ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ
ਅਸ਼ੋਕ ਵਰਮਾ
ਮਾਨਸਾ, 16 ਜਨਵਰੀ 2026 : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਦੇ ਸਾਰੇ ਜਿਲ੍ਹਿਆਂ ਵਿੱਚ ਰੋਸ ਧਰਨਿਆਂ ਦੀ ਕੜੀ ਵਜੋਂ ਮਾਨਸਾ ਜ਼ਿਲ੍ਹਾ ਹੈਡ ਕੁਆਰਟਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ,ਮਜ਼ਦੂਰ, ਮੁਲਾਜ਼ਮ ਅਤੇ ਮਨਰੇਗਾ ਮਜ਼ਦੂਰ ਸਮੇਤ ਪੱਤਰਕਾਰ ਜਥੇਬੰਦੀਆਂ ਵੀ ਸ਼ਾਮਿਲ ਸਨ । ਧਰਨੇ ਵਿੱਚ ਬੁਲਾਰੇ ਬਿਜਲੀ ਸੋਧ ਬਿੱਲ 2025, ਚਾਰ ਲੇਬਰ ਕੋਡ, ਬੀਜ ਬਿੱਲ 2025, ਮਨਰੇਗਾ ਵਿੱਚ ਕੀਤੀਆਂ ਸੋਧਾਂ ਵਾਪਸ ਲੈਣ ਅਤੇ ਹੜਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ ਮਜ਼ਦੂਰ ਪੂਰੇ ਮੁਆਵਜ਼ੇ ਮੰਗ ਕਰ ਰਹੇ ਸਨ ।ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਖਤਮ ਕੀਤਾ ਜਾਵੇ ਅਤੇ c2+ 50% ਦੇ ਫਾਰਮੂਲੇ ਤਹਿਤ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਕਿਸਾਨਾਂ ਦੀਆਂ ਜਿਨਸਾਂ ਦੇ ਭਾਅ ਤੈਅ ਕੀਤੇ ਜਾਣ, ਲਖੀਮਪੁਰ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਕਿਸਾਨਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ।ਅੱਜ ਦੇ ਧਰਨੇ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ, ਭਾਕਿਯੂ ਏਕਤਾ ਡਕੌਂਦਾ ਦੇ ਲਖਵੀਰ ਸਿੰਘ ਅਕਲੀਆ, ਭਾਕਿਯੂ ਉਗਰਾਹਾਂ ਦੇ ਰਾਮ ਸਿੰਘ ਭੈਣੀ ਬਾਘਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਕਰਨੈਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਭਾਕਿਯੂ ਮਾਲਵਾ ਦੇ ਤਰਸੇਮ ਸਿੰਘ ਹੀਰਕੇ, ਸੀਟੀਯੂ ਦੇ ਲਾਲ ਚੰਦ, ਭਾਕਿਯੂ ਕਾਦੀਆਂ ਦੇ ਕੁਲਦੀਪ ਸਿੰਘ ਚੱਕ ਭਾਈਕੇ, ਦਿਹਾਤੀ ਮਜ਼ਦੂਰ ਸਭਾ ਦੇ ਆਤਮਾ ਰਾਮ, ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਸਿੰਘ ਘਰਾਂਗਣਾ, ਭਾਕਿਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਆਲ ਇੰਡੀਆ ਸੈਂਟਰਲ ਕੌਂਸਲ ਟਰੇਡ ਯੂਨੀਅਨ ਦੇ ਰਾਜਵਿੰਦਰ ਸਿੰਘ ਰਾਣਾ, ਡੈਮੋਕਰੇਟਿਕ ਮਨਰੇਗਾ ਫਰੰਟ ਦੇ ਗੁਰਮੇਲ ਸਿੰਘ ਅੱਕਾਂਵਾਲੀ, ਜੰਗਲਾਤ ਮਜ਼ਦੂਰ ਯੂਨੀਅਨ ਦੇ ਅਜੈਬ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੇ ਅਰਵਿੰਦਰ ਕੌਰ, ਏਟਕ ਦੇ ਕੁਲਵਿੰਦਰ ਸਿੰਘ ਉਡਤ, ਆਰਟੀਆਈ ਕਾਰਕੁੰਨ ਮਾਣਕ ਗੋਇਲ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਚੌਹਾਨ ਸਮੇਤ ਵੱਡੀ ਗਿਣਤੀ ਆਗੂ ਹਾਜ਼ਰ ਸਨ।