਸ਼ਾਂ ਨੂੰ ਕੁਚਲਣ ਦਾ ਅਮਲ ਪਹਿਲੀਆਂ ਸਰਕਾਰਾਂ ਨਾਲੋਂ ਵੱਖਰਾ ਨਹੀਂ ਹੈ। ਇਸ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਂਗੂ ਇਨ੍ਹਾਂ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਕਰਨ ਦੇ ਨਾਂਅ ਹੇਠ ਧੋਖਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਸਬ ਕਮੇਟੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਅਤੇ ਇਸ ਤੋਂ ਬਾਹਰ ਵੱਖ ਵੱਖ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਦੀ ਇੱਕ ਸਹਿਮਤੀ ਦੇ ਅਧਾਰ ਤੇ ਪਰਪੋਜਲ ਤਿਆਰ ਕਰੇਗੀ।
ਉਨ੍ਹਾਂ ਕਿਹਾ ਕਿ ਉਸ ਪਰਪੋਜਲ ਅਨੁਸਾਰ ਸਮੂਹ ਆਊਟਸੋਰਸਡ, ਇਨਲਿਸਟਮੈਂਟ, ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆ ਕੇ ਰੈਗੂਲਰ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਲਈ ਘੱਟੋ ਘੱਟ ਜੀਊਣ ਯੋਗ ਉਜ਼ਰਤਾਂ ਤਹਿ ਕਰਕੇ ਅਦਾਇਗੀ ਕੀਤੀ ਜਾਵੇਗੀ।ਪਰ ਮੌਜੂਦਾ ਸਬ ਕਮੇਟੀ ਦਾ ਅਮਲ ਪਹਿਲੀਆਂ ਨਾਲੋਂ ਕੋਈ ਵੱਖਰਾ ਨਹੀਂ ਰਿਹਾ ਹੈ । ਇਨ੍ਹਾਂ ਤਿੰਨਾਂ ਸਾਲਾਂ ਦੇ ਅਰਸੇ ਵਿੱਚ ਸਬ ਕਮੇਟੀ ਵਲੋਂ ਸਿਰਫ ਲਮਕਾਊ, ਟਰਕਾਊ ਅਤੇ ਪਾਟਕਪਾਊ ਸਾਜ਼ਿਸ਼ਾਂ ਤੋਂ ਇਲਾਵਾ ਠੇਕਾ ਕਾਮਿਆਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਗਿਆ। ਇਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੋਰਚੇ ਦੀ ਲੀਡਰਸ਼ਿਪ ਨੂੰ ਅਨੇਕਾਂ ਵਾਰ ਲਿਖਤੀ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਜ਼ਰੂਰੀ ਰੁਝੇਵਿਆਂ ਦੇ ਬਹਾਨੇ ਹੇਠ ਗਲਬਾਤ ਕਰਨ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਮੀਟਿੰਗ ਕਰ ਕੇ ਠੇਕਾ ਕਾਮਿਆਂ ਨੂੰ ਰੈਗੂਲਰ ਨਾ ਕਰਨ ਦਾ ਫੈਸਲਾ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਮੇ ਜਦੋਂ ਸਬ ਕਮੇਟੀ ਦਾ ਗਠਨ ਕੀਤਿਆਂ ਚਾਰ ਸਾਲਾਂ ਦਾ ਅਰਸਾ ਬੀਤਣ ਜਾ ਰਿਹਾ ਹੈ, ਅਗਲੀਆਂ ਵਿਧਾਨ ਸਭਾ ਚੋਣਾਂ ਨੇੜੇ ਹਨ, ਉਸ ਸਮੇਂ ਵਿਤ ਮੰਤਰੀ ਵਲੋਂ ਹੁਣ ਇੱਕ ਨਵਾਂ ਪੱਤਾ ਖੇਡਿਆ ਜਾ ਰਿਹਾ ਹੈ। ਜਿਹੜੀ ਪਰਪੋਜਲ ਤਿਆਰ ਕਰਨ ਲਈ ਇਸ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਲਈ ਇਹ ਸਬ ਕਮੇਟੀ ਅਧੀਕਾਰਤ ਸੀ ਹੁਣ ਉਸਨੇ ਇਹ ਜ਼ਿੰਮੇਵਾਰੀ ਵਿਭਾਗੀ ਅਧਿਕਾਰੀਆਂ ਵੱਲ ਤਿਲ੍ਹਕਾ ਦਿੱਤੀ ਗਈ ਹੈ। ਵੱਖਰੇ ਵੱਖਰੇ ਵਿਭਾਗੀ ਅਧਿਕਾਰੀਆਂ ਨੂੰ ਪਰਪੋਜਲ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਲਈ ਵਿਭਾਗੀ ਅਧਿਕਾਰੀ ਅਧਿਕਾਰਤ ਹੀ ਨਹੀ ਹਨ। ਇਸ ਧੋਖੇ ਰਾਹੀਂ ਵਿੱਤ ਮੰਤਰੀ ਸਾਹਿਬ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦਾ ਭਰਮ ਪਾਲਿਆ ਹੈ। ਸਰਕਾਰ ਵਲੋਂ ਮੋਰਚੇ ਦੀ ਤਾਕਤ ਨੂੰ ਖਿੰਡਾਉਣ ਦੀ ਇੱਕ ਸਾਜ਼ਿਸ਼ ਹੈ। ਇਹੋ ਜਿਹੀਆਂ ਸਾਜ਼ਿਸ਼ਾਂ ਸਰਕਾਰਾਂ ਵੱਲੋਂ ਸਮੂਹ ਕਾਮਿਆਂ ਦੀ ਤਾਕਤ ਨੂੰ ਤੋੜਨ ਲਈ ਕੀਤੀਆਂ ਜਾਂਦੀਆਂ ਹਨ। ਜਿਸਦਾ ਪਹਿਲਾਂ ਦੇ ਸਮਿਆਂ ਨਾਲੋਂ ਵੱਧ ਤਿਆਰੀ ਨਾਲ ਦਿੜ੍ਹਬਾ ਰੈਲੀ ਨੂੰ ਸਫ਼ਲ ਬਣਾ ਕੇ ਜਵਾਬ ਦੇਣ ਦੀ ਜ਼ਰੂਰੀ ਲੋੜ ਹੈ। ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸਮੂਹ ਰੈਗੂਲਰ ਕਾਮਿਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਹਰ ਸਮੇਂ ਠੇਕਾ ਕਾਮਿਆਂ ਦੇ ਸੰਘਰਸ਼ ਵਿੱਚ ਹਿਮਾਇਤ ਦਿੱਤੀ ਹੈ, ਪਰ ਇਹ ਦਿੜ੍ਹਬਾ ਰੈਲੀ ਪਹਿਲਾਂ ਦੇ ਮੁਕਾਬਲੇ ਹੋਰ ਵਧ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਰੈਗੂਲਰ ਤੇ ਠੇਕਾ ਕਾਮਿਆਂ ਦੀ ਵਿਸ਼ਾਲ ਤਾਕਤ ਦਾ ਇਕੱਠ ਕਰਕੇ ਉਸ ਦੇ ਭਰਮ ਨੂੰ ਤੋੜਨਾ ਹੈ। ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਦਿੜ੍ਹਬਾ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇਗੀ। ਸੂਬਾ ਵਰਕਿੰਗ ਆਗੂਆਂ ਨੇ ਕਿਹਾ ਇਸ ਸਮੇਂ ਰੁਜ਼ਗਾਰ ਦੀ ਗਰੰਟੀ ਅਤੇ ਰਾਖੀ ਦੀ ਸਾਡੀ ਸਾਰੇ ਰੈਗੂਲਰ ਤੇ ਠੇਕਾ ਕਾਮਿਆਂ ਤੇ ਸਮੁੱਚੇ ਲੋਕਾਂ ਦੀ ਸਾਂਝੀ ਲੋੜ ਹੈ। ਆਗੂਆਂ ਨੇ ਕਿਹਾ ਕੇਂਦਰੀ ਟਰੇਡ ਜੱਥੇਬੰਦੀਆਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਵਾਉਣ ਲਈ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਆਗੂਆਂ ਨੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਠੱਲ ਪਾਉਣ ਲਈ ਇਸ ਹੜਤਾਲ ਨੂੰ ਕਾਮਯਾਬ ਕਰਨ ਦੇ ਮਕਸਦ ਨਾਲ ਸਮੂਹ ਠੇਕਾ ਮੁਲਾਜ਼ਮਾਂ ਅਤੇ ਹੋਰ ਜਥੇਬੰਦੀਆਂ ਨੂੰ ਅੱਗੇ ਆਉਣ ਅਤੇ ਸੰਘਰਸ਼ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ ਹੈ।।