ਯੂਥ ਅਕਾਲੀ ਦਲ ਵੱਲੋਂ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਵਿਖੇ ਦੋ ਰੋਜ਼ਾ ‘ਮੇਰੀ ਦਸਤਾਰ ਮੇਰੀ ਸ਼ਾਨ’ ਕੈਂਪ ਸਫਲਤਾਪੂਰਵਕ ਸੰਪੰਨ
ਯੂਥ ਅਕਾਲੀ ਦਲ ਵੱਲੋਂ ਦਸਤਾਰਾਂ ਦੀ ਸੇਵਾ ਸ਼ਲਾਘਾਯੋਗ ਕਦਮ ਹੈ: ਜਸਮੇਰ ਸਿੰਘ ਲਾਛੜੂ
ਨੌਜਵਾਨ ਦਸਤਾਰ ਸਜਾ ਕੇ, ਸਿੱਖ ਰਹਿਣੀ-ਬਹਿਣੀ ਅਪਣਾ ਕੇ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ’ਤੇ ਚੱਲ ਕੇ ਸਮਾਜ ਲਈ ਇੱਕ ਆਦਰਸ਼ ਰੋਲ ਮਾਡਲ ਬਣਨ: ਪਲਵਿੰਦਰ ਸਿੰਘ ਤਲਵਾੜਾ
500 ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੇ ਮਾਣ ਨਾਲ ਦਸਤਾਰਾਂ ਸਜਾਈਆਂ: ਜਸਮੇਰ ਸਿੰਘ ਲਾਛੜੂ
ਘਨੌਰ, 14 ਜਨਵਰੀ 2026
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਲੋਹੜੀ ਅਤੇ ਮਾਘੀ ਨੂੰ ਸਮਰਪਿਤ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ, ਜੰਡ ਮੰਘੋਲੀ (ਘਨੌਰ) ਵਿਖੇ ਦੋ ਰੋਜ਼ਾ ਵਿਸ਼ੇਸ਼ ਦਸਤਾਰ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਬੀਤੇ ਦਿਨ ਇਸ ਕੈਂਪ ਦੀ ਸ਼ੁਰੂਆਤ ਐੱਸਜੀਪੀਸੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ ਨੇ ਕੀਤੀ ਸੀ। ਅੱਜ ਪਲਵਿੰਦਰ ਸਿੰਘ ਤਲਵਾੜਾ ਤੇ ਬੀਬੀ ਪਰਵਿੰਦਰ ਕੌਰ (ਸਰਬਜੀਤ ਸਿੰਘ ਝਿੰਜਰ ਦੀ ਪਤਨੀ) ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਦੋ ਰੋਜ਼ਾ ਕੈਂਪ ਵਿੱਚ 500 ਤੋਂ ਵੱਧ ਨੌਜਵਾਨਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਉਨ੍ਹਾਂ ਨੇ ਮਾਣ ਨਾਲ ਦਸਤਾਰਾਂ ਸਜਾਈਆਂ। ਦਸਤਾਰ ਬੰਨ੍ਹਣ ਵਾਲੇ ਮਾਹਿਰਾਂ ਨੇ ਨੌਜਵਾਨਾਂ ਨੂੰ ਸਿੱਖ ਪਰੰਪਰਾ ਅਨੁਸਾਰ ਦਸਤਾਰ ਬੰਨ੍ਹਣ ਦਾ ਤਰੀਕਾ ਸਿਖਾਇਆ ਅਤੇ ਉਨ੍ਹਾਂ ਨੂੰ ਇਸ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਸੰਬੋਧਨ ਕਰਦਿਆਂ ਐੱਸਜੀਪੀਸੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਕਿਹਾ ਕਿ “ਮੇਰੀ ਦਸਤਾਰ ਮੇਰੀ ਸ਼ਾਨ” ਸਿਰਫ਼ ਇੱਕ ਮੁਹਿੰਮ ਨਹੀਂ, ਸਗੋਂ ਨੌਜਵਾਨਾਂ ਦੇ ਮਨਾਂ ਵਿੱਚ ਸਿੱਖੀ ਦੀ ਸੱਚੀ ਰੂਹ ਨੂੰ ਜਗਾਉਣ ਦੀ ਇੱਕ ਵੱਡੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਵਿਜ਼ਨ ਅਨੁਸਾਰ ਯੂਥ ਅਕਾਲੀ ਦਲ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ, ਸਿੱਖ ਇਤਿਹਾਸ, ਸੱਭਿਆਚਾਰ ਅਤੇ ਉੱਚ ਕਦਰਾਂ-ਕੀਮਤਾਂ ਨਾਲ ਮਜ਼ਬੂਤੀ ਨਾਲ ਜੋੜਨਾ ਹੈ।
