ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਾ ਸੈਂਟਰਲ ਲਾਇਬ੍ਰੇਰੀ, ਪਟਿਆਲਾ ਵਿਖੇ ਬੁੱਤ ਸਥਾਪਿਤ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਇਕੋ ਸਮੇਂ ਸਾਹਿਤਕਾਰ, ਸਿਆਸਤਦਾਨ, ਦੇਸ਼ ਭਗਤ ਅਤੇ ਧਾਰਮਿਕ ਸਖਸ਼ੀਅਤ ਸਨ : ਸ. ਜਸਵੰਤ ਸਿੰਘ ਜ਼ਫ਼ਰ
ਪੰਜਾਬ ਦੇ ਮੁੱਖ ਮੰਤਰੀਆਂ ਦੀ ਯਾਦਗਾਰ ਸਥਾਪਿਤ ਹੋਣੀ ਚਾਹੀਦੀ ਹੈ : ਸ. ਤਰਲੋਚਨ ਸਿੰਘ, ਸਾਬਕਾ ਐਮ.ਪੀ.
ਪਟਿਆਲਾ, 15-ਜਨਵਰੀ : ਨਵੇਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਦਾ ਅੱਜ ਇਥੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ 127ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਯਤਨਾਂ ਸਦਕਾ ਬੁੱਤ ਸਥਾਪਿਤ ਕੀਤਾ ਗਿਆ। ਸ. ਮੁਸਾਫ਼ਿਰ ਦੀ ਸਪੁੱਤਰੀ ਸ਼੍ਰੀਮਤੀ ਜੋਗਿੰਦਰ ਕੌਰ ਸੰਤ ਅਤੇ ਉੱਘੇ ਨਾਟਕਕਾਰ ਡਾ. ਆਤਮਜੀਤ ਸਿੰਘ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ. ਤਰਲੋਚਨ ਸਿੰਘ (ਪਦਮ ਭੂਸ਼ਣ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਦੋਹਾਂ ਸਖਸ਼ੀਅਤਾਂ ਨੇ ਸ. ਮੁਸਾਫ਼ਿਰ ਦੇ ਬੁੱਤ ਤੋਂ ਪਰਦਾ ਉਠਾਇਆ। ਸੈਂਟਰਲ ਲਾਇਬ੍ਰੇਰੀ ਦੀ ਮੁੱਖੀ ਸ਼੍ਰੀਮਤੀ ਚਰਨਜੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲਾਇਬ੍ਰੇਰੀ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ।
ਇਸ ਮੌਕੇ ਬੋਲਦਿਆਂ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਇਕੋ ਸਮੇਂ ਸਾਹਿਤਕਾਰ, ਸਿਆਸਤਦਾਨ ਤੇ ਧਾਰਮਿਕ ਸਖਸ਼ੀਅਤ ਸਨ। ਉਨ੍ਹਾਂ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸਾਹਿਤ ਦੇ ਖੇਤਰ ਵਿਚ ਉਹ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਾਹਿਤਕਾਰ ਸਨ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿਚ ਅਜਿਹੀਆਂ ਸਖਸ਼ੀਅਤਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਅਸੀਂ ਪਹਿਰਾਵੇ, ਭਾਸ਼ਾ ਤੇ ਹੋਰਨਾਂ ਬੇਲੋੜੇ ਪੱਖਾਂ ਨੂੰ ਲੈ ਕੇ ਸਮਾਜ ਵਿਚ ਵੰਡੀਆਂ ਪਾ ਰਹੇ ਹਾਂ, ਜਦੋਂ ਕਿ ਲੋੜ ਹੈ ਮੁਸਾਫ਼ਿਰ ਸਾਹਿਬ ਵਰਗੀਆਂ ਸਖਸ਼ੀਅਤਾਂ ਤੋਂ ਪ੍ਰੇਰਨਾ ਲੈ ਕੇ ਭਾਈਚਾਰਕ ਸਾਂਝ ਮਜਬੂਤ ਕਰੀਏ। ਸ. ਜ਼ਫ਼ਰ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪਹਿਲਾਂ ਵੀ ਮੁਸਾਫ਼ਿਰ ਸਾਹਿਬ ਦੀਆਂ ਰਚਨਾਵਾਂ ਨੂੰ ਵੱਖ-ਵੱਖ ਰੂਪਾਂ; ਵਿਚ ਸੰਭਾਲਿਆਂ ਗਿਆ ਹੈ ਅਤੇ ਜਲਦੀ ਹੀ ਵਿਭਾਗੀ ਰਸਾਲੇ ਦਾ ਵਿਸ਼ੇਸ਼ ਅੰਕ ਉਨ੍ਹਾਂ ਦੇ ਜੀਵਨ, ਯਾਦਾਂ ਤੇ ਸਾਹਿਤ ਉਤੇ ਆਧਾਰਿਤ ਤਿਆਰ ਕੀਤਾ ਜਾਵੇਗਾ। ਇਸ ਮੌਕੇ ਸ. ਤਰਲੇਚਨ ਸਿੰਘ ਨੇ ਮੁਸਾਫ਼ਿਰ ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਸਿਰਫ਼ ਦਸਵੀਂ ਪਾਸ ਮੁਸਾਫ਼ਿਰ ਸਾਹਿਬ ਵਿਸ਼ਵ ਪੱਧਰ ਦੀ ਸਖਸ਼ੀਅਤ ਸਨ। ਉਨ੍ਹਾਂ ਨੇ ਛੇ ਵਾਰ ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਦੇਸ਼ ਦੀ ਪ੍ਰਤੀਨਿੱਧਤਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਜਿਹੇ ਮਹਾਨ ਆਗੂਆਂ ਤੋਂ ਪ੍ਰੇਰਨਾ ਲੈਣ ਲਈ ਇਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ। ਪੰਜਾਬ ਦੇ ਸਾਰੇ ਮੁੱਖ ਮੰਤਰੀਆਂ ਦੀ ਯਾਦਗਾਰ ਅਜਾਇਬ ਘਰ ਦੇ ਰੂਪ ਵਿਚ ਸਥਾਪਿਤ ਕੀਤੀ ਜਾਵੇ। ਸ. ਮੁਸਾਫ਼ਿਰ ਦੀ ਸਪੁੱਤਰੀ ਸ਼੍ਰੀਮਤੀ ਜੋਗਿੰਦਰ ਕੌਰ ਸੰਤ ਨੇ ਉਨ੍ਹਾਂ ਦੀਆਂ ਦੇਸ਼ਭਗਤੀ ਨਾਲ ਸਬੰਧਤ ਯਾਦਾਂ ਤਾਜੀਆਂ ਕੀਤੀਆਂ। ਬੁੱਤ ਸਾਜ਼ ਸ. ਜਸਪਾਲ ਸਿੰਘ ਦੁੱਗਲ ਨੇ ਸ. ਮੁਸਾਫ਼ਿਰ ਦਾ ਬੁੱਤ ਤਿਆਰ ਕਰਨ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ। ਡਾ. ਆਤਮਜੀਤ ਸਿੰਘ ਨੇ ਮੁਸਾਫ਼ਿਰ ਸਾਹਿਬ ਦੀਆਂ ਚੌਣਵੀਆਂ ਕਹਾਣੀਆਂ ਅਤੇ ਕਵਿਤਾਵਾਂ ਦੇ ਅੰਸ਼ ਪੇਸ਼ ਕਰਕੇ ਉਨ੍ਹਾਂ ਦੇ ਸਾਹਿਤਕ ਸਫ਼ਰ ਤੇ ਬਰੀਕੀ ਨਾਲ ਚਾਨਣਾ ਪਾਇਆ। ਮੰਚ ਸੰਚਾਲਨ ਦਾ ਕਾਰਜ ਡਾ. ਸਤੀਸ਼ ਵਰਮਾ ਨੇ ਬਾਖੂਬੀ ਨਿਭਾਇਆ। ਮੁਸਾਫ਼ਿਰ ਸਾਹਿਬ ਦੇ ਪਰਿਵਾਰਿਕ ਮੈਂਬਰਾਂ ਇੰਦਰਦੇਵ ਸਿੰਘ, ਕਾਜਲ, ਗੁਰਮੀਤ ਸਿੰਘ, ਹਰਵਿੰਦਰ ਸਿੰਘ, ਅਨੀਤਾ, ਸੰਗੀਤਾ, ਸੁਰਿੰਦਰਜੀਤ ਸਿੰਘ ਅਤੇ ਹੋਰਨਾਂ ਨੇ ਆਏ ਮਹਿਮਾਨਾਂ ਨੂੰ ਗੁਲਦਸਤੇ ਅਤੇ ਪੁਸਤਕਾਂ ਭੇਟ ਕਰਕੇ ਸਤਿਕਾਰ ਦਿੱਤਾ। ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਸ੍ਰ ਉਜਾਗਰ ਸਿੰਘ, ਇੰਦਰਪਾਲ ਸਿੰਘ ਚੱਢਾ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਸੁਖਦਰਸ਼ਨ ਸਿੰਘ ਚਹਿਲ, ਹਰਪ੍ਰੀਤ ਸਿੰਘ ਕਾਹੁਟਾਪੁਰੀਆ, ਅੰਮ੍ਰਿਤਪਾਲ ਸਿੰਘ ਸ਼ੈਦਾ ਅਤੇ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਮੌਜੂਦ ਸਨ।
-------------------------------------------------------------------------------------------