ਲੁਧਿਆਣਾ ਵਿੱਚ ਧੀਆਂ ਦਾ 30ਵਾਂ ਲੋਹੜੀ ਮੇਲਾ ਮੁਬਾਰਕ -- ਗੁਰਭਜਨ ਗਿੱਲ
ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਧੀਆਂ ਦਾ ਲੋਹੜੀ ਮੇਲਾ ਚੇਅਰਮੈਨ ਕ੍ਹਿਸ਼ਨ ਕੁਮਾਰ ਬਾਵਾ ਜੀ ਤੇ ਜਸਬੀਰ ਸਿੰਘ ਰਾਣਾ ਝਾਂਡੇ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਉਦਘਾਟਨ ਪ੍ਹਸਿੱਧ ਅਭਿਨੇਤਰੀ ਪਦਮ ਸ਼੍ਰੀ ਪ੍ਹੋ. ਨਿਰਮਲ ਰਿਸ਼ੀ ਜੀ ਨੇ ਕੀਤਾ। ਸੌ ਚੋਂ ਵੱਧ ਨਵਜੰਮੀਆਂ ਬੱਚੀਆਂ ਨੂੰ ਸ਼ਗਨ, ਵਸਤਰ ਤੇ ਖਿਡੌਣੇ ਭੇਂਟ ਕੀਤੇ ਗਏ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ. ਮਲਕੀਤ ਸਿੰਘ ਦਾਖਾ, ਮੁਹੰਮਦ ਸਦੀਕ, ਗੁਰਦੇਵ ਸਿੰਘ ਲਾਪਰਾਂ, ਪਵਨ ਦੀਵਾਨ, ਕੁਲਵੰਤ ਸਿੰਘ ਸਿੱਧੂ ਵਿਧਾਇਕ, ਅਮਰਜੀਤ ਸਿੰਘ ਟਿੱਕਾ, ਕਮਲ ਚੈਟਲੀ, ਪ੍ਰਵੀਨ ਬਾਂਸਲ ਤੋਂ ਇਲਾਵਾ ਸੂਫ਼ੀ ਬਲਬੀਰ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਰਮਨਦੀਪ ਕੌਰ, ਸਿੰਮੀ ਕੌਰ ਹੈਪੀ ਲਾਪਰਾਂ, ਦਲੇਰ ਪੰਜਾਬੀ, ਤੇ ਕਈ ਹੋਰ ਨਵੇਂ ਪੁਰਾਣੇ ਕਲਾਕਾਰ ਸ਼ਾਮਲ ਹੋਏ।
ਲੇਖਕ ਦੋਸਤ ਵੀ ਪਹੁੰਚੇ। ਅਮਰਜੀਤ ਸ਼ੇਰਪੁਰੀ ਤਾਂ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਚੰਗੇ ਯਤਨ ਦੀ ਮੁਕਤ ਕੰਠ ਪ੍ਰਸ਼ੰਸਾ ਕਰਨੀ ਬਣਦੀ ਹੈ। ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਜਿੰਨ੍ਹਾਂ ਵਿੱਚ ਰਣਜੋਧ ਸਿੰਘ, ਡਾ. ਨਿਰਮਲ ਜੌੜਾ , ਤਰਲੋਚਨ ਸਿੰਘ ਸਫ਼ਰੀ, ਤੇ ਸਤਿਬੀਰ ਸਿੰਘ ਸਿੱਧੂ ਪੱਤਰਕਾਰ ਪੰਜਾਬੀ ਟ੍ਹਿਬਿਉਨ ਸਮੇਤ ਗਿਆਰਾਂ ਸੱਜਣ ਪਿਆਰੇ ਸ਼ਾਮਲ ਸਨ। ਸਫ਼ਲ ਮੇਲੇ ਦੀਆਂ ਮੁਬਾਰਕਾਂ।
ਇੱਥੇ ਬੈਠਿਆਂ ਮੈਨੂੰ ਆਪਣਾ ਗੀਤ ਚੇਤੇ ਆ ਰਿਹਾ ਸੀ ਜੋ ਮੇਰੀ ਕਿਤਾਬ ਪਿੱਪਲ ਪੱਤੀਆਂ ਵਿੱਚ ਸ਼ਾਮਲ ਹੈ। ਕਈ ਸਾਲ ਪਹਿਲਾਂ ਇਸ ਨੂੰ ਯਮਲਾ ਜੱਟ ਦੇ ਪੋਤਰਿਆਂ ਵਿਜੈ ਤੇ ਸੁਰੇਸ਼ ਨੇ ਰਲ ਕੇ ਲੋਹੜੀ ਮੌਕੇ ਰੀਕਾਰਡ ਕੀਤਾ ਸੀ। ਤੁਸੀਂ ਵੀ ਪੜ੍ਹਨਾ।
?
