ਨਾਅਰਿਆਂ ਦੀ ਗੂੰਜ ਦੌਰਾਨ ਅੰਤਿਮ ਸਫਰ ਲਈ ਰੁਖਸਤ ਹੋਈ ਸਰੀਰਦਾਨੀ ਜੀਤ ਕੌਰ ਇੰਸਾਂ
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2026: ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 175 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਚੋਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੀ ਡੇਰਾ ਸ਼ਰਧਾਲੂ ਜੀਤ ਕੌਰ ਇੰਸਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਦੀ ਥਾਂ ਸਰੀਰਦਾਨ ਕੀਤਾ ਜੋ ਸ਼ਹਿਰ ਦਾ 130ਵਾਂ ਹੈ। ਵੇਰਵਿਆਂ ਅਨੁਸਾਰ ਜੀਤ ਕੌਰ ਇੰਸਾਂ (70), ਗਲੀ ਨੰ.2, ਵਿਸ਼ਾਲ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਇੰਸਾਂ, ਨੂੰਹ ਰੀਤੂ ਸਚਦੇਵਾ ਇੰਸਾਂ, ਧੀ ਮਨਦੀਪ ਕੌਰ ਇੰਸਾਂ, ਜਵਾਈ ਡਾ. ਸੰਤੋਖ ਸਿੰਘ ਰੋਮਾਣਾ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਗ੍ਰਾਫਿਕ ਇਰਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਦੇਹਰਾ ਦੂਨ (ਉੱਤਰਾ ਖੰਡ) ਨੂੰ ਸੌਂਪੀ ਹੈ ਜਿਸ ਤੇ ਹੁਣ ਮੈਡੀਕਲ ਖੋਜਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਮਾਤਾ ਜੀਤ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ, ਸਰੀਰ ਦਾਨ ਮਹਾਂਦਾਨ, ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਡੇਰਾ ਆਗੂ ਰਾਜ ਕੁਮਾਰ ਇੰਸਾਂ ਅਤੇ ਪਿੰਕੀ ਸਿੰਗਲਾ ਇੰਸਾਂ ਨੇ ਦੱਸਿਆ ਕਿ ਮਾਤਾ ਜੀਤ ਕੌਰ ਪਿਛਲੇ ਕੱੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਜਿਸ ਕਰਕੇ ਮਾਤਾ ਜੀਤ ਕੌਰ ਇੰਸਾਂ ਦੀ ਇਸ ਇੱਛਾ ਨੂੰ ਪਰਿਵਾਰ ਨੇ ਪੂਰਾ ਕੀਤਾ ਹੈ। ਇਸ ਮੌਕੇ ਮਾਧਵੀ ਇੰਸਾਂ ਨੇ ਦੱਸਿਆ ਕਿ ਜੀਤ ਕੌਰ ਇੰਸਾਂ ਦਾ ਪੂਰਾ ਪਰਿਵਾਰ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦਾ ਹੈ। ਇਸ ਮੌਕੇ ਸੈਕਟਰੀ ਰੈਡ ਕਰਾਸ ਦਰਸ਼ਨ ਕੁਮਾਰ, ਸੱਚੇ ਨਿਮਰ ਸੇਵਾਦਾਰ ਭੈਣ ਰੇਖਾ ਇੰਸਾਂ, ਮਨੋਜ ਇੰਸਾਂ, ਭੈਣ ਵੀਨਾ ਇੰਸਾਂ, ਰੀਤੂ ਇੰਸਾਂ, ਕੁਲਦੀਪ ਇੰਸਾਂ, ਭੂਸ਼ਨ ਇੰਸਾਂ, ਜੋਗਿੰਦਰ ਸੋਨੀ ਇੰਸਾਂ, ਭੈਣ ਸੁਨੀਤਾ ਇੰਸਾਂ, ਸਰਵਤੀ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਇਲਾਕਾ ਵਾਸੀ ਹਾਜਰ ਸਨ।