ਲਾਛੜੂ ਨੇ ਅੱਗੇ ਕਿਹਾ ਕਿ “ਪੱਗ ਸਾਡੀ ਪਛਾਣ, ਸਾਡਾ ਮਾਣ ਅਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਅਨਮੋਲ ਵਰਦਾਨ ਹੈ। ਦਸਤਾਰ ਸਿਰਫ਼ ਕਪੜਾ ਨਹੀਂ, ਸਗੋਂ ਸਿੱਖ ਦੀ ਇੱਜ਼ਤ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ। ਇਸ ਦੀ ਰੱਖਿਆ ਕਰਨਾ ਹਰ ਸਿੱਖ ਦਾ ਫਰਜ਼ ਹੈ।”
ਇਸ ਮੌਕੇ ਪਲਵਿੰਦਰ ਸਿੰਘ ਤਲਵਾੜਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਰ ਸਜਾ ਕੇ, ਸਿੱਖ ਰਹਿਣੀ-ਬਹਿਣੀ ਅਪਣਾ ਕੇ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ’ਤੇ ਚੱਲ ਕੇ ਸਮਾਜ ਲਈ ਇੱਕ ਆਦਰਸ਼ ਰੋਲ ਮਾਡਲ ਬਣਨ। ਉਨ੍ਹਾਂ ਇਹ ਵੀ ਕਿਹਾ ਕਿ ਯੂਥ ਅਕਾਲੀ ਦਲ ਵੱਲੋਂ ਭਵਿੱਖ ਵਿੱਚ ਵੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਹੋਰ ਦਸਤਾਰ ਕੈਂਪ ਅਤੇ ਧਾਰਮਿਕ-ਸੱਭਿਆਚਾਰਕ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ।
ਕੈਂਪ ਦੌਰਾਨ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗਈ ਅਤੇ ਯੂਥ ਅਕਾਲੀ ਦਲ ਦੀ ਇਸ ਪਹਿਲ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਲਾਛੜੂ ਨੇ ਅੱਗੇ ਕਿਹਾ, “ਮੈਨੂੰ ਇਹ ਕਹਿੰਦੇ ਹੋਏ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਸਿਆਸੀ ਪਾਰਟੀ ਹੈ ਜੋ ਸਿੱਖੀ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸਾਡੇ ਵਰਕਰ ਵੀ ਸਿੱਖ ਪੰਥ ਨੂੰ ਸਮਰਪਿਤ ਹਨ। ਇਹੀ ਕਾਰਨ ਹੈ ਕਿ ਸਾਡੇ ਯੂਥ ਵਿੰਗ ਨੇ ‘ਮੇਰੀ ਦਸਤਾਰ ਮੇਰੀ ਸ਼ਾਨ’ ਦੇ ਕਈ ਕੈਂਪਾਂ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਹੈ।”
ਅੰਤ ਵਿੱਚ ਲਾਛੜੂ ਨੇ ਸਮੁੱਚੀ ਯੂਥ ਅਕਾਲੀ ਦਲ ਟੀਮ ਅਤੇ ਸਾਰੇ ਸੇਵਾਦਾਰਾਂ ਦਾ ਦੋ ਰੋਜ਼ਾ ਕੈਂਪ ਨੂੰ ਸਫਲ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕੈਂਪ ਇੱਕ ਪੂਰੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।