- By : ਬਾਬੂਸ਼ਾਹੀ ਬਿਊਰੋ
- First Published : Thursday, Jan 15, 2026 06:04 PM
-
- LinkedIn
- Whatsapp
- Send Email
- Print
← ਪਿਛੇ ਪਰਤੋ
-
-
Babushahi Special ਜੇਕਰ ਦੇਖਣਾ ਨਰਕ ਦਾ ਦਰਵਾਜਾ ਤਾਂ ਫਿਰ ਬਠਿੰਡਾ ਦੇ ਪੂਜਾ ਵਾਲੇ ਮੁਹੱਲੇ ’ਚ ਆ ਜਾ
ਅਸ਼ੋਕ ਵਰਮਾ
ਬਠਿੰਡਾ,15 ਜਨਵਰੀ 2026:ਪੂਜਾ ਵਾਲੇ ਮੁਹੱਲੇ ’ਚ ਸੀਵਰੇਜ ਦੇ ਗੰਦੇ ਪਾਣੀ ਕਾਰਨ ਫੈਲੀ ਬਦਬੂ ਤੋਂ ਅੱਕੇ ਮੁਹੱਲਾ ਵਾਸੀਆਂ ਨੇ ਆਪਣੇ ਇਲਾਕੇ ਨੂੰ ਨਰਕ ਦਾ ਦਰਵਾਜਾ ਕਰਾਰ ਦਿੱਤਾ ਹੈ। ਇਸ ਇਲਾਕੇ ’ਚ ਸੀਵਰੇਜ਼ ਦਾ ਬਦਬੂਦਾਰ ਪਾਣੀ ਬਰੂਹਾਂ ਤੇ ਪੁੱਜ ਗਿਆ ਹੈ ਜੋ ਕਿਸੇ ਨਰਕ ਤੋਂ ਘੱਟ ਨਹੀਂ ਹੈ। ਹਾਲਾਂਕਿ ਇਸ ਸਬੰਧੀ ਕਮਿਸ਼ਨਰ ਨਗਰ ਨਿਗਮ ਪੱਖ ਜਾਨਣ ਪਿੱਛੋਂ ਇੱਕ ਅਧਿਕਾਰੀ ਨੇ ਇਸ ਪੱਤਰਕਾਰ ਨੂੰ ਮਸਲਾ ਹੱਲ ਹੋਣ ਦੀ ਗੱਲ ਕਹੀ ਪਰ ਮੁਹੱਲਾ ਵਾਸੀ ਸੰਤੁਸ਼ਟ ਨਹੀਂ ਹਨ। ਲੋਕਾਂ ਨੇ ਕਿਹਾ ਕਿ ਅਜਿਹਾ ਕਈ ਵਾਰ ਹੋਇਆ ਹੈ ਪਰ ਮਗਰੋਂ ਨਤੀਜਾ ਢਾਕਕੇ ਵਹੀ ਤੀਨ ਪਾਤ ਵਾਲਾ ਰਹਿੰਦਾ ਹੈ। ਇਸ ਮਾਮਲੇ ਨੂੰ ਲੈਕੇ ਲੋਕਾਂ ਨੇ ਸੜਕਾਂ ਤੇ ਉੱਤਰਨ ਦੀ ਚਿਤਾਵਨੀ ਦਿੱਤੀ ਹੈ। ਇਸ ਇਲਾਕੇ ’ਚ ਦੁਕਾਨਾਂ ਵੀ ਹਨ ਜਿੰਨ੍ਹਾਂ ਨੂੰ ਵੱਡੇ ਸੰਕਟ ਦਾ ਸਾਹਮਣਾ ਹੈ। ਰੌਚਕ ਤੱਥ ਹੈ ਕਿ ਇਹ ਇਲਾਕਾ ਉੱਚਾ ਹੈ ਫਿਰ ਵੀ ਗੰਦਾ ਪਾਣੀ ਸੜਕਾਂ ਤੇ ਮੇਲ੍ਹ ਰਿਹਾ ਹੈ।
