ਰਮਨ ਬਹਿਲ ਦੀ ਰਹਿਨੁਮਾਈ ਹੇਠ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ
ਰਮਨ ਬਹਿਲ ਨੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਲਗਾਏ ਗਏ ਸਰਕਾਰੀ ਪੁਰਾਣਾ ਹਸਪਤਾਲ ਅਤੇ ਰੈਸਟ ਹਾਊਸ ਦੀਆਂ ਇਮਾਰਤਾਂ ਵੇਚਣ ਦੇ ਦੋਸ਼ਾਂ ਦਾ ਵੀ ਦਿੱਤਾ ਜਵਾਬ
ਰੋਹਿਤ ਗੁਪਤਾ
ਗੁਰਦਾਸਪੁਰ , 31ਜਨਵਰੀ 2026 :
ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਕਈ ਪਰਿਵਾਰ ਆਪਣੇ ਪੁਰਾਣੇ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਇਹਨਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਵੱਲੋਂ ਕੌਂਸਲਰ ਦੀ ਚੋਣ ਲੜ ਚੁੱਕੇ ਜੋਗਿੰਦਰ ਸਿੰਘ ਬਾਜਵਾ ਵੀ ਸ਼ਾਮਿਲ ਹਨ। ਇਹ ਸ਼ਮੂਲੀਅਤ ਆਪ ਦੇ ਆਗੂ ਤੇ ਹਲਕਾ ਇੰਚਾਰਜ ਰਮਨ ਬਹਿਲ ਦੀ ਰਹਿਨੁਮਾਈ ਹੇਠ ਕਰਵਾਈ ਗਈ, ਜਿੱਥੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ।ਫ਼ਿਲਹਾਲ, ਇਸ ਸਿਆਸੀ ਸ਼ਮੂਲੀਅਤ ਨੂੰ ਗੁਰਦਾਸਪੁਰ ਦੀ ਰਾਜਨੀਤੀ ਵਿੱਚ ਇੱਕ ਅਹਿਮ ਮੋੜ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਹੀ ਉਹ ਪਾਰਟੀ ਹੈ ਜੋ ਆਮ ਲੋਕਾਂ ਦੀ ਆਵਾਜ਼ ਬਣ ਕੇ ਮੈਦਾਨ ਵਿੱਚ ਕੰਮ ਕਰ ਰਹੀ ਹੈ।
ਆਪ ਆਗੂ ਤੇ ਹਲਕਾ ਇੰਚਾਰਜ ਰਮਨ ਬਹਿਲ ਨੇ ਨਵੇਂ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਗੁਰਦਾਸਪੁਰ ਵਿੱਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਆਪ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ‘ਤੇ ਉਠਾਏਗੀ। ਇਸ ਦੇ ਨਾਲ ਹੀ ਹਲਕਾ ਇੰਚਾਰਜ ਰਮਨ ਬਹਿਲ ਨੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਲਗਾਏ ਗਏ ਪੁਰਾਣਾ ਸਿਵਲ ਹਸਪਤਾਲ ਅਤੇ ਪੀ ਡਬਲੳਊ ਡੀ ਰੈਸਟ ਹਾਊਸ ਵਰਗੀਆਂ ਸਰਕਾਰੀ ਇਮਾਰਤਾਂ ਸਰਕਾਰ ਵੱਲੋਂ ਵੇਚਣ ਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ ਤੇ ਕਿਹਾ ਕਿ ਵਿਰੋਧੀ ਵਾਦਾ ਕਰਕੇ ਵੀ ਕੋਈ ਇਮਾਰਤ ਬਣਾ ਤਾ ਸਕੇ ਨਹੀਂ ਹੁਣ ਜਦੋਂ ਉਹਨਾਂ ਨੇ ਪੁਰਾਨੇ ਹਸਪਤਾਲ ਨੂੰ ਫਿਰ ਤੋਂ ਚਾਲੂ ਕਰ ਦਿੱਤਾ ਹੈ ਤਾਂ ਵਿਰੋਧੀਆਂ ਨੂੰ ਹਜਮ ਨਹੀਂ ਹੋ ਰਿਹਾ ਤੇ ਇਸਨੂੰ ਵੇਚਣ ਦੀ ਗੱਲ ਕਰ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਿਨਾਂ ਵਿਤਕਰੇ ਦੇ ਵਿਕਾਸ ਕਰਵਾਏ ਹਨ । ਕਾਂਗਰਸ ਦੀ ਨਗਰ ਕੌਂਸਲ ਹੋਣ ਦੇ ਬਾਵਜੂਦ ਨਗਰ ਕੌਂਸਲ ਦੇ ਤਹਿਤ ਆਉਂਦੀਆਂ ਸੜਕਾਂ ਦੀ ਮੁਰੰਮਤ ਲਈ ਪੈਸੇ ਭੇਜੇ ਗਏ ਹਨ।