ਡਾਕਾ ਮਾਰਨ ਵਾਂਗ ਦਲੇਰਾਨਾ ਢੰਗ ਨਾਲ ਕੀਤੀ ਲੱਖਾਂ ਦੀ ਚੋਰੀ ਸਬੰਧੀ ਪੁਲਿਸ ਖਾਲੀ ਹੱਥ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2026:ਬਠਿੰਡਾ ਦੇ ਪ੍ਰਤਾਪ ਨਗਰ ’ਚ ਅੱਧੀ ਦਰਜਨ ਤੋਂ ਵੱਧ ਚੋਰਾਂ ਵੱਲੋਂ ਡਾਕਾ ਮਾਰਨ ਵਾਂਗ ਦਲੇਰਾਨਾ ਢੰਗ ਨਾਲ ਕੀਤੀ ਸੁਨਿਆਰੇ ਦੀ ਦੁਕਾਨ ਚੋਂ ਲੱਖਾਂ ਦੀ ਚੋਰੀ ਮਾਮਲੇ ’ਚ ਪੁਲਿਸ ਦੇ ਹੱਥ ਫਿਲਹਾਲ ਖਾਲੀ ਹਨ। ਇਸ ਦੁਕਾਨ ’ਚ ਕਰੀਬ 20 ਲੱਖ ਦਾ ਸਮਾਨ ਚੋਰੀ ਹੋਇਆ ਹੈ ਜਿਸ ਦੇ ਚਲਦਿਆਂ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਮਾਮਲੇ ਦਾ ਸੁਰਾਗ ਲਾਉਣ ’ਚ ਜੁਟੀਆਂ ਹੋਈਆਂ ਹਨ। ਸ਼ਹਿਰ ਦੇ ਪ੍ਰਤਾਪ ਨਗਰ ’ਚ ਇੱਕ ਦੁਕਾਨ ’ਚ ਹੋਈ ਲੱਖਾਂ ਦੀ ਚੋਰੀ ਤੋਂ ਅੱਕੇ ਦੁਕਾਨਦਾਰਾਂ ਨੇ ਤਾਂ ਅੱਜ ਬਕਾਇਦਾ ਧਰਨਾ ਲਾ ਕੇ ਆਪਣੀਆਂ ਦੁਕਾਨਾਂ ਦੇ ਅੱਗੇ ਪੋਸਟਰ ਲਾ ਦਿੱਤੇ ਕਿ ’ਇਹ ਦੁਕਾਨ ਵਿਕਾਊ ਹੈ’, ’ਇਹ ਮਾਰਕੀਟ ਵਿਕਾਊ ਹੈ। ਅਜਿਹੇ ਪੋਸਟਰ ਲੱਗਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲਈ ਚੁਣੌਤੀ ਬਣ ਗਈ ਹੈੈ।
ਦੁਕਾਨਦਾਰਾਂ ਨੇ ਕਿਹਾ ਕਿ ਉਹ ਆਪਣਾ ਘਰ ਪਰਿਵਾਰ ਚਲਾਉਣ ਲਈ ਦੁਕਾਨਾਂ ਖੋਲ੍ਹ ਕੇ ਬੈਠੇ ਹਨ ਪਰ ਸੁਰੱਖਿਆ ਦੇ ਢੁੱਕਵੇਂ ਇੰਤਜ਼ਾਮ ਨਾ ਹੋਣ ਕਾਰਨ ਲਗਾਤਾਰ ਲਗਾਤਾਰ ਚੋਰੀਆਂ ਹੋ ਰਹੀਆਂ ਹਨ । ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਦੋ ਦਰਜਨ ਤੋਂ ਵੱਧ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਚੋਰੀ ਕਰਨ ਪੁੱਜੇ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਕੈਦ ਹੋਈਆਂ ਹਨ । ਦੁਕਾਨਾਂ ਦੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਪਰ ਪੁਲਿਸ ਕਰੀਬ ਡੇਢ ਦੋ ਘੰਟੇ ਬਾਅਦ ਘਟਨਾ ਸਥਾਨ ਤੇ ਪੁੱਜੀ, ਜਿਸ ਕਾਰਨ ਦੁਕਾਨਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਭੈਅ ਤੋਂ ਜਵੈਲਰਜ਼ ਸ਼ੋਅ ਰੂਮ ’ਚੋਂ ਚੋਰੀ ਕਰਕੇ ਨਿੱਕਲ ਗਏ। ਪ੍ਰਤਾਪ ਨਗਰ ਗਲੀ ਨੰਬਰ ਪੰਜ ਚ ਸਥਿਤ ਪਾਰਸ ਜਵੈਲਰਜ਼ ਦੇ ਮਾਲਕ ਪਾਰਸ ਨੇ ਦੱਸਿਆ ਕਿ ਉਸ ਨੂੰ ਸਵੇਰੇ 3 ਵਜੇ ਫੋਨ ਆਇਆ ਸੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ।
