ਜਣੇਪੇ ਮਗਰੋਂ ਮਾਂ ਤੇ ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਸਬੰਧੀ ਜੱਚਾ-ਬੱਚਾ ਹਸਪਤਾਲ ਵਿਖੇ ਜਾਗਰੂਕਤਾ ਸੈਸ਼ਨ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 16 ਜਨਵਰੀ 2026 :ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤਮਨਿੰਦਰ ਦੀ ਅਗਵਾਈ ਹੇਠ ਸਰਦੀ ਦੇ ਮੌਸਮ ਵਿਚ ਜਣੇਪੇ ਮਗਰੋਂ ਮਾਂ ਅਤੇ ਨਵਜੰਮੇ ਬੱਚੇ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਦੇ ਮਾਹਿਰ ਡਾਕਟਰ ਅੰਕੁਸ਼, ਬਲਾਕ ਐਜੂਕੇਟਰ ਪਵਨਜੀਤ ਕੌਰ, ਕਾਊਂਸਲਰ ਚਰਨਪਾਲ ਕੌਰ ਅਤੇ ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ ਵੱਲੋਂ ਗਰਭਵਤੀ ਔਰਤਾਂ, ਮਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਸੰਬੰਧੀ ਜਾਣਕਾਰੀ ਸਮੇਤ ਵਿਸ਼ੇਸ਼ ਤੌਰ ‘ਤੇ ਠੰਢ ਦੇ ਮੌਸਮ ਵਿੱਚ ਧਿਆਨ ਦੇਣ ਯੋਗ ਨੁਕਤੇ ਸਾਂਝੇ ਕੀਤੇ ਗਏ। ਸੈਸ਼ਨ ਦੌਰਾਨ ਮਾਂ ਦੀ ਸਿਹਤ ਸੰਭਾਲ, ਸਾਫ਼-ਸੁਥਰੇਪਣ, ਪੌਸ਼ਟਿਕ ਆਹਾਰ, ਆਰਾਮ ਦੀ ਲੋੜ, ਜਣੇਪੇ ਮਗਰੋਂ ਹੋਣ ਵਾਲੀਆਂ ਆਮ ਸਮੱਸਿਆਵਾਂ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਦੀ ਮਹੱਤਤਾ, ਸਹੀ ਢੰਗ, ਸਮੇਂ-ਸਿਰ ਟੀਕਾਕਰਨ, ਬੱਚੇ ਦੀ ਸਫ਼ਾਈ, ਗਰਮੀ-ਠੰਢ ਤੋਂ ਬਚਾਅ ਅਤੇ ਖਤਰੇ ਦੇ ਸੰਕੇਤਾਂ ਬਾਰੇ ਵੀ ਸਮਝਾਇਆ ਗਿਆ।
ਇਸ ਮੌਕੇ ਡਾ. ਅੰਕੁਸ਼ ਨੇ ਛੋਟੇ ਬੱਚਿਆਂ ਵਿਚ ਸਰਦੀ ਦੌਰਾਨ ਨਮੂਨੀਆ ਤੋਂ ਬਚਾਅ ਕਰਨ ਸਬੰਧੀ ਵਿਸ਼ੇਸ਼ ਤੌਰ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਨਮੂਨੀਆ ਦੀ ਜਲਦੀ ਪਛਾਣ ਕਰਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਸਿੱਧ ਹੋ ਸਕਦਾ ਹੈ। ਪੰਜ ਸਾਲ ਤੱਕ ਦੇ ਬੱਚਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਨਮੂਨੀਆ ਮੁੱਖ ਕਾਰਨ ਹੈ ਜੋ ਕਿ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਮੂਨੀਆਂ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ ਅਤੇ ਇਸ ਦੇ ਲੱਛਣਾਂ ਦੀ ਜਲਦੀ ਪਛਾਣ ਕਰਕੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਮੂਨੀਆ ਤੋਂ ਬਚਣ ਲਈ ਸਾਨੂੰ ਆਪਣੇ ਹੱਥਾਂ ਨੂੰ ਵਾਰ ਵਾਰ ਥੋਣਾ ਚਾਹੀਦਾ ਹੈ ਤਾਂ ਜੋ ਬੈਕਟੀਰੀਆ ਨੂੰ ਰੋਕਣ ਵਿਚ ਮਦਦ ਮਿਲ ਸਕੇ। ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਜਰੂਰ ਪਿਲਾਉਣਾ ਚਾਹੀਦਾ ਹੈ ਅਤੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ, ਸਰਦੀਆਂ ਵਿਚ ਬੱਚਿਆਂ ਨੂੰ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਅਤੇ ਬੱਚਿਆਂ ਨੂੰ ਜ਼ਮੀਨ 'ਤੇ ਨੰਗੇ ਪੈਰ ਨਾ ਤੁਰਨ ਦਿਉ । ਉਨ੍ਹਾਂ ਕਿਹਾ ਕਿ ਬੱਚਿਆਂ ਦਾ ਸਮੇਂ ਸਿਰ ਅਤੇ ਸੰਪੂਰਣ ਟੀਕਾਕਰਨ ਜਰੂਰ ਕਰਵਾਇਆ ਜਾਵੇ । ਬੱਚਿਆਂ ਦੇ ਨੇੜੇ ਧੂੰਆਂ ਨਾ ਹੋਣ ਦਿਉ । ਇਨ੍ਹਾਂ ਸਾਵਧਾਨੀਆਂ ਨਾਲ ਅਸੀਂ ਨਮੂਨੀਆਂ ਦੀ ਬੀਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਜਣੇਪੇ ਮਗਰੋਂ ਨਿਯਮਿਤ ਚੈਕਅੱਪ ਕਰਵਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ ‘ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।ਇਸ ਮੌਕੇ ਨਰਸਿੰਗ ਸਟਾਫ਼ ਸਵਰਨ ਕੌਰ, ਏ.ਐਨ.ਐਮ ਦਿਵਿਆ ਸਮੇਤ ਨਰਸਿੰਗ ਸਟੂਡੈਂਟ ਹਾਜ਼ਰ ਸਨ।