ਧੀਆਂ ਦੀਆਂ ਲੋਹੜੀਆਂ
ਗਾਈ ਜਾਉ ਭਾਵੇਂ ਤੁਸੀਂ ਵੀਰਾਂ ਦੀਆਂ ਘੋੜੀਆਂ ।
ਵੰਡਿਆ ਕਰੋ ਜੀ, ਪਰ, ਧੀਆਂ ਦੀਆਂ ਲੋਹੜੀਆਂ ।
ਗੁਰੂਆਂ ਦੇ ਆਖੇ ਸੁੱਚੇ ਬੋਲਾਂ ਨੂੰ ਹੈ ਪਾਲਣਾ ।
ਧੀਆਂ ਤੇ ਧਰੇਕਾਂ ਦੀਆਂ ਛਾਵਾਂ ਨੂੰ ਸੰਭਾਲਣਾ ।
ਇਨ੍ਹਾਂ ਨੇ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ ।
ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ ।
ਜਿਹੜੇ ਘਰ ਧੀਆਂ ਵਾਲੀ ਠੰਢੀ ਮਿੱਠੀ ਛਾਂ ਨਹੀਂ ।
ਓਸ ਘਰ ਰਹਿਮਤਾਂ ਲਈ ਹੁੰਦੀ ਕੋਈ ਥਾਂ ਨਹੀਂ ।
ਘਰ ਆਈਆਂ ਦੌਲਤਾਂ ਨਾ ਕਿਸੇ ਘਰੋਂ ਮੋੜੀਆਂ ।
ਵੰਡਿਆ ਕਰੋ ਜੀ ਤੁਸੀਂ ਧੀਆਂ ਦੀਆਂ ਲੋਹੜੀਆਂ ।
ਪੱਗ ਨਾਲ ਚੁੰਨੀ ਵਿਹੜਾ ਰਲ ਮਿਲ ਮਹਿਕਦਾ ।
ਧੀਆਂ ਬਿਨਾ ਘਰ ਵੀ ਸਲੀਕੇ ਦੇ ਲਈ ਸਹਿਕਦਾ ।
ਸਾਂਝ ਦੀਆਂ ਤੰਦਾਂ ਸਦਾ ਰੱਖੜੀ ਨੇ ਜੋੜੀਆਂ ।
ਵੰਡਿਆ ਕਰੋ ਜੀ, ਤੁਸੀਂ ਧੀਆਂ ਦੀਆਂ ਲੋਹੜੀਆਂ ।
ਪਿਆਰ ਪਾਣੀ ਪਾਉ ਇਸ ਜ਼ਿੰਦਗੀ ਦੀ ਵੇਲ ਨੂੰ ।
ਫੁੱਲ ਤਾਹੀਓਂ ਲੱਗਣੇ ਨੇ ਚਾਂਦਨੀ ਰਵੇਲ ਨੂੰ ।
ਸਦਾ ਪਛਤਾਏ ਜਿੰਨ੍ਹਾਂ ਟਾਹਣੀਆਂ ਨੇ ਤੋੜੀਆਂ ।
ਵੰਡਿਆ ਕਰੋ ਜੀ, ਤੁਸੀਂ, ਧੀਆਂ ਦੀਆਂ ਲੋਹੜੀਆਂ।
?
ਗੁਰਭਜਨ ਗਿੱਲ

-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ
gurbhajangill@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.