ਦਿਖਾਵਟੀ ਐਲਾਨ ਦੀਵਾਨ ਨੇ ਬਜਟ ਨੂੰ “ਪਿਛੜਿਆ, ਤਬਾਹਕੁਨ ਅਤੇ ਨਿਰਾਸ਼ਾਜਨਕ” ਕਰਾਰ ਦਿੱਤਾ
ਕੋਈ ਰੋਡਮੈਪ ਨਹੀਂ, ਕੋਈ ਪੁਨਰ ਸੁਰਜੀਤੀ ਨਹੀਂ: ਕੇਂਦਰੀ ਬਜਟ ਉਦਯੋਗਾਂ ਲਈ ਇੱਕ ਵੱਡਾ ਝਟਕਾ – ਦੀਵਾਨ
ਪ੍ਰਮੋਦ ਭਾਰਤੀ
ਲੁਧਿਆਣਾ 1 ਫ਼ਰਵਰੀ, 2026
ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਨੂੰ ਪਿਛੜਿਆ, ਤਬਾਹਕੁਨ ਅਤੇ ਨਿਰਾਸ਼ਾਜਨਕ ਕਰਾਰ ਦਿਤਾ ਹੈ ਅਤੇ ਕਿਹਾ ਹੈ ਕਿ ਲੁਧਿਆਣਾ ਦੇ ਉਦਯੋਗਾਂ ਦੀ ਪੁਨਰ ਸੁਰਜੀਤੀ ਲਈ ਜੁੜੀਆਂ ਉਮੀਦਾਂ ਇਸ ਖੋਖਲੇ ਬਜਟ ਨਾਲ ਟੁੱਟ ਗਈਆਂ ਹਨ, ਜਿਸਨੇ ਸ਼ਹਿਰ ਦੇ ਅਹਿਮ ਉਦਯੋਗਿਕ ਮਸਲਿਆਂ ਨੂੰ ਸਪਸ਼ਟ ਤੌਰ ’ਤੇ ਨਜ਼ਰਅੰਦਾਜ਼ ਕੀਤਾ ਹੈ।
ਦੀਵਾਨ ਨੇ ਕੇਂਦਰੀ ਬਜਟ ਨੂੰ ਪੰਜਾਬ ਲਈ ਖੋਖਲਾ ਕਰਾਰ ਦਿੰਦਿਆਂ ਕਿਹਾ ਕਿ ਲੁਧਿਆਣਾ ਦੇ ਉਦਯੋਗਿਕ ਢਾਂਚੇ ਨੂੰ ਪੂਰੀ ਤਰ੍ਹਾਂ ਅਣਡਿੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਮਸਲਿਆਂ ਕਰਕੇ ਪਹਿਲਾਂ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਲੁਧਿਆਣਾ ਦੀ ਇੰਡਸਟਰੀ ਨੂੰ ਮਜ਼ਬੂਤ ਅਤੇ ਸੁਧਾਰਕ ਕਦਮਾਂ ਦੀ ਤੁਰੰਤ ਲੋੜ ਸੀ। ਲੇਕਿਨ ਬਜਟ ਵਿੱਚ ਉਦਯੋਗਾਂ ਲਈ ਕੋਈ ਖ਼ਾਸ ਪੈਕੇਜ ਨਹੀਂ ਦਿੱਤਾ ਗਿਆ ਹੈ ਅਤੇ ਇੰਡਸਟਰੀ ਦੀ ਪੁਨਰ ਸੁਰਜੀਤੀ ਲਈ ਕੋਈ ਢੁੱਕਵਾਂ ਰੋਡਮੈਪ ਵੀ ਪੇਸ਼ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਇਸ ਬਜਟ ਨੇ ਉਦਯੋਗ ਖੇਤਰ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ ਅਤੇ ਸ਼ਹਿਰ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਲੋੜੀਂਦੀ ਮਦਦ ਤੋਂ ਵਾਂਝਾ ਕਰ ਦਿੱਤਾ ਹੈ।
ਦੀਵਾਨ ਨੇ ਦੱਸਿਆ ਕਿ ਬਜਟ ਦਾ ਭਾਸ਼ਣ ਬਿਲਕੁਲ ਹੀ ਬੇਰੰਗ ਅਤੇ ਮੂਲਭੂਤ ਮੁੱਦੇ ਤੋਂ ਬਗੈਰ ਸੀ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ਪਾਰਦਰਸ਼ਤਾ ਦੀ ਘਾਟ ਸੀ ਅਤੇ ਮਹੱਤਵਪੂਰਨ ਯੋਜਨਾਵਾਂ ਅਤੇ ਫਲੈਗਸ਼ਿਪ ਸਕੀਮਾਂ ਲਈ ਫੰਡਾਂ ਦੇ ਵੰਡ ਬਾਰੇ ਕੋਈ ਸਪਸ਼ਟਤਾ ਨਹੀਂ ਦਿੱਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ।
ਇਸ ਮੌਕੇ ਦੀਵਾਨ ਨੇ ਕੇਂਦਰ ਸਰਕਾਰ ਉੱਪਰ ਹਮਲਾ ਤੇਜ਼ ਕਰਦਿਆਂ, ਕਿਹਾ ਕਿ ਮੋਦੀ ਦੀ ਅਗਵਾਈ ਵਾਲੇ ਕੇਂਦਰ ਨੇ ਪੰਜਾਬ ਨਾਲ “ਧੋਖਾ” ਕੀਤਾ ਹੈ ਅਤੇ ਪਿੱਠ ਵਿੱਚ ਛੁਰਾ ਘੋਪਿਆ ਹੈ। ਜਿਸ ਕਾਰਨ ਕਿਸਾਨਾਂ ਤੋਂ ਲੈ ਕੇ ਉਦਯੋਗਾਂ ਤੱਕ ਸਮਾਜ ਦਾ ਹਰ ਵਰਗ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਰਥਪੂਰਨ ਸੁਧਾਰ ਅਤੇ ਜਵਾਬਦੇਹੀ ਲਈ ਵਚਨਬੱਧਤਾ ਨਹੀਂ ਦਿਖਾਈ ਗਈ, ਤਾਂ ਸਰਕਾਰ ਦੀਆਂ ਖੋਖਲੀਆਂ ਗੱਲਾਂ ਲੋਕਾਂ ਵਿੱਚ ਹੋਰ ਨਾਰਾਜ਼ਗੀ ਪੈਦਾ ਕਰਨਗੀਆਂ ਅਤੇ ਅਰਥ ਵਿਵਸਥਾ ਨੂੰ ਹੋਰ ਮੰਦੀ ਦੀ ਹਾਲਤ ਵੱਲ ਧੱਕਣਗੀਆਂ।