ਵੱਖ ਵੱਖ ਥਾਵਾਂ ਤੋਂ ਰਿਸਣ ਲੱਗਿਆ ਗੰਦਾ ਪਾਣੀ ਹੱਦ ਤੋਂ ਜਿਆਦਾ ਇਕੱਤਰ ਹੋ ਗਿਆ ਹੈ ਤਾਂ ਲੋਕਾਂ ਨੂੰ ਲੰਘਣ ਦੀ ਵੀ ਮੁਸ਼ਕਲ ਆਉਣ ਲੱਗੀ ਹੈ। ੳਪਰੋ ਸ਼ਹਿਰ ਭਰ ਦੇ ਗੰਦੇ ਪਾਣੀ ਦੇ ਮੁਸ਼ਕ ਨੇ ਇੱਥੇ ਆਉਣ ਵਾਲੇ ਲੋਕਾਂ ਦੇ ਨੱਕ ਖੁਸ਼ਕ ਕਰ ਦਿੱਤੇ ਹਨ ਅਤੇ ਗੰਦਗੀ ਨੇ ਨਗਰ ਨਿਗਮ ਬਠਿੰਡਾ ਦੇ ਸਵੱਛ ਭਾਰਤ ਅਭਿਆਨ ਦੀ ਪੋਲ ਖੋਹਲ ਕੇ ਰੱਖ ਦਿੱਤੀ ਹੈ। ਇਲਾਕਾ ਵਾਸੀ ਅਭਿਲਾਸ਼ ਮਹਿਤਾ ਦਾ ਕਹਿਣਾ ਸੀ ਕਿ ਸੀਵਰੇਜ਼ ਦਾ ਲਗਾਤਾਰ ਬਲਾਕ ਹੋ ਜਾਣਾ ਅਤੇ ਗੰਦੇ ਪਾਣੀ ਦਾ ਰਿਸ ਜਾਣਾ ਹੁਣ ਤਾਂ ਆਮ ਗੱਲ ਹੋ ਗਈ ਹੈ । ਉਨ੍ਹਾਂ ਆਖਿਆ ਕਿ ਉਹ ਇਸ ਸਮੱਸਿਆ ਸਬੰਧੀ ਨਗਰ ਨਿਗਮ ਕੋਲ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਮੁਹੱਲੇ ਦੀਆਂ ਔਰਤਾਂ ਨੇ ਦੱਸਿਆ ਕਿ ਮੁਹੱਲਾ ਸੀਵਰੇਜ਼ ਦੀ ਗੰਦਗੀ ਦਾ ਖਮਿਆਜਾ ਭੁਗਤ ਰਿਹਾ ਹੈ ਹਨ ਪਰ ਨਗਰ ਨਿਗਮ ਦੇ ਅਫਸਰ ਲੰਮੀਆਂ ਤਾਣਕੇ ਸੁੱਤੇ ਪਏ ਹਨ।
ਮੁਹੱਲਾ ਵਾਸੀ ਲਵਲੀ ਕੁਮਾਰ ਦੱਸਦਾ ਹੈ ਕਿ ਇਸ ਗੰਦਗੀ ਕਾਰਨ ਹੋਈ ਮੱਛਰਾਂ ਦੀ ਪੈਦਾਇਸ਼ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਖਤਰਾ ਵਧ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਪ੍ਰਸ਼ਾਸ਼ਨ ਨੇ ਗੰਦੇ ਪਾਣੀ ਦੀ ਸਮੱਸਿਆ ਦਾ ਢੁੱਕਵਾਂ ਹੱਲ ਨਾਂ ਕੱਢਿਆ ਤਾਂ ਉਨ੍ਹਾਂ ਨੂੰ ਕੋਈ ਸਖਤ ਕਦਮ ਚੁੱਕਣੇ ਪੈਣਗੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ’ਚ ਜਦੋਂ ਸੀਵਰੇਜ ਪਾਇਆ ਗਿਆ ਤਾਂ ਉਸ ਵੇਲੇ ਸ਼ਹਿਰ ਦੀ ਅਬਾਦੀ ਕਾਫੀ ਘੱਟ ਸੀ ਜਿਸ ’ਚ ਪ੍ਰਜੈਕਟ ਦੇ ਮੁਕੰਮਲ ਹੋਣ ਤੱਕ ਭਾਰੀ ਵਾਧਾ ਹੋ ਗਿਆ ਪਰ ਆਉਣ ਵਾਲੇ ਸਮੇਂ ਮੁਤਾਬਕ ਯੋਜਨਾਬੰਦੀ ਨਹੀਂ ਕੀਤੀ ਜੋ ਕਿ ਸਮੱਸਿਆ ਦੀ ਮੂਲ ਜੜ ਹੈ। ਇਲਾਕਾ ਵਾਸੀ ਸ਼ਿਵ ਰਾਮ ਨੇ ਕਿਹਾ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀ ਇੱਛਾ ਸ਼ਕਤੀ ਦਿਖਾਉਣ ਤਾਂ ਸੀਵਰੇਜ਼ ਦੇ ਪ੍ਰਬੰਧ ਪੂਰੀ ਤਰਾਂ ਲੀਹ ਤੇ ਲਿਆਂਦੇ ਜਾ ਸਕਦੇ ਹਨ ਜਦੋਂਕਿ ਅਫਸਰਾਂ ਦਾ ਅਵੇਸਲਾਪਣ ਅਤੇ ਪਿੱਠ ਕਰਕੇ ਖਲੋਣਾ ਲੋਕਾਂ ਸਿਰ ਦੁੱਖਾਂ ਦੀ ਪੰਡ ਟਿਕਾਉਣ ਲੱਗਿਆ ਹੈ।
ਸੜਕਾਂ ਦੀ ਹਾਲਤ ਹੋਈ ਮਾੜੀ
ਇਲਾਕਾ ਨਿਵਾਸੀਆਂ ਨੇ ਆਖਿਆ ਕਿ ਸੀਵਰੇਜ਼ ਦੇ ਪਾਣੀ ਕਾਰਨ ਸੜਕਾਂ ਟੁੱਟਣ ਲੱਗੀਆਂ ਹਨ ਜਿੰਨ੍ਹਾਂ ਨੂੰ ਤੁਰੰਤ ਮੁਰੰਮਤ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਪਾਣੀ ਅਤੇ ਸਫਾਈ ਵਰਗੀ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਨਗਰ ਨਿਗਮ ਦੀ ਜਿੰਮੇਵਾਰੀ ਹੈ ਜਿਸ ਲਈ ਲੋਕਾਂ ਤੋਂ ਟੈਕਸ ਵਸੂਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਨੂੰ ਖੱਜਲ ਖੁਆਰ ਹੀ ਕਰਨਾ ਹੈ ਤਾਂ ਫਿਰ ਚੋਣਾਂ ਦੌਰਾਨ ਮਾਰੇ ਜਾਂਦੇ ਦਮਗਜਿਆਂ ਦੀ ਕੀ ਵੁੱਕਤ ਰਹਿ ਜਾਂਦੀ ਹੈ।
ਡੀਸਿਲਟਿੰਗ ਨਾਂ ਹੋਣ ਕਾਰਨ ਸੰਕਟ
ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਨਾਲ ਸੀਵਰੇਜ਼ ਦੀ ਡੀਸਿਲਟਿੰਗ ਦਾ ਢੁੱਕਵਾਂ ਕੰਮ ਨਹੀਂ ਹੋਇਆ ਹੈ ਜਿਸ ਕਰਕੇ ਸਮੱਸਿਆ ਬਣੀ ਹੈ। ਉਨ੍ਹਾਂ ਕਿਹਾ ਕਿ ਸ਼ੱਕ ਹੈ ਸੀਵਰੇਜ਼ ਚਾਲੂ ਕਰਨ ਵਕਤ ਵਰਤੇ ਜਾਂਦੇ ਬਾਂਸ ਵੀ ਲਾਈਨਾਂ ’ਚ ਫਸੇ ਹੋਣ ਕਾਰਨ ਠੱਲ੍ਹ ਲੱਗਣ ਦਾ ਕਾਰਨ ਬਣੇ ਹੋ ਸਕਦੇ ਹਨ ਜਿਸ ਨੂੰ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਨਗਰ ਨਿਗਮ ਮਸਲੇ ਦਾ ਆਰਜੀ ਹੱਲ ਕਰਨ ਦੀ ਥਾਂ ‘ਸੁਪਰ ਸੱਕਰ’ ਮਸ਼ੀਨ ਨਾਲ ਸਫਾਈ ਕੀਤੀ ਜਾਏ ਤਾਂਜੋ ਪੱਕੇ ਤੌਰ ਤੇ ਦਿੱਕਤ ਖਤਮ ਕੀਤੀ ਜਾ ਸਕੇ।
