ਮੋਹਾਲੀ ਵਿੱਚ ਸੀਨੀਅਰ ਵਕੀਲ ਦੀ ਪਤਨੀ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ
ਪੁਲਿਸ ਨੇ ਤੀਸਰੇ ਦੋਸ਼ੀ ਨਿਤਿਨ ਨੂੰ ਵੀ ਕੀਤਾ ਗ੍ਰਿਫਤਾਰ
ਘਰੇਲੂ ਨੌਕਰ ਨਿਕਲਿਆ ਮੁੱਖ ਦੋਸ਼ੀ, ਰਿਸ਼ਤੇਦਾਰਾਂ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜਨਵਰੀ:
ਮੋਹਾਲੀ ਪੁਲਿਸ ਨੇ ਬੀਤੀ 29/30-12-2025 ਦੀ ਦਰਮਿਆਨੀ ਰਾਤ ਨੂੰ ਕ੍ਰਿਸ਼ਨ ਕੁਮਾਰ ਗੋਇਲ ਸੀਨੀਅਰ ਐਡਵੋਕੇਟ ਪਤਨੀ ਅਸ਼ੋਕ ਕੁਮਾਰੀ ਗੋਇਲ ਦੇ ਕਤਲ ਅਤੇ ਲੁੱਟ ਦੇ ਮਾਮਲੇ ਵਿੱਚ ਤੀਸਰੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਸੀਨੀਅਰ ਪੁਲਿਸ ਕਪਤਾਨ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਦੇ ਹੋਏ 48 ਘੰਟਿਆ ਦੇ ਅੰਦਰ-ਅੰਦਰ ਮੁੱਖ ਦੋਸ਼ੀ ਨੀਰਜ ਸਿੰਘ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉੱਤਰ ਪ੍ਰਦੇਸ਼ ਨੂੰ ਪਹਿਲੀ ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਦੂਸਰੇ ਦੋਸ਼ੀ ਰਾਹੁਲ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉਤਰ ਪ੍ਰਦੇਸ, ਜੋ ਕਿ ਮੁੱਖ ਦੋਸ਼ੀ ਦਾ ਸਕਾ ਭਰਾ ਹੈ, ਨੂੰ 7 ਜਨਵਰੀ ਨੂੰ ਯੂ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਹੁਣ ਤੀਸਰੇ ਦੋਸ਼ੀ ਨਿਤਿਨ ਸਿੰਘ ਪੁੱਤਰ ਲਛਮੀ ਸਿੰਘ ਵਾਸੀ ਜ਼ਿਲ੍ਹਾ ਸ਼ਹਿਰ ਫਤੇਹਪੁਰ ਹੁਣ ਵਾਸੀ ਪਿੰਡ ਮਜਰੇ ਸਾਤੋ ਧਰਮਪੁਰ ਟਿਕਰ ਉੱਤਰ ਪ੍ਰਦੇਸ, ਜੋ ਕਿ ਇਨ੍ਹਾਂ ਦੋਵਾਂ ਗ੍ਰਿਫਤਾਰ ਦੋਸ਼ੀਆਂ ਦੀ ਮਾਸੀ ਦਾ ਲੜਕਾ ਹੈ, ਨੂੰ 14 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਗੋਇਲ ਦੇ ਜਵਾਈ ਯਤੀਰਾਜ ਸਿੰਘ ਦੇ ਬਿਆਨ ਦੇ ਆਧਾਰ ਤੇ ਮੁਕੱਦਮਾ ਨੰ. 310 ਮਿਤੀ 30-12-2025 ਅ/ਧ 331(8),103,311,3(5) BNS ਥਾਣਾ ਫੇਸ-1 ਮੋਹਾਲੀ ਬਰ ਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆਂ ਦਰਜ ਰਜਿਸਟਰ ਕਰਕੇ ਤਫਤੀਸ਼ ਸੁਰੂ ਕੀਤੀ ਗਈ ਸੀ, ਜਿਸ ਉਪਰੰਤ ਇਹ ਦੋਸ਼ੀ ਨਾਮਜ਼ਦ ਕਰਕੇ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਮੁੱਖ ਦੋਸ਼ੀ ਨੀਰਜ ਸਿੰਘ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉੱਤਰ ਪ੍ਰਦੇਸ਼ ਮੁਦੱਈ ਮੁਕੱਦਮਾ ਦੇ ਘਰ ਨੌਕਰੀ ਕਰਦਾ ਸੀ, ਜਿਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਚੋਰੀ ਸ਼ੁਦਾ ਸਮਾਨ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬ੍ਰਾਮਦ ਕਰਵਾਏ ਗਏ ਹਨ। ਮੁਕੱਦਮਾ ਦੀ ਤਫਤੀਸ਼ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਹੋਰ ਵੀ ਤੱਥ ਸਾਹਮਣੇ ਆਉਣ ਦੀ ਆਸ ਹੈ। ਦੋਸ਼ੀ ਪੁਲਿਸ ਰਿਮਾਂਡ ਤੇ ਲਏ ਜਾਣ ਉਪਰੰਤ ਪੁਲਿਸ ਹਿਰਾਸਤ ਵਿੱਚ ਹਨ।