ਸੜਕ ਹਾਦਸਿਆਂ 'ਤੇ ਲੱਗੇਗੀ ਲਗਾਮ: 2026 ਤੋਂ ਨਵੇਂ ਵਾਹਨਾਂ ਵਿੱਚ V2V ਤਕਨਾਲੋਜੀ ਹੋਵੇਗੀ ਲਾਜ਼ਮੀ
ਜਾਣੋ ਕਿਵੇਂ ਕੰਮ ਕਰੇਗੀ ਇਹ ਤਕਨੀਕ
ਨਵੀਂ ਦਿੱਲੀ, 15 ਜਨਵਰੀ 2026: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਇੱਕ ਕ੍ਰਾਂਤੀਕਾਰੀ ਐਲਾਨ ਕੀਤਾ ਹੈ। ਭਾਰਤ ਸਰਕਾਰ 2026 ਦੇ ਅੰਤ ਤੱਕ ਸਾਰੇ ਨਵੇਂ ਵਾਹਨਾਂ ਵਿੱਚ ਵਾਹਨ-ਤੋਂ-ਵਾਹਨ (Vehicle-to-Vehicle - V2V) ਸੰਚਾਰ ਤਕਨਾਲੋਜੀ ਨੂੰ ਲਾਜ਼ਮੀ ਕਰਨ ਜਾ ਰਹੀ ਹੈ। ਇਸ ਕਦਮ ਨਾਲ 2030 ਤੱਕ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ 50% ਤੱਕ ਘਟਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਹ ਤਕਨੀਕ ਵਾਹਨਾਂ ਨੂੰ ਆਪਸ ਵਿੱਚ "ਗੱਲਬਾਤ" ਕਰਨ ਦੀ ਇਜਾਜ਼ਤ ਦਿੰਦੀ ਹੈ, ਬਿਲਕੁਲ ਉਵੇਂ ਹੀ ਜਿਵੇਂ ਹਵਾਈ ਜਹਾਜ਼ਾਂ ਦੇ ਪਾਇਲਟ ਹਵਾ ਵਿੱਚ ਕਰਦੇ ਹਨ। ਹਰ ਵਾਹਨ ਵਿੱਚ ਇੱਕ OBU ਲਗਾਇਆ ਜਾਵੇਗਾ।
ਇਹ ਯੂਨਿਟ ਵਾਇਰਲੈੱਸ ਤਰੀਕੇ ਨਾਲ ਵਾਹਨ ਦੀ ਸਥਿਤੀ, ਗਤੀ, ਦਿਸ਼ਾ ਅਤੇ ਬ੍ਰੇਕਿੰਗ ਬਾਰੇ ਜਾਣਕਾਰੀ ਨੇੜਲੇ ਵਾਹਨਾਂ ਨੂੰ ਭੇਜੇਗਾ। ਡਰਾਈਵਰ ਨੂੰ ਕਿਸੇ ਵੀ ਸੰਭਾਵੀ ਟੱਕਰ ਜਾਂ ਖ਼ਤਰੇ ਬਾਰੇ ਪਹਿਲਾਂ ਹੀ ਅਲਰਟ ਮਿਲ ਜਾਵੇਗਾ।
ਧੁੰਦ ਅਤੇ ਅੰਨ੍ਹੇ ਮੋੜਾਂ 'ਤੇ ਹੋਵੇਗੀ ਸਭ ਤੋਂ ਵੱਧ ਮਦਦ
V2V ਤਕਨਾਲੋਜੀ ਮੌਜੂਦਾ ADAS (ਕੈਮਰਾ ਆਧਾਰਿਤ ਸਿਸਟਮ) ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ, ਜਿੱਥੇ ਕੈਮਰੇ ਫੇਲ੍ਹ ਹੋ ਜਾਂਦੇ ਹਨ, ਉੱਥੇ ਵਾਇਰਲੈੱਸ ਸਿਗਨਲ ਦੱਸ ਦੇਵੇਗਾ ਕਿ ਅਗਲੀ ਗੱਡੀ ਨੇ ਬ੍ਰੇਕ ਲਗਾ ਦਿੱਤੀ ਹੈ।
ਮੋੜ 'ਤੇ ਦੂਜੀ ਪਾਸਿਓਂ ਆ ਰਹੀ ਗੱਡੀ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇਗਾ। ਜੇਕਰ ਤੁਹਾਡੇ ਅੱਗੇ ਕੋਈ ਵੱਡਾ ਵਾਹਨ ਹੈ, ਤਾਂ ਵੀ ਉਸ ਤੋਂ ਅਗਲੀ ਸਥਿਤੀ ਦਾ ਸਿਗਨਲ ਤੁਹਾਡੀ ਕਾਰ ਤੱਕ ਪਹੁੰਚ ਜਾਵੇਗਾ।
ਇਸ ਤਕਨੀਕ ਕਾਰਨ ਨਵੇਂ ਵਾਹਨਾਂ ਦੀ ਕੀਮਤ 5,000 ਤੋਂ 7,000 ਰੁਪਏ ਤੱਕ ਵਧ ਸਕਦੀ ਹੈ। ਸਰਕਾਰ ਇਸ ਪ੍ਰੋਗਰਾਮ 'ਤੇ ਲਗਭਗ ₹5,000 ਕਰੋੜ ਖਰਚ ਕਰੇਗੀ। ਦੂਰਸੰਚਾਰ ਵਿਭਾਗ (DoT) 5.875-5.905GHz ਬੈਂਡ ਵਿੱਚ 30MHz ਸਪੈਕਟ੍ਰਮ ਅਲਾਟ ਕਰਨ ਲਈ ਤਿਆਰ ਹੈ।