ਸੜਕਾਂ ਤੇ ਉਤਰਨਗੇ ਲੋਕ
ਇਲਾਕਾ ਵਾਸੀ ਅਤੇ ਗੰਦਗੀ ਦੀ ਸਭ ਤੋਂ ਵੱਧ ਮਾਰ ਹੇਠ ਆਉਣ ਵਾਲੇ ਭਰਤ ਕੁਮਾਰ ਗਾਗਾ ਅਤੇ ਸੰਜੀਵ ਜਿੰਦਲ ਦਾ ਕਹਿਣਾ ਸੀ ਕਿ ਅਸਲ ’ਚ ਆਮ ਲੋਕ ਨਗਰ ਨਿਗਮ ਅਤੇ ਸੀਵਰੇਜ਼ ਬੋਰਡ ਦੇ ਏਜੰਡੇ ਤੇ ਨਹੀਂ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਲੋਕ ਭਲਾਈ ਇੰਨ੍ਹਾਂ ਅਦਾਰਿਆਂ ਦਾ ਏਜੰਡਾ ਹੁੰਦਾ ਤਾਂ ਇੰਜ ਲੋਕਾਂ ਨੂੰ ਗੰਦਗੀ ਨਾਲ ਨਹੀਂ ਜੂਝਣਾ ਪੈਣਾ ਸੀ। ਉਨ੍ਹਾਂ ਕਿਹਾ ਕਿ ਪੂਜਾ ਵਾਲਾ ਮਹੁੱਲਾ ਨੂੰ ਗੰਦਾ ਪਾਣੀ ਦੁਖੀ ਕਰਨ ਲੱਗਿਆ ਹੈ ਜਦੋਂਕਿ ਹੋਰ ਸਮੱਸਿਆਵਾਂ ਨਾਲ ਵੀ ਜੂਝਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾਂ ਹੋਇਆ ਤਾਂ ਮੁਹੱਲਾ ਵਾਸੀਆਂ ਕੋਲ ਸੜਕਾਂ ਤੇ ਉਤਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਣਾ ਹੈ।
ਸਮੱਸਿਆ ਦਾ ਪੱਕਾ ਹੱਲ ਛੇਤੀ: ਕਮਿਸ਼ਨਰ
ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਨਗਰ ਨਿਗਮ ਦੀ ਕਮਿਸ਼ਨਰ ਕੰਚਨ ਸਿੰਗਲਾ ਦਾ ਕਹਿਣਾ ਸੀ ਕਿ ਉਹ ਪਤਾ ਲਾਉਣਗੇ ਕਿ ਆਖਰ ਐਨਾ ਵੱਡਾ ਸੰਕਟ ਕਿਸ ਤਰਾਂ ਬਣਿਆ ਹੈ। ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਦੀ ਟੀਮ ਭੇਜਕੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਕਰਵਾਉਣਗੇ।
-
- LinkedIn
- Whatsapp
- Send Email
- Print
← ਪਿਛੇ ਪਰਤੋ
No of visitors Babushahi.com
© Copyright All Rights Reserved to Babushahi.com