ਉਨ੍ਹਾਂ ਦੱਸਿਆ ਕਿ ਉਹ ਪੰਜ ਜਿੰਦਰੇ ਲਾ ਕੇ ਗਏ ਸਨ ਜੋ ਚੋਰਾਂ ਨੇ ਤੋੜੇ ਅਤੇ ਉਹਨਾਂ ਦਾ ਕਰੀਬ 40 ਤੋਂ 45 ਲੱਖ ਰੁਪਏ ਦਾ ਸਮਾਨ ਜਿਸ ’ਚ ’ਚ ਸੋਨੇ-ਚਾਂਦੀ ਤੋਂ ਇਲਾਵਾ ਨਗਦੀ ਤੇ ਸਿੱਕੇ ਵੀ ਸਨ ਚੋਰੀ ਕਰਕੇ ਲੈ ਗਏ। ਕਮਲ ਜਵੈਲਰਜ਼ ਦੇ ਮਾਲਕ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਪਹਿਲਾਂ ਸਾਲ 2019 ’ਚ ਚੋਰੀ ਹੋਈ ਸੀ ਤੇ ਰਾਤ ਫਿਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਟਰ ਨਾ ਟੁੱਟਣ ਕਾਰਨ ਉਹਨਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਾਈਬਰ ਕੈਫੇ ਚਲਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਕਰੀਬ ਚਾਰ-ਪੰਜ ਮਹੀਨੇ ਪਹਿਲਾਂ ਉਹਨਾਂ ਦੀ ਦੁਕਾਨ ਤੋਂ ਵੀ ਚੋਰੀ ਹੋ ਗਈ ਸੀ । ਮਾਰਕੀਟ ਵਿਕਾਉ ਹੈ ਦਾ ਪੋਸਟਰ ਚੁੱਕ ਕੇ ਧਰਨੇ ’ਚ ਸ਼ਾਮਲ ਹੋਏ ਵਿਸ਼ਾਲ ਗਰਗ ਨਾਂਅ ਦੇ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਨੂੰ ਮਜਬੂਰੀ ਵੱਸ ਪੋਸਟਰ ਚੁੱਕਣੇ ਪੈ ਰਹੇ ਹਨ ਕਿਉਂਕਿ ਹੁਣ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਹੈ।
ਦਹਿਸ਼ਤ ਦਾ ਮਹੌਲ ਜੌੜਾ
ਪੰਜਾਬ ਸਵਰਨਕਾਰ ਸੰਘ ਦੇ ਪੰਜਾਬ ਪ੍ਰਧਾਨ ਕਰਤਾਰ ਸਿੰਘ ਜੋੜਾ ਦਾ ਕਹਿਣਾ ਹੈ ਕਿ ਪਾਰਸ ਜਵੈਲਰਜ਼ ’ਚ ਕਰੀਬ 45 ਲੱਖ ਰੁਪਏ ਦੀ ਚੋਰੀ ਦੀ ਵਾਰਦਾਤ ਨੇ ਇਲਾਕੇ ਦੇ ਵਪਾਰੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਰਹਿ ਗਿਆ ਹੈ, ਜਦਕਿ ਵਪਾਰੀਆਂ ਦੀ ਜਾਨ-ਮਾਲ ਦੀ ਸੁਰੱਖਿਆ ਸਬੰਧੀ ਬਿਲਕੁਲ ਵੀ ਗੰਭੀਰ ਨਹੀਂ ਹੈ। ਚੋਰੀ ਵਾਲੀ ਥਾਂ ਤੋਂ ਕੁਝ ਹੀ ਦੂਰੀ ’ਤੇ ਕੈਨਾਲ ਚੌਕੀ ਮੌਜੂਦ ਹੈ ਅਤੇ ਪੁਲਿਸ ਵੱਲੋਂ ਥਾਂ-ਥਾਂ ਨਾਕੇ ਅਤੇ ਗਸ਼ਤ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਚੋਰੀ ਦੀ ਇਸ ਘਟਨਾ ਨੇ ਪੁਲਿਸ ਪ੍ਰਬੰਧਾਂ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਜੋੜਾ ਨੇ ਕਿਹਾ ਕਿ ਜੇਕਰ 72 ਘੰਟਿਆਂ ਦੇ ਅੰਦਰ-ਅੰਦਰ ਚੋਰਾਂ ਨੂੰ ਫੜ ਕੇ ਚੋਰੀ ਕੀਤਾ ਸਮਾਨ ਤੇ ਨਗਦੀ ਬਰਾਮਦ ਨਾ ਕੀਤੀ ਤਾਂ ਸਵਰਨਕਾਰ ਸੰਘ ਦੇ ਸਾਰੇ ਜਵੈਲਰਜ਼ ਵੱਲੋਂ ਮੀਟਿੰਗ ਕਰ ਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਪੁਲਿਸ ਚੋਰਾਂ ਦੀ ਭਾਲ ’ਚ ਜੁਟੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾਕਟਰ ਜਯੋਤੀ ਯਾਦਵ ਦਾ ਕਹਿਣਾ ਸੀ ਕਿ ਪੁਲਿਸ ਣੀਆਂ ਟੀਮਾਂ ਸਰਗਰਮੀ ਨਾਲ ਚੋਰਾਂ ਦੀ ਤਲਾਸ਼ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।